Nabaz-e-punjab.com

ਅੱਠਵੀਂ ਤੇ ਬਾਰ੍ਹਵੀਂ ਸ਼ੇ੍ਰਣੀ ਦੀਆਂ ਸਾਲਾਨਾ ਪ੍ਰੀਖਿਆ 3 ਮਾਰਚ ਤੋਂ, ਸਿੱਖਿਆ ਬੋਰਡ ਵੱਲੋਂ ਸਾਰੇ ਪ੍ਰਬੰਧ ਮੁਕੰਮਲ

ਸਾਰੇ ਪ੍ਰੀਖਿਆ ਕੇਂਦਰਾਂ ਦੇ ਆਲੇ ਦੁਆਲੇ 100 ਮੀਟਰ ਘੇਰੇ ਅੰਦਰ ਧਾਰਾ 144 ਲਾਗੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਾਰਚ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਭਲਕੇ 3 ਮਾਰਚ ਤੋਂ ਸ਼ੁਰੂ ਹੋਣ ਵਾਲੀਆਂ ਅੱਠਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀ ਸਾਲਾਨਾ ਪ੍ਰੀਖਿਆਵਾਂ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਵਾਰ ਪ੍ਰੀਖਿਆਰਥੀਆਂ ਨੂੰ ਪੜ੍ਹਨ ਲਈ ਸਟੀਕ ਸਿਲੇਬਸ ਤੇ ਭੈਅ ਮੁਕਤ ਮਾਹੌਲ ਦੇ ਕੇ ਨਕਲ-ਰਹਿਤ ਪ੍ਰੀਖਿਆ ਕਰਵਾਉਣਾ ਅਤੇ ਵਧੀਆ ਨਤੀਜਿਆਂ ਤੱਕ ਪੁੱਜਣਾ ਕਰਨ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ। ਜਿਸ ਦੇ ਤਹਿਤ ਸਮੇਂ ਦੀ ਮੰਗ ਅਤੇ ਲੋੜ ਅਨੁਸਾਰ ਵਧੇਰੇ ਪ੍ਰੀਖਿਆ ਕੇਂਦਰਾਂ ਦੀ ਸਥਾਪਨਾ, ਡੇਟਸ਼ੀਟ ਵਿੱਚ ਤਬਦੀਲੀਆਂ ਕਰਨ ਵਰਗੇ ਕਾਰਜਾਂ ਤੋਂ ਇਲਾਵਾ ਅੰਦਰੂਨੀ ਤੌਰ ’ਤੇ ਪ੍ਰੀਖਿਆਰਥੀਆਂ ਦੀ ਤਿਆਰੀ ਲਈ ਸਿੱਖਿਆ ਬੋਰਡ ਨੇ ਐੱਸਸੀਈਆਰਟੀ ਦੇ ਸਹਿਯੋਗ ਨਾਲ ਵਿਦਿਆਰਥੀਆਂ ਲਈ ਮਾਡਲ ਪੇਪਰ ਵੀ ਮੁਹੱਈਆ ਕਰਵਾਏ ਹਨ।
ਸਕੂਲ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਐਤਕੀਂ ਸਿੱਖਿਆ ਨੀਤੀ ਦੇ ਨਾਲ-ਨਾਲ ਪ੍ਰੀਖਿਆ ਨੀਤੀ ਵਿੱਚ ਵੀ ਕੁਝ ਤਬਦੀਲੀਆਂ ਕਰਕੇ ਵਿਦਿਆਰਥੀ ਦਾ ਸਰਬਪੱਖੀ ਪਹਿਲੂਆਂ ਤੋਂ ਮੁਲਾਂਕਣ ਕੀਤਾ ਜਾਣਾ ਹੈ। ਸਵੇਰੇ ਅਤੇ ਸ਼ਾਮ ਦੇ ਸੈਸ਼ਨਾਂ ਵਿੱਚ ਨਾਲੋ-ਨਾਲ ਕਰਵਾਈ ਜਾਣ ਵਾਲੀ ਅੱਠਵੀਂ ਅਤੇ ਸੀਨੀਅਰ ਸੈਕੰਡਰੀ ਸ਼੍ਰੇਣੀਆਂ ਦੀ ਪ੍ਰੀਖਿਆਵਾਂ ਵਿੱਚ 6 ਲੱਖ 20 ਹਜ਼ਾਰ ਵਿਦਿਆਰਥੀ ਅਪੀਅਰ ਹੋਣਗੇ। ਇਸ ਸਬੰਧੀ 5 ਹਜ਼ਾਰ ਤੋਂ ਵੱਧ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਜਿਨ੍ਹਾਂ ਵਿੱਚ ਸਾਢੇ 23 ਹਜ਼ਾਰ ਤੋਂ ਵੱਧ ਨਿਗਰਾਨ ਸਟਾਫ਼ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ 3200 ਸਟਾਫ਼ ਆਬਜ਼ਰਵਰ ਅਤੇ ਵਿਜੀਲੈਂਸ ਵਜੋਂ ਡਿਊਟੀ ਨਿਭਾਏਗਾ। ਨਕਲ ਰੋਕਣ ਲਈ ਉਡਣ ਦਸਤਿਆਂ ਦੀ ਡਿਊਟੀ ਵੱਖਰੀ ਲਗਾਈ ਗਈ ਹੈ। ਹਰ ਪ੍ਰੀਖਿਆ ਕੇਂਦਰ ਵਿੱਚ 125 ਪ੍ਰੀਖਿਆਰਥੀ ਬੈਠਣਗੇ ਅਤੇ ਹਰ ਕੇਂਦਰ ਲਈ ਅੌਸਤਨ 6 ਵਿਅਕਤੀਆਂ ਦਾ ਸਟਾਫ਼ ਨਿਗਰਾਨ ਵਜੋਂ ਕਾਰਜ ਕਰੇਗਾ।
ਉਨ੍ਹਾਂ ਦੱਸਿਆ ਕਿ ਸਿੱਖਿਆ ਬੋਰਡ ਵੱਲੋਂ ਪ੍ਰਸ਼ਨ ਪੱਤਰ ਪਹਿਲਾਂ ਹੀ ਬੈਂਕਾਂ ਦੇ ਲਾਕਰਾਂ ਵਿੱਚ ਸੁਰੱਖਿਅਤ ਰੱਖੇ ਗਏ ਹਨ। ਸਬੰਧਤ ਅਮਲੇ ਲਈ ਪ੍ਰਸ਼ਨ ਪੱਤਰ, ਪ੍ਰੀਖਿਆ ਕੇਂਦਰਾਂ ਤੱਕ ਲਿਆਉਣ-ਲਿਜਾਉਣ ਲਈ ਸਖ਼ਤ ਪੁਲੀਸ ਪਹਿਰੇ ਹੇਠ ਕਾਰਜ ਕਰਨ ਦੇ ਪ੍ਰਬੰਧ ਤੇ ਨਿਸ਼ਚਿਤ ਸਮੇਂ ਸਬੰਧੀ ਮਸ਼ਕਾਂ ਵੀ ਕਰਕੇ ਵੇਖ ਲਈਆਂ ਗਈਆਂ ਹਨ। ਸਕੂਲ ਬੋਰਡ ਅਤੇ ਸਿੱਖਿਆ ਵਿਭਾਗ ਲਈ ਅਜਿਹੇ ਮਾਹੌਲ ਵਿੱਚ ਅੱਠਵੀਂ ਦੇ ਪੱਧਰ ’ਤੇ ਬੋਰਡ ਦੀ ਪ੍ਰੀਖਿਆ ਅਰੰਭ ਕਰਨ, ਨਕਲ ਰਹਿਤ ਤੇ ਪ੍ਰੀਖਿਆਰਥੀਆਂ ਲਈ ਭੈਅ ਮੁਕਤ ਪ੍ਰੀਖਿਆਵਾਂ ਕਰਵਾਉਣ ਚੁਨੌਤੀ ਵਜੋਂ ਲਿਆ ਜਾ ਰਿਹਾ ਹੈ।
(ਬਾਕਸ ਆਈਟਮ)
ਉੱਤਰ ਪੱਤਰੀਆਂ ਦੇ ਮੁਲਾਂਕਣ ਦੇ ਕਾਰਜਾਂ ਨੂੰ ਵੀ ਤਕਨੀਕੀ ਦਰੁਸਤਗੀ ਨਾਲ ਛੇਤੀ ਸਿਰੇ ਚਾੜ੍ਹ ਕੇ ਨਤੀਜੇ ਤਿਆਰ ਕਰਵਾਉਣਾ ਅਗਲੀ ਚੁਨੌਤੀ ਹੋਵੇਗੀ। ਜਿਸ ਲਈ ਸਿੱਖਿਆ ਬੋਰਡ ਵੱਲੋਂ ਕੰਪਿਊਟਰ ਸੈੱਲ ਰਾਹੀਂ ਟੈਂਪਲੈਟਸ ਤਿਆਰ ਕੀਤੇ ਗਏ ਹਨ। ਜਿਨ੍ਹਾਂ ਅਨੁਸਾਰ ਮੁਲਾਂਕਣ ਕਰਤਾ ਅਧਿਆਪਕ ਉੱਤਰ ਪੱਤਰੀਆਂ ਦਾ ਮੁਲਾਂਕਣ ਕਰ ਆਨਲਾਈਨ ਹੀ ਪ੍ਰੀਖਿਆਰਥੀਆਂ ਦੀ ਕਾਰਗੁਜ਼ਾਰੀ ਬੋਰਡ ਤੱਕ ਪੁੱਜਦਾ ਕਰਨਗੇ। ਇਹ ਸਾਰਾ ਕਾਰਜ ਬਾਰ ਕੋਡਿੰਗ ਤਹਿਤ ਹੋਣ ਕਾਰਨ ਇਸ ਦੇ ਲੀਕ ਹੋਣ ਜਾਂ ਕਿਸੇ ਪੱਖੋਂ ਤਬਦੀਲੀ ਕੀਤੇ ਜਾਣ ਦੀ ਕੋਈ ਸੰਭਾਵਨਾ ਨਹੀਂ ਛੱਡੀ ਜਾ ਰਹੀ ਹੈ। ਪ੍ਰੈਕਟੀਕਲ ਅਤੇ ਸੀਸੀਈ ਦੇ ਅੰਕ ਵੀ ਇਵੇਂ ਹੀ ਫੌਰੀ ਤੌਰ ’ਤੇ ਪੁੱਜਦੇ ਕੀਤੇ ਜਾਣਗੇ। ਬੋਰਡ ਵੱਲੋਂ ਪ੍ਰੀਖਿਆਵਾਂ ਲਈ ਸਾਰੀ ਮਸ਼ੀਨਰੀ ਬਾਕਾਇਦਾ ਚੁਸਤ ਦਰੁਸਤ ਕਰ ਦਿੱਤੀ ਗਈ ਹੈ।
(ਬਾਕਸ ਆਈਟਮ)
ਮੁਹਾਲੀ ਦੀ ਕਾਰਜਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਆਸ਼ਿਕਾ ਜੈਨ ਨੇ ਸਾਲਾਨਾ ਬੋਰਡ ਪ੍ਰੀਖਿਆਵਾਂ ਦੇ ਮੱਦੇਨਜ਼ਰ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣਾ ਜ਼ਰੂਰੀ ਸਮਝਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜ਼ਿਲ੍ਹਾ ਮੁਹਾਲੀ ਵਿੱਚ ਸਥਾਪਿਤ ਕੀਤੇ ਗਏ ਪ੍ਰੀਖਿਆ ਕੇਂਦਰਾਂ ਦੇ ਆਲੇ ਦੁਆਲੇ 100 ਮੀਟਰ ਦੇ ਏਰੀਆ ਵਿੱਚ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ 5 ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪੂਰਨ ਪਾਬੰਦੀ ਦੇ ਹੁਕਮ ਲਾਗੂ ਕੀਤੇ ਹਨ। ਇਹ ਕਾਰਵਾਈ ਸਿੱਖਿਆ ਬੋਰਡ ਦੇ ਸਕੱਤਰ ਮੁਹੰਮਦ ਤਈਅਬ ਦੇ ਪੱਤਰ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ। ਸਕੱਤਰ ਵੱਲੋਂ ਮੁਹਾਲੀ ਪ੍ਰਸ਼ਾਸਨ ਨੂੰ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ 3 ਮਾਰਚ ਤੋਂ 13 ਅਪਰੈਲ 2020 ਤੱਕ ਕਰਵਾਉਣ ਬਾਰੇ ਪੱਤਰ ਲਿਖਿਆ ਹੈ। ਜਿਸ ਦੇ ਤਹਿਤ ਪ੍ਰੀਖਿਆ ਕੇਂਦਰਾਂ ਦੇ ਆਲੇ ਦੁਆਲੇ ਦੇ 100 ਮੀਟਰ ਦੇ ਘੇਰੇ ਵਿੱਚ ਪ੍ਰੀਖਿਆਰਥੀਆਂ ਦੇ ਮਾਪੇ, ਰਿਸ਼ਤੇਦਾਰ ਅਤੇ ਆਮ ਲੋਕ ਇਕੱਤਰ ਨਹੀਂ ਹੋ ਸਕਣਗੇ। ਇਹ ਹੁਕਮ ਭਲਕੇ 3 ਮਾਰਚ ਤੋਂ 13 ਅਪਰੈਲ ਤੱਕ ਤੁਰੰਤ ਅਸਰ ਨਾਲ ਲਾਗੂ ਰਹਿਣਗੇ।

Load More Related Articles
Load More By Nabaz-e-Punjab
Load More In General News

Check Also

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼ ਨਬਜ਼-ਏ-ਪੰਜਾਬ, ਮੁਹਾਲੀ, 29 ਨਵੰਬਰ: ਇੱਥੋਂ ਦ…