nabaz-e-punjab.com

ਮੁਹਾਲੀ ਪੁਲੀਸ ਨੇ ਫਰਜ਼ੀ ਕਾਲ ਸੈਂਟਰ ਦੇ ਮਾਲਕਾਂ ਦੇ ਬੈਂਕ ਖਾਤੇ ਸੀਲ ਕਰਵਾਏ

ਜੈਪੁਰ ਪੁਲੀਸ ਨਾਲ ਵੀ ਕੀਤਾ ਜਾ ਰਿਹਾ ਹੈ ਤਾਲਮੇਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਫਰਵਰੀ:
ਮੁਹਾਲੀ ਪੁਲੀਸ ਨੇ ਵਿਦੇਸ਼ੀ ਨਾਗਰਿਕਾਂ ਨਾਲ ਠੱਗੀਆਂ ਮਾਰਨ ਵਾਲੇ ਫਰਜ਼ੀ ਕਾਲ ਸੈਂਟਰ ਦੇ ਮਾਲਕਾਂ ਮੁਹੰਮਦ ਖਾਨ ਅਤੇ ਰਮਜ਼ਾਨ ਦੋਵੇਂ ਵਾਸੀ ਜੈਪੁਰ ਦੇ ਖ਼ਿਲਾਫ਼ ਥਾਣਾ ਫੇਜ਼-1 ਵਿੱਚ ਆਈਪੀਸੀ ਦੀ ਧਾਰਾ 419, 420, 467, 468, 471, 120ਬੀ ਤਹਿਤ ਧੋਖਾਧੜੀ ਦਾ ਕੇਸ ਦਰਜ ਕਰਕੇ ਮੁਲਜ਼ਮਾਂ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਦੋਵੇਂ ਮਾਲਕ ਕਾਲ ਸੈਂਟਰ ਨੂੰ ਤਾਲਾ ਲਗਾ ਕੇ ਫਰਾਰ ਹੋ ਗਏ ਹਨ। ਥਾਣਾ ਫੇਜ਼-1 ਦੇ ਐਸਐਚਓ ਮਨਫੂਲ ਸਿੰਘ ਨੇ ਦੱਸਿਆ ਕਿ ਅੱਜ ਪੁਲੀਸ ਨੇ ਫਰਜ਼ੀ ਕਾਲ ਸੈਂਟਰ ਦੇ ਮਾਲਕਾਂ ਦੇ ਬੈਂਕ ਖਾਤੇ ਸੀਲ ਕਰਵਾ ਦਿੱਤੇ ਗਏ ਹਨ ਅਤੇ ਇਸ ਸਬੰਧੀ ਜੈਪੁਰ ਪੁਲੀਸ ਨਾਲ ਵੀ ਤਾਲਮੇਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਾਲ ਸੈਂਟਰ ਦੇ ਬਾਹਰ ਲਿਖੇ ਨੰਬਰਾਂ ਦੀ ਲੋਕੇਸ਼ਨ ਦਾ ਪਿੱਛਾ ਕੀਤਾ ਜਾ ਰਿਹਾ ਹੈ ਪ੍ਰੰਤੂ ਉਨ੍ਹਾਂ ਦੇ ਫੋਨ ਵੀ ਬੰਦ ਆ ਰਹੇ ਹਨ।
ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਮੁਹੰਮਦ ਖਾਨ ਅਤੇ ਰਮਜ਼ਾਨ ਵੱਲੋਂ ਇੱਥੋਂ ਦੇ ਸਨਅਤੀ ਏਰੀਆ ਫੇਜ਼-7 ਵਿੱਚ ਇਕ ਫੈਕਟਰੀ ਦੀ ਇਮਾਰਤ ਨੂੰ ਕਿਰਾਏ ’ਤੇ ਲੈ ਕੇ ਉੱਥੇ ਫਰਜ਼ੀ ਕਾਲ ਸੈਂਟਰ ਚਲਾਇਆ ਜਾ ਰਿਹਾ ਸੀ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਲੋਨ ਦਿਵਾਉਣ ਦਾ ਝਾਂਸਾ ਦੇ ਕੇ ਸ਼ਰ੍ਹੇਆਮ ਠੱਗੀਆਂ ਮਾਰੀਆਂ ਜਾ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜੈਪੁਰ ਥਾਣੇ ਦੀ ਪੁਲੀਸ ਨੇ ਮੁਹਾਲੀ ਪੁਲੀਸ ਨੂੰ ਇਨਪੁੱਟ ਦਿੱਤੀ ਸੀ ਅਤੇ ਸੂਚਨਾ ਮਿਲਦੇ ਹੀ ਜਦੋਂ ਉਕਤ ਫੈਕਟਰੀ ਵਿੱਚ ਛਾਪੇਮਾਰੀ ਕੀਤੀ ਗਈ ਤਾਂ ਉੱਥੇ ਕਾਲ ਸੈਂਟਰ ਨੂੰ ਤਾਲਾ ਲੱਗਿਆ ਹੋਇਆ ਸੀ ਅਤੇ ਮਾਲਕ ਅਤੇ ਸਟਾਫ਼ ਉੱਥੋਂ ਫਰਾਰ ਹੋ ਚੁੱਕੇ ਸੀ।
ਥਾਣਾ ਮੁਖੀ ਨੇ ਦੱਸਿਆ ਕਿ ਇਹ ਦੋਵੇਂ ਵਿਅਕਤੀ ਸਨਅਤੀ ਏਰੀਆ ਫੇੇਜ਼-7 ਵਿੱਚ ਫੈਕਟਰੀ ਦੀ ਇਮਾਰਤ ਨੂੰ ਕਿਰਾਏ ’ਤੇ ਲੈ ਕੇ ਸਕਾਈਵੇਅ-1 ਨੈੱਟ ਸਾਲਯੂਸ਼ਨ ਪ੍ਰਾਈਵੇਟ ਲਿਮਟਿਡ ਅਤੇ ਮੈਸ਼ਰਜ ਸਕਾਈਰਲ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਨਾਮ ਦੀਆਂ ਕੰਪਨੀਆਂ ਚਲਾ ਰਹੇ ਸਨ। ਇਨ੍ਹਾਂ ਵੱਲੋਂ ਉੱਥੇ ਕੰਪਿਊਟਰ ਰੱਖ ਕੇ ਕਾਲ ਸੈਂਟਰ ਬਣਾਏ ਹੋਏ ਸਨ। ਇਹ ਦੋਵੇਂ ਵਿਅਕਤੀ ਬੇਰੁਜ਼ਗਾਰ ਲੜਕੇ ਲੜਕੀਆਂ ਨੂੰ ਵੱਡੇ ਵੱਡੇ ਸੁਪਨੇ ਦਿਖਾ ਕੇ ਕੰਮ ’ਤੇ ਰੱਖਦੇ ਸਨ ਅਤੇ ਉਨ੍ਹਾਂ ਤੋਂ ਅਮਰੀਕਾ ਅਤੇ ਹੋਰ ਵਿਦੇਸ਼ੀ ਮੁਲਕਾਂ ਵਿੱਚ ਰਹਿੰਦੇ ਵਿਅਕਤੀਆਂ ਨੂੰ ਫੋਨ ਕਰਵਾ ਕੇ ਐਨਆਰਆਈਜ਼ ਨੂੰ ਕਰਜ਼ਾ ਦਿਵਾਉਣ ਦਾ ਝਾਂਸਾ ਦਿੰਦੇ ਸੀ। ਮੁਲਜ਼ਮਾਂ ਦੇ ਝਾਂਸੇ ਵਿੱਚ ਆਉਣ ਵਾਲੇ ਵਿਅਕਤੀਆਂ ਤੋਂ ਪੇਸ਼ਗੀ ਰਕਮ ਮੰਗ ਕੇ ਉਨ੍ਹਾਂ ਨਾਲ ਠੱਗੀ ਮਾਰਦੇ ਸਨ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜੈਪੁਰ ਪੁਲੀਸ ਨੇ ਫਰਜ਼ੀ ਕਾਲ ਸੈਂਟਰ ’ਚੋਂ ਫੋਨ ਕਰਕੇ ਵਿਦੇਸ਼ੀ ਨਾਗਰਿਕਾਂ ਨੂੰ ਠੱਗਣ ਦੇ ਦੋਸ਼ ਵਿੱਚ ਕਈ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਇਹ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦਾ ਇਕ ਜਾਅਲੀ ਕਾਲ ਸੈਂਟਰ ਮੁਹਾਲੀ ਦੇ ਸਨਅਤੀ ਏਰੀਆ ਫੇਜ਼-7 ਵਿੱਚ ਵੀ ਚਲਦਾ ਹੈ। ਜਿੱਥੇ ਉਨ੍ਹਾਂ ਨੇ ਇਕ ਫੈਕਟਰੀ ਦੀ ਇਮਾਰਤ ਨੂੰ ਕਿਰਾਏ ’ਤੇ ਲੈ ਕੇ ਫਰਜ਼ੀ ਕਾਲ ਸੈਂਟਰ ਖੋਲ੍ਹਿਆ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…