Nabaz-e-punjab.com

ਸਾਲਾਨਾ ਪ੍ਰੀਖਿਆਵਾਂ: ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕੀਤੀ ਪ੍ਰੀਖਿਆ ਕੇਂਦਰਾਂ ਦੀ ਚੈਕਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਾਰਚ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੁੱਧਵਾਰ ਨੂੰ ਸਵੇਰੇ ਅਤੇ ਸ਼ਾਮ ਦੇ ਸੈਸ਼ਨ ਵਿੱਚ ਕ੍ਰਮਵਾਰ ਅੱਠਵੀਂ ਸ਼੍ਰੇਣੀ ਦੀ ਵਿਗਿਆਨ ਅਤੇ ਬਾਰ੍ਹਵੀਂ ਸ਼੍ਰੇਣੀ ਦੀ ਮਨੋਵਿਗਿਆਨ, ਸੰਗੀਤ (ਗਾਇਨ), ਸੰਸਕ੍ਰਿਤ ਅਤੇ ਬਿਜ਼ਨਸ ਆਰਗੇਨਾਈਜ਼ੇਸ਼ਨ ਐਂਡ ਮੈਨੇਜਮੈਂਟ ਆਦਿ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਲਈਆਂ ਗਈਆਂ। ਇਨ੍ਹਾਂ ਪ੍ਰੀਖਿਆਵਾਂ ਦੌਰਾਨ ਦੋਵੇਂ ਸੈਸ਼ਨਾਂ ਵਿੱਚ ਮਾਹੌਲ ਸ਼ਾਂਤੀਪੂਰਨ ਰਿਹਾ। ਉਧਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਹਿੰਮਤ ਸਿੰਘ ਹੁੰਦਲ ਨੇ ਅੱਜ ਸਰਕਾਰੀ ਹਾਈ ਸਕੂਲ ਪਿੰਡ ਲਾਂਡਰਾਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਛਲੀ ਕਲਾਂ ਅਤੇ ਝੰਜੇੜੀ ਸਮੇਤ ਮੁਹਾਲੀ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦਾ ਦੌਰਾ ਕਰਕੇ ਨਿਰੀਖਣ ਕੀਤਾ ਅਤੇ ਪ੍ਰੀਖਿਆ ਦੇ ਵਿਦਿਆਰਥੀਆਂ ਅਤੇ ਪ੍ਰੀਖਿਆ ਅਮਲੇ ਨਾਲ ਵੀ ਗੱਲ ਕੀਤੀ। ਚੈਕਿੰਗ ਦੌਰਾਨ ਸਾਰੀਆਂ ਥਾਵਾਂ ’ਤੇ ਪ੍ਰੀਖਿਆ ਦਾ ਪ੍ਰਬੰਧ ਤਸੱਲੀਬਖ਼ਸ਼ ਪਾਇਆ ਗਿਆ ਅਤੇ ਕਿਸੇ ਵੀ ਥਾਂ ਨਕਲ ਜਾਂ ਪ੍ਰਬੰਧਾਂ ਵਿੱਚ ਊਣਤਾਈ ਨਹੀਂ ਮਿਲੀ।
ਉਧਰ, ਸਿੱਖਿਆ ਬੋਰਡ ਦੀ ਜਾਣਕਾਰੀ ਅਨੁਸਾਰ ਬਾਰ੍ਹਵੀਂ ਸ਼੍ਰੇਣੀ ਦੇ ਵਿਸ਼ਾ ਸੰਗੀਤ ਗਾਇਨ ਦੀ ਪ੍ਰੀਖਿਆ ਵਿੱਚ ਕੁੱਲ 2096 ਪ੍ਰੀਖਿਆਰਥੀ ਅਪੀਅਰ ਹੋਏ। ਜਿਨ੍ਹਾਂ ’ਚੋਂ 74 ਪ੍ਰੀਖਿਆਰਥੀ ਓਪਨ ਸਕੂਲ ਪ੍ਰਣਾਲੀ ਨਾਲ ਸਬੰਧਤ ਸਨ ਜਦੋਂਕਿ ਮਨੋਵਿਗਿਆਨ ਦੀ ਪ੍ਰੀਖਿਆ ਵਿੱਚ ਕੁੱਲ 878 ਪ੍ਰੀਖਿਆਰਥੀ ਅਪੀਅਰ ਹੋਏ। ਵਿਸ਼ਾ ਸੰਸਕ੍ਰਿਤ ਲਈ ਰਾਜ ਭਰ ’ਚੋਂ 387 ਪ੍ਰੀਖਿਆਰਥੀ ਅਤੇ ਕਾਮਰਸ ਦੇ ਵਿਸ਼ਾ ਬਿਜ਼ਨਸ ਮੈਨੇਜਮੈਂਟ ਐਂਡ ਆਰਗੇਨਾਈਜਸ਼ਨ ਦੀ ਪ੍ਰੀਖਿਆ ਕੁੱਲ 76 ਪ੍ਰੀਖਿਆਰਥੀਆਂ ਨੇ ਦਿੱਤੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪੰਜਾਬੀ (ਲਾਜ਼ਮੀ) ਦੀ ਪ੍ਰੀਖਿਆ ਵਿੱਚ 2 ਲੱਖ 88 ਹਜ਼ਾਰ ਤੋਂ ਵੱਧ ਪ੍ਰੀਖਿਆਰਥੀ ਅਪੀਅਰ ਹੋਏ। ਜਿਨ੍ਹਾਂ ’ਚੋਂ 21 ਹਜ਼ਾਰ ਤੋਂ ਵੱਧ ਪ੍ਰੀਖਿਆਰਥੀ ਓਪਨ ਸਕੂਲ ਪ੍ਰਣਾਲੀ ਰਾਹੀਂ ਪ੍ਰੀਖਿਆ ਵਿੱਚ ਬੈਠੇ ਜਦੋਂਕਿ 910 ਪ੍ਰੀਖਿਆਰਥੀਆਂ ਨੇ ਪੰਜਾਬ ਦਾ ਇਤਿਹਾਸ ਅਤੇ ਸਭਿਆਚਾਰ ਵਿਸ਼ੇ ਦਾ ਪੇਪਰ ਦਿੱਤਾ ਸੀ।
ਇਸੇ ਦੌਰਾਨ ਪੰਜਾਬ ਭਰ ਵਿੱਚ ਅੱਠਵੀਂ ਸ਼੍ਰੇਣੀ ਦੇ ਵਿਸ਼ਾ ਵਿਗਿਆਨ ਦੀ ਪ੍ਰੀਖਿਆ ਵਿੱਚ ਕੁੱਲ 3 ਲੱਖ 18 ਹਜ਼ਾਰ 768 ਪ੍ਰੀਖਿਆਰਥੀਆਂ ਬੈਠੇ ਜਦੋਂਕਿ ਮੰਗਲਵਾਰ ਨੂੰ ਪਹਿਲੀ ਭਾਸ਼ਾ ਦੀ ਪ੍ਰੀਖਿਆ ਵਿੱਚ ਵਿਸ਼ਾ ਪੰਜਾਬੀ ਲਈ ਲਗਭਗ 2 ਲੱਖ 74 ਹਜ਼ਾਰ, ਹਿੰਦੀ ਲਈ ਲਗਭਗ 44 ਹਜ਼ਾਰ ’ਤੇ ਵਿਸ਼ਾ ਉਰਦੂ ਲਈ ਚਾਰ ਪ੍ਰੀਖਿਆਰਥੀ ਅਪੀਅਰ ਹੋਏ। ਉਧਰ, ਅੱਠਵੀਂ ਸ਼੍ਰੇਣੀ ਦੀ ਵਿਗਿਆਨ ਵਿਸ਼ੇ ਦੀ ਅਤੇ ਬਾਰ੍ਹਵੀਂ ਦੇ ਮਨੋਵਿਗਿਆਨ, ਸੰਗੀਤ (ਗਾਇਨ), ਸੰਸਕ੍ਰਿਤ ਅਤੇ ਬਿਜ਼ਨਸ ਆਰਗੇਨਾਈਜ਼ੇਸ਼ਨ ਐੱਡ ਮੈਨੇਜਮੈਂਟ ਵਿਸ਼ਿਆਂ ਦੀ ਪ੍ਰੀਖਿਆ ਮੁਕੰਮਲ ਤੌਰ ’ਤੇ ਸ਼ਾਂਤੀਪੂਰਨ ਰਹੀ ਅਤੇ ਸੂਚਨਾ ਅਨੁਸਾਰ ਪ੍ਰੀਖਿਆ ਦੌਰਾਨ ਨਕਲ ਜਾਂ ਕਿਸੇ ਵੀ ਤਰਾਂ ਦੀ ਗੈਰ-ਅਨੁਸ਼ਾਸਨੀ ਗਤੀਵਿਧੀ ਦੀ ਕੋਈ ਸੂਚਨਾ ਪ੍ਰਾਪਤ ਨਹੀਂ ਹੋਈ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…