Nabaz-e-punjab.com

ਬਲੌਂਗੀ ਪੁਲੀਸ ਵੱਲੋਂ ਪਿੰਡ ਰਾਮਗੜ੍ਹ ਦਾਊਂ ਦੀ ਅੌਰਤ ਦੇ ਕਤਲ ਦਾ ਮਾਮਲਾ ਸੁਲਝਾਇਆ, ਦੋਸ਼ੀ ਕਾਬੂ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 29 ਫਰਵਰੀ:
ਬਲੌਂਗੀ ਪੁਲੀਸ ਨੇ ਬੀਤੀ 15-16 ਫਰਵਰੀ ਦੀ ਦਰਮਿਆਨੀ ਰਾਤ ਨੂੰ ਨੇੜਲੇ ਪਿੰਡ ਰਾਮਗੜ੍ਹ ਦਾਊਂ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਘਰ ਵਿੱਚ ਦਾਖ਼ਲ ਹੋ ਕੇ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰੀ ਅੌਰਤ ਕਮਲੇਸ਼ ਕੁਮਾਰੀ ਦੀ ਹੱਤਿਆ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲੀਸ ਨੇ ਵਿਕਾਸ ਪਾਂਡੇ ਅਤੇ ਰਵੀ ਕੁਮਾਰ ਨਾਮ ਦੇ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ।
ਉਹਨਾਂ ਦੱਸਿਆ ਕਿ 15-16 ਫਰਵਰੀ ਦੀ ਦਰਮਿਆਨੀ ਰਾਤ ਨੂੰ ਪਿੰਡ ਰਾਮਗੜ੍ਹ ਦਾਊਂ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਘਰ ਵਿੱਚ ਦਾਖਲ ਹੋ ਕੇ ਇੱਕ ਮਹਿਲਾ ਕਮਲੇਸ਼ ਕੁਮਾਰੀ ਨੂੰ ਗਲਾ ਘੁੱਟ ਕੇ ਮਾਰ ਦਿਤਾ ਗਿਆ ਸੀ। ਇਸ ਮੌਕੇ ਘਰ ’ਚੋਂ ਮੋਬਾਈਲ ਫੋਨ ਅਤੇ 2500 ਰੁਪਏ ਵੀ ਚੋਰੀ ਹੋਏ ਸਨ। ਪੁਲੀਸ ਨੇ ਇਸ ਸਬੰਧੀ ਬਲੌਂਗੀ ਥਾਣੇ ਵਿੱਚ ਮਾਮਲਾ ਦਰਜ ਕਰਕੇ ਰਜਿੰਦਰ ਸ਼ਰਮਾ ਅਤੇ ਅਮਰ ਸ਼ਰਮਾ ਵਸਨੀਕ ਬਨਕੱਟ, ਜ਼ਿਲ੍ਹਾ ਬੇਤੀਆ, ਬਿਹਾਰ ਨੂੰ 24 ਫਰਵਰੀ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਕੋਲੋਂ ਚੋਰੀ ਕੀਤਾ ਮੋਬਾਈਲ ਫੋਨ ਬਰਾਮਦ ਕੀਤਾ ਸੀ।
ਉਹਨਾਂ ਦੱਸਿਆ ਕਿ ਇਹਨਾਂ ਦੋਵਾਂ ਵਿਅਕਤੀਆਂ ਨੂੰ ਪੁਲੀਸ ਵੱਲੋਂ 26 ਫਰਵਰੀ ਨੂੰ ਖਰੜ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਲਿਆ ਗਿਆ ਸੀ, ਰਿਮਾਂਡ ਦੌਰਾਨ ਅਮਰ ਸ਼ਰਮਾ ਨੇ ਦੱਸਿਆ ਕਿ ਇਹ ਮੋਬਾਈਲ ਉਸ ਨੂੰ ਵਿਕਾਸ ਪਾਂਡੇ ਅਤੇ ਰਵੀ ਕੁਮਾਰ ਨੇ ਦਿੱਤਾ ਸੀ, ਜਿਸ ਤੇ ਪੁਲੀਸ ਨੇ ਵਿਕਾਸ ਪਾਂਡੇ ਅਤੇ ਰਵੀ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਹਨਾਂ ਦੱਸਿਆ ਕਿ ਪੁਲੀਸ ਜਾਂਚ ਵਿੱਚ ਇਹ ਤੱਥ ਸਾਹਮਣੇ ਆਏ ਹਨ ਕਿ ਰਵੀ ਕੁਮਾਰ ਅਤੇ ਵਿਕਾਸ ਪਾਂਡੇ 15-16 ਫਰਵਰੀ ਦੀ ਦਰਮਿਆਨੀ ਰਾਤ ਨੂੰ ਪਿੰਡ ਰਾਮਗੜ੍ਹ ਦਾਊਂ ਵਿੱਚ ਘਰ ਵਿੱਚ ਲੁੱਟ ਖੋਹ ਕਰਨ ਦੇ ਇਰਾਦੇ ਨਾਲ ਖਿੜਕੀ ਤੋੜ ਕੇ ਘਰ ਵਿੱਚ ਦਾਖਲ ਹੋਏ ਸਨ, ਘਰ ਵਿੱਚ ਸੁੱਤੀ ਪਈ ਕਮਲੇਸ਼ ਕੁਮਾਰੀ ਦੀ ਅਚਾਨਕ ਅੱਖ ਖੁੱਲ੍ਹ ਜਾਣ ਅਤੇ ਉਸਨੇ ਵਿਕਾਸ ਪਾਂਡੇ ਨੂੰ ਪਛਾਣ ਲਿਆ ਸੀ। ਜਿਸ ਕਾਰਨ ਫੜੇ ਜਾਣ ਦੇ ਡਰੋਂ ਰਵੀ ਕੁਮਾਰ ਅਤੇ ਵਿਕਾਸ ਪਾਂਡੇ ਨੇ ਕਮਲੇਸ਼ ਕੁਮਾਰੀ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਸੀ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …