nabaz-e-punjab.com

ਗਰਲਜ਼ ਰਾਈਜ ਫਾਰ ਮੁਹਾਲੀ ਨੇ ਸ਼ਹਿਰ ਵਿੱਚ ਅਣਅਧਿਕਾਰਤ ਪੀਜੀ ਬੰਦ ਕਰਵਾਉਣ ਦਾ ਬੀੜਾ ਚੁੱਕਿਆ

ਅਣਅਧਿਕਾਰਤ ਪੇਇੰਗ ਗੈਸਟ (ਪੀਜੀ) ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ: ਉਪਿੰਦਰਪ੍ਰੀਤ ਕੌਰ ਗਿੱਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਫਰਵਰੀ:
ਅੌਰਤਾਂ ਦੇ ਹੱਕਾਂ ਅਤੇ ਸਵੈਮਾਣ ਲਈ ਸੰਘਰਸ਼ਸ਼ੀਲ ਸੰਸਥਾ ਗਰਲਜ਼ ਰਾਈਜ ਫਾਰ ਮੁਹਾਲੀ ਨੇ ਸ਼ਹਿਰ ਵਿੱਚ ਚੱਲਦੇ ਕਥਿਤ ਅਣਅਧਿਕਾਰਤ ਪੇਇੰਗ ਗੈਸਟ (ਪੀਜੀ) ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸੰਸਥਾ ਦੀ ਪ੍ਰਧਾਨ ਤੇ ਕੌਂਸਲਰ ਉਪਿੰਦਰਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਸ਼ਹਿਰ ਵਿੱਚ ਵੱਡੇ ਪੱਧਰ ’ਤੇ ਅਣਅਧਿਕਾਰਤ ਪੀਜੀ ਧੜੱਲੇ ਨਾਲ ਚੱਲ ਰਹੇ ਹਨ ਪ੍ਰੰਤੂ ਮੁਹਾਲੀ ਪ੍ਰਸ਼ਾਸਨ ਬਿਲਕੁਲ ਬੇਖ਼ਬਰ ਹੈ। ਗਮਾਡਾ ਅਤੇ ਪੁਲੀਸ ਦੀ ਕਾਰਵਾਈ ਵੀ ਮਹਿਜ਼ ਖਾਨਾਪੂਰਤੀ ਤੱਕ ਸੀਮਤ ਰਹਿੰਦੀ ਹੈ। ਜਿਸ ਕਾਰਨ ਚੰਦ ਰੁਪਿਆ ਦੀ ਖਾਤਰ ਕੁਝ ਲੋਕ ਮਨੁੱਖਤਾ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਸਿੱਖਿਆ ਦਾ ਹੱਬ ਬਣ ਚੁੱਕਾ ਹੈ। ਜਿੱਥੇ ਗੁਆਂਢੀ ਸੂਬਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਲੜਕੇ ਲੜਕੀਆਂ ਉੱਚ ਸਿੱਖਿਆ ਹਾਸਲ ਕਰਨ ਆਉਂਦੇ ਹਨ।
ਸ੍ਰੀਮਤੀ ਗਿੱਲ ਨੇ ਕਿਹਾ ਕਿ ਸਰਕਾਰੀ ਪੱਧਰ ’ਤੇ ਹੋਸਟਲ ਦੀ ਸੁਵਿਧਾ ਨਾ ਹੋਣ ਕਾਰਨ ਜਿਨ੍ਹਾਂ ਨੂੰ ਮਜਬੂਰੀਵਸ ਅਸੁਰੱਖਿਅਤ ਪੀਜੀ ਵਿੱਚ ਰਹਿਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਜ਼ਿਆਦਾਤਰ ਲੋਕਾਂ ਨੇ ਆਪਣੇ ਘਰਾਂ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਪੀਜੀ ਚਲਾਏ ਜਾ ਰਹੇ ਹਨ ਕਿਉਂਕਿ ਜੇਕਰ ਉਹ ਪੀਜੀ ਨੂੰ ਰਜਿਸਟਰਡ ਕਰਵਾਉਂਦੇ ਹਨ ਤਾਂ ਉਨ੍ਹਾਂ ਦੇ ਘਰ ਵਪਾਰਕ ਗਤੀਵਿਧੀ ਦੀ ਕੈਟਾਗਰੀ ਵਿੱਚ ਸ਼ਾਮਲ ਹੋਣ ਕਾਰਨ ਟੈਕਸ ਦੇਣਾ ਪੈ ਸਕਦਾ ਹੈ। ਬਿਜਲੀਪਾਣੀ ਦੇ ਬਿੱਲ ਵੀ ਜ਼ਿਆਦਾ ਆਉਣਗੇ। ਜਿਸ ਕਾਰਨ ਸਬੰਧਤ ਲੋਕ ਪੈਸੇ ਬਚਾਉਣ ਦੇ ਚੱਕਰ ਵਿੱਚ ਨੌਜਵਾਨਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੇ ਪੀਜੀ ਨੂੰ ਆਪਣਾ ਕਾਰੋਬਾਰ ਬਣਾ ਲਿਆ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਦੇ ਮੈਂਬਰ ਜਾਗਰੂਕਤਾ ਅਭਿਆਨ ਦੌਰਾਨ ਇਹ ਪਤਾ ਲਗਾਉਣਗੇ ਕਿ ਸ਼ਹਿਰ ਵਿੱਚ ਕਿੰਨੇ ਘਰਾਂ ਵਿੱਚ ਅਣਅਧਿਕਾਰਤ ਪੀਜੀ ਚੱਲ ਰਹੇ ਹਨ। ਜਿਨ੍ਹਾਂ ਦੀ ਸੂਚੀ ਤਿਆਰ ਕਰਕੇ ਮੁਹਾਲੀ ਪ੍ਰਸ਼ਾਸਨ, ਗਮਾਡਾ ਅਤੇ ਪੁਲੀਸ ਨੂੰ ਅਗਲੀ ਕਾਰਵਾਈ ਲਈ ਭੇਜੀ ਜਾਵੇਗੀ।
ਗਮਾਡਾ ਦੇ ਨਿਯਮਾਂ ਤਹਿਤ ਇਕ ਮਹੀਨੇ ਦੇ ਅੰਦਰ ਅੰਦਰ ਪੀਜੀ ਰਜਿਸਟਰਡ ਕਰਵਾਉਣਾ ਹੁੰਦਾ ਹੈ ਪ੍ਰੰਤੂ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣੇ ਪੀਜੀ ਰਜਿਸਟਰਡ ਨਹੀਂ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਜ਼ਿਆਦਾਤਰ ਅਣਅਧਿਕਾਰਤ ਪੀਜੀ ਇੱਥੋਂ ਦੇ ਫੇਜ਼-3, ਫੇਜ਼-5, ਫੇਜ਼-7, ਫੇਜ਼-11 ਅਤੇ ਸੋਹਾਣਾ, ਕੁੰਭੜਾ ਵਿੱਚ ਚਲ ਰਹੇ ਹਨ। ਇਨ੍ਹਾਂ ਥਾਵਾਂ ’ਤੇ ਇਕ ਕਮਰੇ ਵਿੱਚ ਲੋੜ ਤੋਂ ਵੱਧ ਬੱਚਿਆਂ ਨੂੰ ਰੱਖਿਆ ਹੋਇਆ ਹੈ ਅਤੇ ਉਨ੍ਹਾਂ ਨੂੰ ਲੋੜੀਂਦੀਆਂ ਸਹੂਲਤਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਘੋਰ ਲਾਪਰਵਾਹੀ ਦੇ ਚੱਲਦਿਆਂ ਸਮਾਜ ਵਿਰੋਧੀ ਗਤੀਵਿਧੀਆਂ ਨਾਲ ਜੁੜੇ ਹੋਏ ਵਿਅਕਤੀ ਅਜਿਹੀਆਂ ਕਈ ਥਾਵਾਂ ’ਤੇ ਆ ਕੇ ਬੜੀ ਅਸਾਨੀ ਨਾਲ ਛੁਪ ਜਾਂਦੇ ਹਨ। ਕਿਉਂਕਿ ਪੀਜੀ ਵਿੱਚ ਰਹਿਣ ਵਾਲੇ ਜ਼ਿਆਦਾਤਰ ਵਿਅਕਤੀਆਂ ਦੀ ਪੁਲੀਸ ਵੈਰੀਫਿਕੇਸ਼ਨ ਨਹੀਂ ਹੋਈ ਹੁੰਦੀ ਹੈ। ਪੀਜੀ ਵਾਲੇ ਘਰਾਂ ਦੀ ਚਾਰਦੀਵਾਰੀ ਅੰਦਰ ਵਾਹਨ ਖੜਾਉਣ ਲਈ ਵੀ ਢੁਕਵੀਂ ਥਾਂ ਨਾ ਹੋਣ ਕਾਰਨ ਮੁੰਡੇ ਕੁੜੀਆਂ ਸੜਕ ਕਿਨਾਰੇ ਬੇਤਰਤੀਬ ਢੰਗ ਨਾਲ ਆਪਣੇ ਵਾਹਨ ਖੜੇ ਕਰ ਦਿੰਦੇ ਹਨ। ਜਿਸ ਕਾਰਨ ਪੀਜੀ ਵਾਲੇ ਮੁਹੱਲੇ ਵਿੱਚ ਗਲੀ ’ਚੋਂ ਲੰਘਣ ਸਮੇਂ ਅਕਸਰ ਲੋਕਾਂ ਦੇ ਝਗੜੇ ਵੀ ਹੁੰਦੇ ਹਨ। ਕੁਝ ਸਮਾਂ ਪਹਿਲਾਂ ਘਰ ਦੇ ਮੂਹਰੇ ਵਾਹਨ ਖੜਾ ਕਰਨ ਨੂੰ ਲੈ ਕੇ ਪੀਜੀ ਵਿੰਚ ਰਹਿੰਦੇ ਗੁੰਡਿਆਂ ਨੇ ਸ਼ਹਿਰ ਦੇ ਇਕ ਨੌਜਵਾਨ ਵਕੀਲ ਨੂੰ ਸ਼ਰ੍ਹੇਆਮ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਤੋਂ ਪਹਿਲਾਂ ਪੀਜੀ ਵਿੱਚ ਰਹਿੰਦੀ ਇਕ ਲੜਕੀ ਨੂੰ ਮਾਰਕੀਟ ਦੇ ਪਿੱਛੇ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੋਹਾਣਾ: ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜੋਤੀ ਜੋਤ ਪੁਰਬ ਸ਼ਰਧਾ ਨਾਲ ਮਨਾਇਆ

ਗੁਰਦੁਆਰਾ ਸੋਹਾਣਾ: ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜੋਤੀ ਜੋਤ ਪੁਰਬ ਸ਼ਰਧਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ…