nabaz-e-punjab.com

ਪਿੰਡ ਮਟੌਰ ਦੇ ਹੋਟਲ ’ਚੋਂ ਅਸਲੇ ਸਣੇ ਦੋ ਗੈਂਗਸਟਰ ਕਾਬੂ?

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਾਰਚ:
ਬੀਤੀ ਰਾਤ ਇੱਕ ਪੁਲੀਸ ਟੀਮ ਵੱਲੋਂ ਮਟੌਰ ਦੇ ਇੱਕ ਹੋਟਲ ਵਿੱਚ ਛਾਪੇਮਾਰੀ ਕਰਕੇ ਉੱਥੋਂ ਦੋ ਨੌਜਵਾਨਾਂ ਨੂੰ ਕਾਬੂ ਕਰਨ ਦਾ ਸਮਾਚਾਰ ਹੈ। ਹਾਲਾਂਕਿ ਮੁਹਾਲੀ ਪੁਲੀਸ ਦੇ ਅਧਿਕਾਰੀਆਂ ਵੱਲੋਂ ਅਜਿਹੀ ਕਿਸੇ ਵੀ ਕਾਰਵਾਈ ਤੋਂ ਸਾਫ਼ ਇਨਕਾਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਇਹ ਚਰਚਾ ਹੈ ਕਿ ਪੁਲੀਸ ਟੀਮ ਵੱਲੋਂ ਕਾਬੂ ਕੀਤੇ ਗਏ ਇਹ ਦੋਵੇਂ ਵਿਅਕਤੀ ਗੈਂਗਸਟਰ ਸਨ ਅਤੇ ਇਹਨਾਂ ਕੋਲੋਂ ਪੁਲੀਸ ਨੇ ਅਸਲਾ ਵੀ ਬਰਾਮਦ ਕੀਤਾ ਹੈ। ਬੀਤੀ ਰਾਤ ਸਾਢੇ ਸੱਤ ਵਜੇ ਦੇ ਕਰੀਬ ਮਟੌਰ ਵਿੱਚ ਸਥਿਤ ਹੋਟਲ ਇੰਪਾਇਰ ਵਿੱਚ ਪੁਲੀਸ ਟੀਮ ਵੱਲੋਂ ਛਾਪਾ ਮਾਰਿਆ ਗਿਆ ਸੀ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਪਾਈ ਹੈ ਕਿ ਛਾਪੇਮਾਰੀ ਦੀ ਕਾਰਵਾਈ ਨੂੰ ਅੰਜਾਮ ਦੇਣ ਵਾਲੀ ਪੁਲੀਸ ਟੀਮ ਕਿੱਥੋਂ ਆਈ ਸੀ।
ਜਾਣਕਾਰੀ ਅਨੁਸਾਰ ਛਾਪੇਮਾਰੀ ਕਰਨ ਲਈ ਪੁਲੀਸ ਦੀਆਂ ਤਿੰਨ ਗੱਡੀਆਂ ਆਈਆਂ ਸਨ ਜਿਨ੍ਹਾਂ ’ਚੋਂ ਦੋ ਗੱਡੀਆਂ ਪੀਸੀਆਰ ਵਾਹਨ ਵਰਗੀਆਂ ਸਨ ਅਤੇ ਇੱਕ ਗੱਡੀ ਹੋਰ ਸੀ। ਜਾਣਕਾਰੀ ਅਨੁਸਾਰ ਪੁਲੀਸ ਟੀਮ ਵੱਲੋਂ ਛਾਪੇਮਾਰੀ ਦੌਰਾਨ ਹੋਟਲ ਦੇ ਇੱਕ ਕਮਰੇ ਵਿੱਚ ਰੁਕੇ ਦੋ ਵਿਅਕਤੀਆਂ ਨੂੰ ਉਹਨਾਂ ਦੇ ਸਾਮਾਨ ਸਮੇਤ ਕਾਬੂ ਕਰ ਲਿਆ। ਇਸਦੇ ਨਾਲ ਹੀ ਪੁਲੀਸ ਨੇ ਹੋਟਲ ਸਟਾਫ਼ ਦੇ ਕੁੱਝ ਵਿਅਕਤੀ ਵੀ ਫੜ ਲਏ ਜਿਹਨਾਂ ਨੂੰ ਪੁਲੀਸ ਟੀਮ ਨਾਲ ਹੀ ਲੈ ਗਈ ਪਰੰਤੂ ਬਾਅਦ ਵਿੱਚ ਇਹਨਾਂ ਨੂੰ ਛੱਡ ਦਿੱਤਾ ਗਿਆ। ਪੁਲਸ ਟੀਮ ਨੇ ਹੋਟਲ ਦੇ ਸੀਸੀਟੀਵੀ ਕੈਮਰੇ ਦੀ ਡੀਵੀਆਰ, ਹੋਟਲ ਦਾ ਐੱਟਰੀ ਰਿਕਾਰਡ ਅਤੇ ਸਟਾਫ ਦੇ ਮੋਬਾਈਲ ਆਪਣੇ ਕਬਜ਼ੇ ਵਿੱਚ ਲੈ ਲਏ।
ਹੋਟਲ ਵਿੱਚ ਮੌਜੂਦ ਦਿਨ ਦੀ ਡਿਊਟੀ ਕਰਨ ਵਾਲੇ ਮੈਨੇਜਰ ਅਜੇ ਨੇ ਦੱਸਿਆ ਕਿ ਬੀਤੀ ਸ਼ਾਮ 4 ਵਜੇ ਦੋ ਨੌਜਵਾਨ ਹੋਟਲ ਵਿੱਚ ਰਹਿਣ ਲਈ ਆਏ ਸਨ ਅਤੇ ਇਹਨਾਂ ਨੇ ਇੱਕ ਕਮਰਾ ਲਿਆ ਸੀ। ਇਹਨਾਂ ਨੌਜਵਾਨਾਂ ਦੀ ਪਹਿਚਾਣ ਬਾਰੇ ਪੁੱਛਣ ਤੇ ਉਸਨੇ ਦੱਸਿਆ ਕਿ ਇਹਨਾਂ ਨੌਜਵਾਨਾਂ ਨੂੰ ਕਾਬੂ ਕਰਨ ਆਈ ਪੁਲੀਸ ਟੀਮ ਹੋਟਲ ਦਾ ਐਂਟਰੀ ਰਜਿਸਟਰ ਵੀ ਆਪਣੇ ਨਾਲ ਲੈ ਗਈ ਹੈ ਅਤੇ ਉਹ ਜੁਬਾਨੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਦੇ ਸਕਦਾ।
ਇਸ ਹੋਟਲ ਵਿੱਚ ਰਹਿਣ ਵਾਲੇ ਲੋਕਾਂ ਨੂੰ ਖਾਣਾ ਸਪਲਾਈ ਕਰਨ ਵਾਲੇ ਕੁੱਕ ਭੁਪਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਸਾਢੇ ਸੱਤ ਵਜੇ ਦੇ ਕਰੀਬ ਉਹ ਰੋਜ ਦੀ ਤਰ੍ਹਾਂ ਖਾਣੇ ਦਾ ਆਰਡਰ ਲੈਣ ਆਇਆ ਸੀ ਅਤੇ ਉਸੇ ਵੇਲੇ ਅਚਾਨਕ ਪੁਲੀਸ ਟੀਮ ਆ ਗਈ। ਪੁਲੀਸ ਨੇ ਉਸ ਸਮੇਤ ਹੋਟਲ ਦੇ ਸਾਰੇ ਮੁਲਾਜਮਾਂ ਨੂੰ ਇੱਕ ਪਾਸੇ ਕਰ ਦਿੱਤਾ ਅਤੇ ਉਹਨਾਂ ਸਭ ਦੇ ਮੋਬਾਈਲ ਫੋਨ ਵੀ ਲੈ ਲਏ ਗਏ। ਉਸਨੇ ਦੱਸਿਆ ਕਿ ਉਸਦੇ ਨਾਲ ਹੋਟਲ ਵਿੱਚ ਆਏ ਉਸਦੇ ਪੁੱਤਰ ਨੂੰ ਵੀ ਪੁਲੀਸ ਆਪਣੇ ਨਾਲ ਲੈ ਗਈ ਸੀ ਜਿਸ ਨੂੰ ਬਾਅਦ ਵਿੱਚ ਫੇਜ਼ 11 ਵਿੱਚ ਲਿਜਾ ਕੇ ਛੱਡ ਦਿੱਤਾ ਗਿਆ।
ਉਧਰ, ਮੁਹਾਲੀ ਦੀ ਏਐਸਪੀ ਸ੍ਰੀਮਤੀ ਅਸ਼ਵਨੀ ਗੋਟਿਆਲ ਨੇ ਅਜਿਹੀ ਕਿਸੇ ਵੀ ਕਾਰਵਾਈ ਤੋਂ ਇਨਕਾਰ ਕਰਦਿਆਂ ਕਿਹਾ ਕਿ ਮੁਹਾਲੀ ਪੁਲੀਸ ਵਲੋੱ ਮਟੌਰ ਦੇ ਕਿਸੇ ਵੀ ਹੋਟਲ ਵਿੱਚ ਛਾਪੇਮਾਰੀ ਨਹੀਂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜੇਕਰ ਬਾਹਰ ਤੋਂ ਵੀ ਕੋਈ ਪੁਲੀਸ ਟੀਮ ਆਈ ਹੁੰਦੀ ਤਾਂ ਉਸ ਵਲੋੱ ਵੀ ਆਪਣੀ ਕਾਰਵਾਈ ਦੀ ਜਾਣਕਾਰੀ ਸੰਬੰਧਿਤ ਪੁਲੀਸ ਥਾਣੇ ਵਿੱਚ ਦਰਜ ਕਰਵਾਉਣ ਜ਼ਰੂਰੀ ਹੁੰਦੀ ਹੈ ਪ੍ਰੰਤੂ ਕਿਸੇ ਵੀ ਥਾਣੇ ਵਿੱਚ ਇਸ ਸੰਬੰਧੀ ਕੋਈ ਸੂਚਨਾ ਦਰਜ ਨਹੀਂ ਹੈ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…