nabaz-e-punjab.com

ਮੁਹਾਲੀ ਵਿੱਚ ਅਣਅਧਿਕਾਰਤ ਪੀਜੀ ਬੰਦ ਕਰਵਾਉਣ ਲਈ ਅਕਾਲੀ ਕੌਂਸਲਰ ਖੁੱਲ੍ਹ ਕੇ ਸਾਹਮਣੇ ਆਏ

ਡਿਪਟੀ ਮੇਅਰ ਮਨਜੀਤ ਸੇਠੀ ਦੀ ਅਗਵਾਈ ਹੇਠ ਡੀਸੀ, ਐਸਐਸਪੀ ਤੇ ਗਮਾਡ ਦੇ ਮੁੱਖ ਪ੍ਰਸ਼ਾਸਕ ਨੂੰ ਦਿੱਤੀਆਂ ਸ਼ਿਕਾਇਤਾਂ

ਡਿਪਟੀ ਮੇਅਰ ਨੇ ਮੁੱਖ ਮੰਤਰੀ ਤੇ ਪੁੱਡਾ ਅਤੇ ਡੀਜੀਪੀ ਨੂੰ ਵੀ ਭੇਜੀ ਸ਼ਿਕਾਇਤ, ਨਿੱਜੀ ਦਖ਼ਲ ਦੇਣ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਫਰਵਰੀ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਚੱਲਦੇ ਕਥਿਤ ਅਣਅਧਿਕਾਰਤ ਪੇਇੰਗ ਗੈਸਟ (ਪੀਜੀ) ਨੂੰ ਬੰਦ ਕਰਵਾਉਣ ਲਈ ਅਕਾਲੀ ਕੌਂਸਲਰ ਖੁੱਲ੍ਹ ਕੇ ਸਾਹਮਣੇ ਆ ਗਏ ਹਨ। ਹਾਲਾਂਕਿ ਨਗਰ ਨਿਗਮ ਚੋਣਾਂ ਅੇਨ ਸਿਰ ’ਤੇ ਹਨ ਪ੍ਰੰਤੂ ਵੋਟਾਂ ਦੀ ਕੋਈ ਪ੍ਰਵਾਹ ਨਾ ਕਰਦੇ ਹੋਏ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਪੀਜੀ ਖ਼ਿਲਾਫ਼ ਝੰਡਾ ਚੁੱਕ ਲਿਆ ਹੈ। ਮੁਹਾਲੀ ਵਿੱਚ ਪੀਜੀ ਵਿੱਚ ਰਹਿੰਦੇ ਨੌਜਵਾਨਾਂ ਨੇ ਇਕ ਨੌਜਵਾਨ ਵਕੀਲ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਇੰਝ ਹੀ ਪੀਜੀ ’ਚ ਰਹਿੰਦੀ ਲੜਕੀ ਦਾ ਕਤਲ ਹੋ ਚੁੱਕਾ ਹੈ। ਇਸ ਤੋਂ ਇਲਾਵਾ ਫਾਇਰਿੰਗ ਅਤੇ ਲੜਾਈ ਝਗੜੇ ਦੀਆਂ ਅਨੇਕਾਂ ਹੀ ਘਟਨਾਵਾਂ ਸ਼ਹਿਰ ’ਚ ਵਾਪਰ ਚੁੱਕੀਆਂ ਹਨ।
ਮੁਹਾਲੀ ਨਿਗਮ ਦੇ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਦੀ ਅਗਵਾਈ ਹੇਠ ਅੱਜ ਅਕਾਲੀ ਕੌਂਸਲਰਾਂ ਪਰਮਜੀਤ ਸਿੰਘ ਕਾਹਲੋਂ, ਗੁਰਮੁੱਖ ਸਿੰਘ ਸੋਹਲ ਅਤੇ ਕਮਲਜੀਤ ਸਿੰਘ ਰੂਬੀ ਅਤੇ ਸਾਬਕਾ ਕੌਂਸਲਰ ਮਨਮੋਹਨ ਸਿੰਘ ਲੰਗ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ, ਮੁਹਾਲੀ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੂੰ ਸ਼ਿਕਾਇਤ ਦੇ ਕੇ ਸ਼ਹਿਰ ਨੂੰ ਅਣਅਧਿਕਾਰਤ ਪੀਜੀ ਤੋਂ ਮੁਕਤ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਪੀਜੀ ਮਾਲਕਾਂ ਖ਼ਿਲਾਫ਼ ਵੀ ਸਰਕਾਰੀ ਨੇਮਾਂ ਮੁਤਾਬਕ ਸਖ਼ਤ ਕਾਰਵਾਈ ਮੰਗੀ ਹੈ ਤਾਂ ਜੋ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾ ਸਕੇ। ਕੌਂਸਲਰਾਂ ਨੇ ਪੰਜਾਬ ਦੇ ਮੁੱਖ ਮੰਤਰੀ, ਪੁੱਡਾ ਮੰਤਰੀ ਅਤੇ ਡੀਜੀਪੀ ਨੂੰ ਵੀ ਵੱਖੋ ਵੱਖਰੀਆਂ ਸ਼ਿਕਾਇਤਾਂ ਭੇਜਦਿਆਂ ਨਿੱਜੀ ਦਖ਼ਲ ਦੇਣ ਦੀ ਮੰਗ ਕੀਤੀ ਹੈ।
ਕੌਂਸਲਰਾਂ ਦੀ ਜਾਣਕਾਰੀ ਅਨੁਸਾਰ ਸ਼ਹਿਰ ਵਿੱਚ 500 ਤੋਂ ਵੱਧ ਪੀਜੀ ਚਲ ਰਹੇ ਹਨ ਪੰ੍ਰਤੂ ਗਮਾਡਾ ਸਿਰਫ਼ 26-27 ਪੀਜੀ ਹੀ ਰਜਿਸਟਰਡ ਹਨ। ਇਨ੍ਹਾਂ ਰਜਿਸਟਰਡ ਪੀਜੀ ਹਾਊਸਾਂ ’ਚੋਂ ਵੀ ਜ਼ਿਆਦਾਤਰ ਵਿਅਕਤੀ ਗਮਾਡਾ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ ਹਨ, ਇਹੀ ਨਹੀਂ ਮੁਹਾਲੀ ਪ੍ਰਸ਼ਾਸਨ ਕੋਲ ਪੀਜੀ ਵਿੱਚ ਰਹਿੰਦੇ ਵਿਅਕਤੀਆਂ ਦਾ ਰਿਕਾਰਡ ਵੀ ਉਪਲਬਧ ਨਹੀਂ ਹੈ ਅਤੇ ਨਾ ਹੀ ਪੁਲੀਸ ਵੈਰੀਫਿਕੇਸ਼ਨ ਹੀ ਹੋਈ ਹੈ। ਇਸ ਦੇ ਬਾਵਜੂਦ ਗਮਾਡਾ, ਸਿਵਲ ਤੇ ਪੁਲੀਸ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ’ਚ ਸੁੱਤੇ ਹੋਏ ਹਨ। ਕੌਂਸਲਰਾਂ ਨੇ ਦੱਸਿਆ ਕਿ ਕਿ ਮੁਹਾਲੀ ਵਿੱਚ ਪੀਜੀ ਨੂੰ ਨਿਯਮਿਤ ਕਰਨ ਲਈ ਗਮਾਡਾ ਵੱਲੋਂ 9 ਫਰਵਰੀ 2015 ਨੂੰ ਨਵੇਂ ਸਿਰਿਓਂ ਨੀਤੀ ਜਾਰੀ ਕਰਦਿਆਂ ਪੀਜੀ ਚਲਾਉਣ ਸ਼ਰਤਾਂ ਨਿਰਧਾਰਿਤ ਕੀਤੀਆਂ ਗਈਆਂ ਸਨ। ਜਿਨ੍ਹਾਂ ਵਿੱਚ ਇਕ ਪੀਜੀ ਲਈ ਘੱਟੋ ਘੱਟ 50 ਵਰਗ ਗਜ ਥਾਂ ਵਰਤੋਂ ਯੋਗ ਏਰੀਆ ਉਪਲਬਧ ਹੋਣਾ ਚਾਹੀਦਾ ਹੈ ਅਤੇ ਪੀਜੀ ਚਲਾਉਣ ਵਾਲੇ ਵਿਅਕਤੀ ਦੀ ਖ਼ੁਦ ਸਬੰਧਤ ਇਮਾਰਤ ਵਿੱਚ ਰਿਹਾਇਸ਼ ਰੱਖਣੀ ਜ਼ਰੂਰੀ ਹੈ। ਇਸ ਤੋਂ ਇਲਾਵਾ ਵਾਹਨ ਪਾਰਕਿੰਗ ਦੀ ਵਿਵਸਥਾ ਸਮੇਤ ਪੀਜੀ ਦੇ ਦੋਵੇਂ ਪਾਸੇ ਰਹਿੰਦੇ ਗੁਆਂਢੀਆਂ ਅਤੇ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੀ ਆਪਸੀ ਸਹਿਮਤੀ ਜ਼ਰੂਰੀ ਹੈ। ਪ੍ਰੰਤੂ ਮੌਜੂਦਾ ਸਮੇਂ ਵਿੱਚ ਇਕ ਵੀ ਸ਼ਰਤ ਪੂਰੀ ਨਹੀਂ ਕੀਤੀ ਜਾ ਰਹੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਕਿਹਾ ਕਿ ਅਣਅਧਿਕਾਰਤ ਪੀਜੀ ਕਾਰਨ ਸ਼ਹਿਰ ਦੇ ਮੂਲ ਨਿਵਾਸੀਆਂ ਦਾ ਰਹਿਣਾ ਮੁਸ਼ਕਲ ਹੋ ਗਿਆ ਹੈ। ਪੀਜੀ ਵਿੱਚ ਰਹਿੰਦੇ ਲੋਕਾਂ ’ਤੇ ਕਿਸੇ ਦਾ ਕੰਟਰੋਲ ਨਹੀਂ ਹੈ, ਇਹ ਪੀਜੀ ’ਚ ਰਹਿੰਦੇ ਲੋਕ ਦੇਰ ਰਾਤ ਤੱਕ ਹੁੱਲੜਬਾਜ਼ੀ ਕਰਦੇ ਹਨ ਅਤੇ ਨਸ਼ੇ ਦੀ ਟੱਲੀ ਹੋ ਕੇ ਰਿਹਾਇਸ਼ੀ ਪਾਰਕਾਂ ਵਿੱਚ ਵੀ ਖਾਰੂ ਪਾਉਂਦੇ ਹਨ। ਜਿਸ ਨਾਲ ਬੱਚਿਆਂ ’ਤੇ ਮਾੜਾ ਅਸਰ ਪੈ ਰਿਹਾ ਹੈ ਅਤੇ ਸ਼ਹਿਰ ਦਾ ਮਾਹੌਲ ਖਰਾਬ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀਜੀ ਦੀ ਆੜ ਵਿੱਚ ਖੂੰਖਾਰ ਗੈਂਗਸਟਰ ਵੀ ਇਨ੍ਹਾਂ ਕਿਰਾਏ ਦੇ ਮਕਾਨਾਂ ਵਿੱਚ ਰਹਿ ਰਹੇ ਹਨ ਅਤੇ ਕੁਝ ਸਾਲ ਪਹਿਲਾਂ ਪੀਜੀ ਰਹਿੰਦੇ ਗੈਂਗਸਟਰਾਂ ਨੇ ਸ਼ਰ੍ਹੇਆਮ ਵਕੀਲ ਅਮਰਪ੍ਰੀਤ ਸਿੰਘ ਦਾ ਕਤਲ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਨਾਮਜ਼ਦ ਕਈ ਪੀਜੀ ਨੌਜਵਾਨ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਵੱਲੋਂ ਗਿੱਦੜਬਾਹਾ ਚੋਣ ਮੌਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ

ਵੈਟਰਨਰੀ ਡਾਕਟਰਾਂ ਵੱਲੋਂ ਗਿੱਦੜਬਾਹਾ ਚੋਣ ਮੌਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਪੇ-ਪੈਰਿਟੀ ਦੇ ਮੁੱਦੇ ’ਤੇ ਕੀ…