Nabaz-e-punjab.com

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਦੀ ਖ਼ੁਸ਼ੀ ਵਿੱਚ ਵੱਖ-ਵੱਖ ਥਾਵਾਂ ’ਤੇ ਨਗਰ ਕੀਰਤਨ ਸਜਾਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਫਰਵਰੀ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਭਲਕੇ 9 ਫਰਵਰੀ ਨੂੰ ਵੱਖ-ਵੱਖ ਥਾਵਾਂ ’ਤੇ ਸ੍ਰੀ ਗੁਰੂ ਰਵਿਦਾਸ ਜੀ ਦਾ 643ਵਾਂ ਪ੍ਰਕਾਸ਼ ਉਤਸਵ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਸਾਰਾ ਦਿਨ ਗੁਰਬਾਣੀ ਕੀਰਤਨ ਚੱਲੇਗਾ ਅਤੇ ਲੰਗਰ ਲਗਾਏ ਜਾਣਗੇ। ਗਰਾਮ ਪੰਚਾਇਤ ਪਿੰਡ ਕੰਬਾਲਾ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਸਰਪੰਚ ਅਮਰੀਕ ਸਿੰਘ ਦੀ ਦੇਖਰੇਖ ਵਿੱਚ ਐਤਵਾਰ ਨੂੰ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਅੱਜ ਪਿੰਡ ਕੰਬਾਲਾ ਤੋਂ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਫੇਜ਼-8 ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।
ਇਸੇ ਤਰ੍ਹਾਂ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਮੁਹਾਲੀ ਵੱਲੋਂ ਸਭਾ ਦੇ ਪ੍ਰਧਾਨ ਆਰ.ਏ. ਸੁਮਨ ਦੀ ਪ੍ਰਧਾਨਗੀ ਹੇਠ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸਭਾ ਦੇ ਜਨਰਲ ਸਕੱਤਰ ਬੀਡੀ ਸਵੈਨ ਅਤੇ ਪ੍ਰੈੱਸ ਸਕੱਤਰ ਧਰਮਪਾਲ ਹੁਸ਼ਿਆਰਪੁਰੀ ਨੇ ਦੱਸਿਆ ਕਿ ਗੁਰੂ ਰਵਿਦਾਸ ਭਵਨ ਫੇਜ਼-7 ਵਿੱਚ ਅਰਦਾਸ ਉਪਰੰਤ ਪੰਜਾਬ ਸੇਵਾ ਸਰਵਿਸ ਕਮਿਸ਼ਨ ਦੇ ਸਾਬਕਾ ਚੇਅਰਮੈਨ ਬਖ਼ਸ਼ੀ ਰਾਮ ਕੇਸਰੀ ਝੰਡੀ ਦਿਖਾ ਕੇ ਨਗਰ ਕੀਰਤਨ ਨੂੰ ਰਵਾਨਾ ਕੀਤਾ। ਉਨ੍ਹਾਂ ਦੱਸਿਆ ਕਿ ਭਲਕੇ ਸਵੇਰੇ ਸਾਢੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਉਪਰੰਤ ਸਾਰਾ ਦਿਨ ਗੁਰਬਾਣੀ ਕੀਰਤਨ ਹੋਵੇਗਾ। ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਅਤੇ ਢਾਡੀ ਜਥੇ ਕਥਾ, ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤ ਨੂੰ ਨਿਹਾਲ ਕਰਨਗੇ। ਇਸ ਮੌਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਜਦੋਂਕਿ ਸਮਾਗਮ ਦੀ ਪ੍ਰਧਾਨਗੀ ਹਰਿਆਣਾ ਦੇ ਸਾਬਕਾ ਵਧੀਕ ਮੁੱਖ ਸਕੱਤਰ ਰਮਿੰਦਰਾ ਜਾਖੂ ਕਰਨਗੇ। ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਸਮਾਗਮ ਦੀ ਸਮਾਪਤੀ ਤੋਂ ਬਾਅਦ ਗੁਰੂ ਕਾ ਲੰਗਰ ਅਤੁੱਟ ਲੰਗਰ ਵਰਤੇਗਾ।
ਉਧਰ, ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਅਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਡੇਰਾ ਸਾਹਿਬ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਡੇਰਾ ਸਾਹਿਬ ਤੋਂ ਅਰੰਭ ਹੋ ਕੇ ਪੂਰੇ ਇਲਾਕੇ ਅਤੇ ਗੁਰਦੁਆਰਾ ਸਿੰਘ ਸ਼ਹੀਦਾਂ ਦੀ ਪ੍ਰਕਰਮਾ ਕਰਦਾ ਹੋਇਆ ਵਾਪਸ ਗੁਰਦੁਆਰਾ ਡੇਰਾ ਸਾਹਿਬ ਵਿੱਚ ਪਹੁੰਚ ਕੇ ਸੰਪੂਰਨ ਹੋਇਆ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ । ਨਗਰ ਕੀਰਤਨ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਫੌਜੀ ਬੈਂਡ, ਸਕੂਲੀ ਬੱਚਿਆਂ ਦੇ ਬੈਂਡ ਨੇ ਨਗਰ ਕੀਰਤਨ ਦੀ ਸ਼ੋਭਾ ਵਧਾਈ ।ਨਗਰ ਕੀਰਤਨ ਦਾ ਥਾਂ-ਥਾਂ ’ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਂਟ ਕੀਤੇ ਗਏ। ਚਾਹ, ਬੈ੍ਰੱਡ ਪਕੌੜੇ, ਮਿਠਾਈ, ਸੁੱਕੇ ਮੇਵਿਆਂ ਦਾ ਪ੍ਰਸ਼ਾਦ ਅਤੁੱਟ ਵਰਤਿਆ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…