Nabaz-e-punjab.com

ਮਾਈਨਿੰਗ ਵਿਭਾਗ ਤੇ ਪੁਲੀਸ ਮੁਲਾਜ਼ਮਾਂ ’ਤੇ ਨਾਜਾਇਜ਼ ਮਾਈਨਿੰਗ ਕਰਵਾਉਣ ਦਾ ਦੋਸ਼

ਪਿੰਡ ਖੇੜੀਵੀਰ ਸਿੰਘ ਦੇ ਸਾਬਕਾ ਸਰਪੰਚ ਨੇ ਡੀਸੀ ਮੁਹਾਲੀ ਨੂੰ ਦਿੱਤੀ ਸ਼ਿਕਾਇਤ

ਡੀਸੀ ਦੇ ਹੁਕਮਾਂ ’ਤੇ ਮਾਈਨਿੰਗ ਵਿਭਾਗ ਦੀ ਟੀਮ ਨੇ ਪੁਲੀਸ ਨੂੰ ਲੈ ਕੇ ਕੀਤਾ ਮੌਕੇ ਦਾ ਦੌਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਫਰਵਰੀ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕਾਫੀ ਦਿਨਾਂ ਦੀ ਚੁੱਪੀ ਤੋਂ ਬਾਅਦ ਨਾਜਾਇਜ਼ ਮਾਈਨਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪਿੰਡ ਖੇੜੀਵੀਰ ਸਿੰਘ (ਫਤਹਿਗੜ੍ਹ) ਦੇ ਸਾਬਕਾ ਸਰਪੰਚ ਹਰਜੀਤ ਸਿੰਘ ਤੇ ਹੋਰਨਾਂ ਨੇ ਮੁਹਾਲੀ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਆਸ਼ਿਕਾ ਜੈਨ (ਜਿਨ੍ਹਾਂ ਕੋਲ ਡਿਪਟੀ ਕਮਿਸ਼ਨਰ ਮੁਹਾਲੀ ਦਾ ਵੀ ਚਾਰਜ ਹੈ) ਨੂੰ ਮਿਲ ਕੇ ਦਿੱਤੀ ਲਿਖਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਰੇਤ ਮਾਫ਼ੀਆ ਨਾਲ ਜੁੜੇ ਬੰਦੇ ਮਾਜਰੀ ਪੁਲੀਸ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀ ਦੀ ਕਥਿਤ ਮਿਲੀਭੁਗਤ ਨਾਲ ਪਿੰਡ ਨੱਗਲੀਆਂ ਦੀ ਸ਼ਾਮਲਾਤ ਜ਼ਮੀਨ ’ਚੋਂ ਨਾਜਾਇਜ਼ ਮਾਈਨਿੰਗ ਕਰ ਰਹੇ ਹਨ।
ਸਾਬਕਾ ਸਰਪੰਚ ਨੇ ਡੀਸੀ ਦੇ ਧਿਆਨ ਵਿੱਚ ਲਿਆਂਦਾ ਕਿ ਉਨ੍ਹਾਂ ਨੇ ਪਿੰਡ ਸਿਆਮੀਪੁਰ ਟੱਪਰੀਆਂ ਵਿੱਚ 11 ਏਕੜ ਜ਼ਮੀਨ ਖਰੀਦੀ ਹੋਈ ਹੈ। ਜੋ ਕਿ ਨਗਲੀਆ ਦੀ ਸ਼ਾਮਲਾਤ ਜ਼ਮੀਨ ਦੀ ਬੱਟ ਨਾਲ ਲਗਦੀ ਹੈ। ਉਨ੍ਹਾਂ ਦੱਸਿਆ ਕਿ ਨੱਗਲੀਆਂ ਜ਼ਮੀਨ ਵਿੱਚ ਮਾਈਨਿੰਗ ਹੋਣ ਕਾਰਨ ਉੱਥੇ 30 ਤੋਂ 40 ਫੁੱਟ ਡੂੰਘੇ ਖੱਡੇ ਪੈ ਗਏ ਹਨ। ਜਿਸ ਕਾਰਨ ਉਨ੍ਹਾਂ ਦੀ ਜ਼ਮੀਨ ਵੀ ਖੁਰਨੀ ਸ਼ੁਰੂ ਹੋ ਗਈ ਹੈ ਅਤੇ ਫਸਲਾਂ ਦਾ ਉਜਾੜਾ ਹੋ ਰਿਹਾ ਹੈ। ਹਰਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦੀ ਝੋਨੇ ਦੀ ਫਸਲ ਅਤੇ ਹੁਣ ਕਰੀਬ ਤਿੰਨ ਏਕੜ ਗੰਨੇ ਦੀ ਫਸਲ ਰੁੜ ਗਈ ਹੈ। ਜਿਸ ਕਾਰਨ ਉਨ੍ਹਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਇਸ ਸਬੰਧੀ ਕਈ ਵਾਰ ਪੁਲੀਸ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਪ੍ਰੰਤੂ ਇਸ ਖੇਤਰ ਵਿੱਚ ਮਾਈਨਿੰਗ ਦਾ ਕੰਮ ਬੰਦ ਨਹੀਂ ਹੋ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਅਤੇ ਮਾਈਨਿੰਗ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਇਹ ਕੰਮ ਹੋ ਰਿਹਾ ਹੈ ਕਿਉਂਕਿ ਜਦੋਂ ਵੀ ਉਹ ਸ਼ਿਕਾਇਤ ਦਿੰਦੇ ਹਨ ਤਾਂ ਚੈਕਿੰਗ ਕਰਨ ਆਉਣ ਤੋਂ ਵੀ ਪਹਿਲਾਂ ਰੇਤ ਮਾਫੀਆ ਨਾਲ ਜੁੜੇ ਬੰਦਿਆਂ ਨੂੰ ਇਤਲਾਹ ਮਿਲ ਜਾਂਦੀ ਹੈ ਅਤੇ ਮੌਕੇ ’ਤੇ ਕੁਝ ਨਹੀਂ ਮਿਲਦਾ। ਉਨ੍ਹਾਂ ਦੱਸਿਆ ਕਿ ਰੇਤ ਮਾਫ਼ੀਆ ਵੱਲੋਂ ਰਾਤ ਨੂੰ 10 ਵਜੇ ਤੋਂ ਬਾਅਦ ਤੜਕੇ ਸਵੇਰੇ 4 ਵਜੇ ਤੱਕ ਇਸ ਕੰਮ ਨੂੰ ਅੰਜਾਮ ਦਿੱਤਾ ਜਾਂਦਾ ਹੈ।
ਸਾਬਕਾ ਸਰਪੰਚ ਨੇ ਆਪਣੀ ਸ਼ਿਕਾਇਤ ਨਾਲ ਉੱਥੇ ਜ਼ਮੀਨ ’ਚੋਂ ਰੇਤਾ ਚੁੱਕਣ ਕਾਰਨ ਪਏ ਡੂੰਘੇ ਖੱਡਿਆਂ ਦੇ ਸਬੂਤ ਵਜੋਂ ਕੁਝ ਫੋਟੋਆਂ ਅਤੇ ਵੀਡੀਓ ਵੀ ਦਿਖਾਈ ਹੈ। ਉਨ੍ਹਾਂ ਮੰਗ ਕੀਤੀ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲੇ ਵਿਅਕਤੀਆਂ ਅਤੇ ਜ਼ਿੰਮੇਵਾਰ ਅਧਿਕਾਰੀਆਂ ਦੇ ਖ਼ਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਆਸ਼ਿਕਾ ਜੈਨ ਨੇ ਸਾਬਕਾ ਸਰਪੰਚ ਨੂੰ ਬਣਦੀ ਕਾਰਵਾਈ ਦਾ ਭਰੋਸਾ।
(ਬਾਕਸ ਆਈਟਮ)
ਉਧਰ, ਡੀਸੀ ਦੇ ਹੁਕਮਾਂ ’ਤੇ ਮਾਈਨਿੰਗ ਵਿਭਾਗ ਦੇ ਐਸਡੀਓ ਯਾਦਵਿੰਦਰ ਸਿੰਘ ਅਤੇ ਇੰਸਪੈਕਟਰ ਗੁਰਜੀਤ ਸਿੰਘ ਨੇ ਪੁਲੀਸ ਨੂੰ ਨਾਲ ਲੈ ਕੇ ਅੱਜ ਨੱਗਲੀਆਂ ਦਾ ਦੌਰਾ ਕਰਕੇ ਮੌਕੇ ਦਾ ਜਾਇਜ਼ਾ ਲਿਆ। ਲੇਕਿਨ ਇਸ ਦੌਰਾਨ ਵਿਭਾਗੀ ਟੀਮ ਨੂੰ ਉੱਥੇ ਨਾਜਾਇਜ਼ ਮਾਈਨਿੰਗ ਹੋਣ ਬਾਰੇ ਕੋਈ ਸਬੂਤ ਨਹੀਂ ਮਿਲਿਆ। ਉਂਜ ਮਾਈਨਿੰਗ ਇੰਸਪੈਕਟਰ ਨੇ ਦੱਸਿਆ ਕਿ ਇਕ ਸਾਈਡ ’ਤੇ ਜ਼ਰੂਰ ਮਾਈਨਿੰਗ ਵਿਭਾਗ ਦੀ ਅਗਾਊਂ ਪ੍ਰਵਾਨਗੀ ਨਾਲ ਮਾਈਨਿੰਗ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਰੇਤ ਮਾਫ਼ੀਆ ਨਾਲ ਮਿਲੀਭੁਗਤ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ।
(ਬਾਕਸ ਆਈਟਮ)
ਥਾਣਾ ਮਾਜਰੀ ਬਲਾਕ ਦੇ ਐਸਐਚਓ ਜਗਜੀਤ ਸਿੰਘ ਨੇ ਸਾਬਕਾ ਸਰਪੰਚ ਵੱਲੋਂ ਰੇਤ ਮਾਫ਼ੀਆ ਨਾਲ ਮਿਲੇ ਹੋਣ ਦੇ ਲਗਾਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਨੱਗਲੀਆਂ ਵਿੱਚ ਕੋਈ ਨਾਜਾਇਜ਼ ਮਾਈਨਿੰਗ ਨਹੀਂ ਹੋ ਰਹੀ ਹੈ, ਦਰਅਸਲ ਦੋਵੇਂ ਪਿੰਡਾਂ ਦੀ ਜ਼ਮੀਨ ਦੀ ਹੱਦਬੰਦੀ ਦਾ ਝਗੜਾ ਹੈ। ਇਸ ਸਬੰਧੀ ਸਾਬਕਾ ਸਰਪੰਚ ਅਤੇ ਦੂਜੇ ਧਿਰ ਖ਼ਿਲਾਫ਼ ਵੀ ਕੇਸ ਦਰਜ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਧਿਰਾਂ ਨੂੰ ਕਈ ਵਾਰ ਕਿਹਾ ਗਿਆ ਹੈ ਕਿ ਉਹ ਰੈਵੇਨਿਊ ਵਿਭਾਗ ਤੋਂ ਨਿਸ਼ਾਨਦੇਹੀ ਕਰਵਾ ਕੇ ਜ਼ਮੀਨ ਦੀ ਹੱਦਬੰਦੀ ਦਾ ਝਗੜਾ ਮੁਕਾ ਲੈਣ ਪਰ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੋਹਾਣਾ: ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜੋਤੀ ਜੋਤ ਪੁਰਬ ਸ਼ਰਧਾ ਨਾਲ ਮਨਾਇਆ

ਗੁਰਦੁਆਰਾ ਸੋਹਾਣਾ: ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜੋਤੀ ਜੋਤ ਪੁਰਬ ਸ਼ਰਧਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ…