ਮੁਹਾਲੀ ਨਗਰ ਨਿਗਮ ਨੇ 5 ਸਾਲਾਂ ਵਿੱਚ 450 ਕਰੋੜ ਦੀ ਲਾਗਤ ਨਾਲ ਬਦਲੀ ਸ਼ਹਿਰ ਦੀ ਨੁਹਾਰ

40 ਸਾਲ ਪੁਰਾਣੀ ਤੇ ਕੰਡਮ ਹੋ ਰਹੀ ਸੀਵਰੇਜ ਤੇ ਵਾਟਰ ਸਪਲਾਈ ਲਾਈਨ ’ਤੇ 21.90 ਕਰੋੜ ਖ਼ਰਚੇ ਜਾਣਗੇ: ਮੇਅਰ

ਸਿਆਸੀ ਦਖ਼ਲਅੰਦਾਜ਼ੀ ਕਾਰਨ ਸਿਟੀ ਬੱਸ ਸਰਵਿਸ, ਵਿਦੇਸ਼ੀ ਟਰੀ ਪਰੂਨਿੰਗ ਮਸ਼ੀਨ ਦਾ ਕੰਮ ਠੰਢੇ ਬਸਤੇ

ਨਗਰ ਨਿਗਮ ਵੱਲੋਂ ਸ਼ਹਿਰ ਦੇ ਵਿਕਾਸ ਲਈ ਹਾਊਸ ’ਚ ਸਰਬਸੰਮਤੀ ਨਾਲ ਪਾਸ ਕੀਤੇ 200 ਕੰਮਾਂ ਦੇ ਟੈਂਡਰ ਰੁਕੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਫਰਵਰੀ:
ਮੁਹਾਲੀ ਨਗਰ ਨਿਗਮ ਦੀ ਬੀਤੀ 26 ਫਰਵਰੀ ਨੂੰ ਮਿਆਦ ਪੁੱਗ ਜਾਣ ’ਤੇ ਅਕਾਲੀ ਦਲ ਦੇ ਮੇਅਰ ਕੁਲਵੰਤ ਸਿੰਘ ਨੂੰ ਲਾਂਭੇ ਕਰਕੇ ਪ੍ਰਬੰਧਕ ਲਗਾਉਣ ਸਬੰਧੀ ਹੁਕਮਰਾਨਾਂ ਦੀਆਂ ਆਸਾਂ ’ਤੇ ਪਾਣੀ ਫਿਰ ਗਿਆ ਹੈ। ਪੰਜਾਬ ਵਿੱਚ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਇਕੱਠੀਆਂ ਕਰਵਾਉਣ ਦੇ ਚੱਕਰ ਵਿੱਚ ਕਾਬਜ਼ ਧਿਰ ਨੂੰ ਦੋ ਮਹੀਨੇ ਹੋਰ ਸਮਾਂ ਮਿਲ ਗਿਆ ਹੈ। ਇਸ ਨਾਲ ਅਕਾਲੀ ਕੌਂਸਲਰ ਤਾਂ ਬਾਗੋਬਾਗ ਹੋ ਗਏ ਹਨ ਪ੍ਰੰਤੂ ਉਨ੍ਹਾਂ ਕਾਂਗਰਸੀ ਕੌਂਸਲਰਾਂ ਦੇ ਚਿਹਰਿਆਂ ਤੋਂ ਰੌਣਕ ਗਾਇਬ ਹੋ ਗਈ ਹੈ, ਜੋ ਪ੍ਰਬੰਧਕ ਲਗਾ ਕੇ ਆਪਣੀ ਮਰਜ਼ੀ ਅਨੁਸਾਰ ਕੰਮ ਕਰਵਾ ਕੇ ਵਿਕਾਸ ਕੰਮਾਂ ਦਾ ਸਿਹਰਾ ਲੈਣ ਦੀ ਤਾਕ ਵਿੱਚ ਸਨ, ਪ੍ਰੰਤੂ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੂਬੇ ਅੰਦਰ 100 ਤੋਂ ਵੱਧ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀ ਮਿਆਦ 8 ਮਾਰਚ ਨੂੰ ਪੂਰੀ ਹੋ ਗਈ ਹੈ ਅਤੇ 9 ਮਾਰਚ ਨੂੰ ਸਾਰੀਆਂ ਸ਼ਹਿਰੀ ਵਿਕਾਸ ਇਕਾਈਆਂ ਭੰਗ ਕਰ ਦਿੱਤੀਆਂ ਜਾਣਗੀਆਂ।
ਇਸ ਬਾਰੇ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਰਾਜ ਸਰਕਾਰ ਦੀ ਮਰਜ਼ੀ ਹੈ ਕਿ ਨਿਗਮ ਨੂੰ ਭੰਗ ਕਰਕੇ ਕਦੋਂ ਪ੍ਰਬੰਧਕ ਲਗਾਉਣਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਰੱਤੀ ਭਰ ਵੀ ਡਰ ਜਾਂ ਭੈਅ ਨਹੀਂ ਹੈ ਪ੍ਰਬੰਧਕ ਕਦੋਂ ਲਗਦਾ ਹੈ ਪ੍ਰੰਤੂ ਉਨ੍ਹਾਂ ਦੇ ਕਾਰਜਕਾਲ ਦੌਰਾਨ ਪਿਛਲੇ ਪੰਜ ਸਾਲਾਂ ਵਿੱਚ ਸਾਰੇ ਕੌਂਸਲਰਾਂ ਦੇ ਸਹਿਯੋਗ ਅਤੇ 450 ਕਰੋੜ ਦੀ ਲਾਗਤ ਨਾਲ ਸ਼ਹਿਰ ਦੀ ਨੁਹਾਰ ਬਦਲੀ ਗਈ ਹੈ ਅਤੇ ਵਿਕਾਸ ਪੱਖੋਂ ਮੁਹਾਲੀ ਸੂਬੇ ਦੇ ਬਾਕੀ ਸ਼ਹਿਰਾਂ ਨਾਲੋਂ ਮੋਹਰੀ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਲਈ ਦਰਜਾ-3 ਅਤੇ ਦਰਜ-4 ਕਰਮਚਾਰੀਆਂ ਦੀਆਂ ਖਾਲੀ ਪਈਆਂ 106 ਅਸਾਮੀਆਂ ਨੂੰ ਰੈਗੂਲਰ ਤੌਰ ’ਤੇ ਭਰਨ ਦੀ ਪ੍ਰਕਿਰਿਆ ਸ਼ੁਰੂ ਹੈ।
ਉਨ੍ਹਾਂ ਦੱਸਿਆ ਕਿ ਅੰਮ੍ਰਿਤ ਸਕੀਮ ਤਹਿਤ ਸੀਵਰੇਜ ਤੇ ਵਾਟਰ ਸਪਲਾਈ ਸਿਸਟਮ ’ਚ ਸੁਧਾਰ ਲਿਆਉਣ ਲਈ 21.90 ਕਰੋੜ ਖ਼ਰਚੇ ਜਾ ਰਹੇ ਹਨ। ਇਸ ਪ੍ਰਾਜੈਕਟ ਦੇ ਤਹਿਤ ਸ਼ਹਿਰ ਦੀ 40 ਸਾਲ ਪੁਰਾਣੀ ਤੇ ਕੰਡਮ ਹੋ ਰਹੇ ਸੀਵਰੇਜ ਨੂੰ ਬਦਲਿਆਂ ਜਾ ਰਿਹਾ ਹੈ ਅਤੇ ਸ਼ਹਿਰ ਵਾਸੀਆਂ ਦੀ ਪਿਆਸ ਬੁਝਾਉਣ ਲਈ ਨਵੀਂ ਵਾਟਰ ਸਪਲਾਈ ਲਾਈਨ ਵਿਛਾਉਣ ਦੇ ਨਾਲ ਨਾਲ ਬੂਸਟਰ ਅਤੇ 22 ਨਵੇਂ ਟਿਊਬਵੈਲ ਲਗਾਏ ਗਏ ਹਨ। ਇਕੱਲੇ ਫੇਜ਼-11 ਵਿੱਚ 2 ਕਰੋੜ ਦੀ ਲਾਗਤ ਨਾਲ ਐਲਆਈਜੀ ਫਲੈਟਾਂ ’ਚੋਂ ਸੀਵਰੇਜ ਅਤੇ ਵਾਟਰ ਸਪਲਾਈ ਦੀਆਂ ਨਵੀਆਂ ਪਾਈਪਾਂ ਰਿਹਾਇਸ਼ੀ ਖੇਤਰ ’ਚੋਂ ਬਾਹਰ ਕੱਢੀਆਂ ਗਈਆਂ ਹਨ। ਇੱਥੋਂ ਦੇ ਸੈਕਟਰ-66 ਤੋਂ 69 ਅਤੇ ਸੈਕਟਰ-76 ਤੋਂ 80 ਵਿੱਚ ਸੀਵਰੇਜ ਅਤੇ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦਾ ਕੰਮ ਗਮਾਡਾ ਤੋਂ ਨਗਰ ਨਿਗਮ ਅਧੀਨ ਲਿਆ ਗਿਆ ਹੈ। ਮਕੈਨੀਕਲ ਸਵੀਪਿੰਗ ਦਾ ਕੰਮ ਦੇਸ਼ ਵਿੱਚ ਇਹ ਪਾਪੂਲਰ ਹੋਇਆ ਹੈ ਕਿ ਚੰਡੀਗੜ੍ਹ, ਪਟਨਾ, ਸਿੰਧਵਾੜਾ, ਬਿਲਾਸਪੁਰ, ਰਾਂਚੀ, ਦਿੱਲੀ ਏਅਰਪੋਰਟ ਵੱਲੋਂ ਇਸ ਨੂੰ ਮੁਹਾਲੀ ਦੀ ਤਰਜ਼ ’ਤੇ ਲਾਗੂ ਕੀਤਾ ਗਿਆ ਹੈ।
ਮੇਅਰ ਨੇ ਦੱਸਿਆ ਕਿ ਸ਼ਹਿਰ ਵਿੱਚ ਸਾਈਕਲ ਟਰੈਕ ਬਣਾਉਣ ਲਈ 2.27 ਪਾਸ ਕੀਤੇ ਗਏ ਹਨ। ਐਲਈਡੀ ਲਾਈਟਾਂ ਵਾਲਾ ਮੁਹਾਲੀ ਪਹਿਲਾਂ ਸ਼ਹਿਰ ਹੈ। ਸਿਲਵੀ ਪਾਰਕ ਵਿੱਚ ਬੁੱਕ ਕੈਫੇ ਖੋਲ੍ਹਿਆ ਗਿਆ ਹੈ ਅਤੇ ਲੋਕਾਂ ਨੂੰ ਸਾਹਿਤ ਨਾਲ ਜੋੜਨ ਲਈ 6 ਪਾਰਕਾਂ ਵਿੱਚ ਲਾਇਬਰੇਰੀਆਂ ਸਥਾਪਿਤ ਕੀਤੀਆਂ ਗਈਆਂ ਹਨ। ਮਿਸ਼ਨ ਤੰਦਰੁਸਤ ਪੰਜਾਬ ਤਹਿਤ ਰਿਹਾਇਸ਼ੀ ਪਾਰਕਾਂ ਵਿੱਚ 50 ਓਪਨ ਏਅਰ ਜਿਮ ਲਗਾਏ ਗਏ ਹਨ ਅਤੇ 50 ਹੋਰ ਜਿਮ ਲਗਾਉਣ ਲਈ ਮਤਾ ਪਾਸ ਕੀਤਾ ਗਿਆ ਹੈ ਪ੍ਰੰਤੂ ਸਿਆਸੀ ਦਖ਼ਲਅੰਦਾਜ਼ੀ ਕਾਰਨ ਓਪਨ ਏਅਰ ਜਿਮਾਂ ਦੇ ਟੈਂਡਰ ਨਹੀਂ ਖੋਲ੍ਹੇ ਜਾ ਰਹੇ ਹਨ। ਫੇਜ਼-1 ਤੋਂ ਫੇਜ਼-11, ਸੈਕਟਰ-70 ਤੇ 71, 48ਸੀ, ਵਿੱਚ 5 ਮਰਲੇ ਤੱਕ ਦੇ ਘਰਾਂ ਵਿੱਚ ਮੁਫ਼ਤ ਵਾਟਰ ਮੀਟਰ ਲਗਾਉਣ ਲਈ 104 ਕਰੋੜ ਪਾਸ ਕੀਤੇ ਗਏ ਹਨ। ਇੰਝ ਹੀ ਗਰੀਬੀ ਰੇਖਾਂ ਤੋਂ ਥੱਲੇ ਰਹਿੰਦੇ ਪਰਿਵਾਰਾਂ ਦੀ ਸਹੂਲਤ ਲਈ ਅਫੋਰਡੇਬਲ ਹਾਊਸਿੰਗ ਲਈ 10 ਏਕੜ ਜ਼ਮੀਨ ਅਲਾਟ ਕੀਤੀ ਗਈ ਹੈ। ਸ਼ਹਿਰ ਦੇ ਸਾਰੇ ਕਮਿਊਨਿਟੀ ਸੈਂਟਰ ਗਮਾਡਾ ਤੋਂ ਵਾਪਸ ਲਏ ਗਏ ਹਨ। ਅੰਡਰ ਗਰਾਊਂਡ ਗੈਸ ਪਾਈਪ ਲਾਈਨ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਸ਼ਹਿਰ ਵਾਸੀਆਂ ਦੀ ਸਹੂਲਤ ਦੇ ਮੱਦੇਨਜ਼ਰ ਸੈਕਟਰ-78 ਅਤੇ ਸੈਕਟਰ-65ਏ ਵਿੱਚ ਦੋ ਨਵੇਂ ਫਾਇਰ ਸਟੇਸ਼ਨ ਸਥਾਪਿਤ ਕਰਨ ਲਈ ਕ੍ਰਮਵਾਰ 2.56 ਕਰੋੜ ਅਤੇ 2.47 ਕਰੋੜ ਰੁਪਏ ਪਾਸ ਕੀਤੇ ਗਏ ਹਨ। ਪਿੰਡ ਮਟੌਰ, ਸੋਹਾਣਾ, ਮੁਹਾਲੀ, ਕੁੰਭੜਾ ਅਤੇ ਸੈਕਟਰ-57 ਵਿੱਚ ਧਰਮਸ਼ਾਲਾ ਦੀ ਉਸਾਰੀ ਕੀਤੀ ਗਈ ਹੈ। ਸੋਹਾਣਾ ਵਿੱਚ ਡਿਸਪੈਂਸਰੀ ਦੀ ਇਮਾਰਤ ਦੀ ਉਸਾਰੀ ਦਾ ਕੰਮ ਚਲ ਰਿਹਾ ਹੈ। ਪਿੰਡ ਕੁੰਭੜਾ ਦੀ ਫਿਰਨੀ ਨੂੰ ਪੱਕਾ ਕਰਨ ਸਮੇਤ ਪੂਰੇ ਪਿੰਡ ਵਿੱਚ ਸੀਵਰੇਜ ਅਤੇ ਵਾਟਰ ਸਪਲਾਈ ਦੀਆਂ ਨਵੀਆਂ ਲਾਈਨਾਂ ਪਾਈਆਂ ਗਈਆਂ ਹਨ। ਕੁੰਭੜਾ, ਮਟੌਰ, ਫੇਜ਼-5, ਫੇਜ਼-6, ਫੇਜ਼-7, ਫੇਜ਼-9 ਅਤੇ ਫੇਜ਼-3ਬੀ1 ਵਿੱਚ ਸਰਕਾਰੀ ਸਕੂਲਾਂ ਵਿੱਚ ਲੋੜ ਅਨੁਸਾਰ ਨਵੇਂ ਕਮਰਿਆਂ ਦੀ ਉਸਾਰੀ ਕਰਵਾਈ ਗਈ ਹੈ। ਰੇਹੜੀ-ਫੜੀਆਂ ਦੀ ਸਮੱਸਿਆ ਦੇ ਹੱਲ ਲਈ ਵੈਂਡਿੰਗ ਜ਼ੋਨ ਬਣਾਏ ਗਏ ਹਨ। ਲਾਵਾਰਿਸ਼ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਮਗਰਾ ਗਊਸ਼ਾਲਾ ਵਿੱਚ ਸ਼ੈੱਡ ਦੀ ਉਸਾਰੀ 1 ਕਰੋੜ ਰੁਪਏ ਪਾਸ ਕੀਤੇ ਗਏ ਹਨ। ਸ਼ਹਿਰ ਵਿੱਚ ਸੁੱਕਾ ਤੇ ਗਿੱਲਾ ਕੂੜਾ ਵੱਖੋ ਵੱਖਰਾ ਕਰਨ ਲਈ ਸੋਲਿਡ ਵੇਸਟ ਰੂਲ-2019 ਨੂੰ ਪਾਸ ਕਰਨ ਉਪਰੰਤ ਇਸ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਸ਼ਹਿਰ ਵਿੱਚ 19 ਰਿਸੋਰਸ ਮੈਨੇਜਮੈਂਟ ਸੈਂਟਰ ਸਥਾਪਿਤ ਕੀਤੇ ਗਏ ਹਨ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਵੱਲੋਂ ਗਿੱਦੜਬਾਹਾ ਚੋਣ ਮੌਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ

ਵੈਟਰਨਰੀ ਡਾਕਟਰਾਂ ਵੱਲੋਂ ਗਿੱਦੜਬਾਹਾ ਚੋਣ ਮੌਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਪੇ-ਪੈਰਿਟੀ ਦੇ ਮੁੱਦੇ ’ਤੇ ਕੀ…