Nabaz-e-punjab.com

ਆਟਾ-ਦਾਲ ਸਕੀਮ: ਨੀਲੇ ਕਾਰਡ ਧਾਰਕਾਂ ਨੂੰ ਰਾਸ਼ਨ ਡਿੱਪੂ ’ਤੇ ਨਹੀਂ ਮਿਲੀ ਕਣਕ

ਪਿੰਡ ਕੁੰਭੜਾ ਦੇ ਪੀੜਤ ਲਾਭਪਾਤਰੀਆਂ ਨੇ ਡਿੱਪੂ ਹੋਲਡਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ, ਕਾਰਵਾਈ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਾਰਚ:
ਪੰਜਾਬ ਸਰਕਾਰ ਵੱਲੋਂ ਆਟਾ-ਦਾਲ ਸਕੀਮ ਤਹਿਤ ਪਿੰਡ ਕੁੰਭੜਾ ਵਿੱਚ ਨੀਲੇ ਕਾਰਡ ਹੋਲਡਰਾਂ ਨੂੰ ਕਣਕ ਨਾ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਹੇਠ ਵੀਰਵਾਰ ਨੂੰ ਪੀੜਤ ਲਾਭਪਾਤਰੀਆਂ ਨੇ ਡਿੱਪੂ ਹੋਲਡਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਹੁਕਮਰਾਨਾਂ ਨੂੰ ਰੱਜ ਕੇ ਕੋਸਿਆਂ। ਪੀੜਤ ਲੋਕਾਂ ਨੇ ਡਿੱਪੂ ਹੋਲਡਰ ’ਤੇ ਉਨ੍ਹਾਂ ਨੂੰ ਤੰਗ ਪੇ੍ਰਸ਼ਾਨ ਕਰਨ ਦਾ ਦੋਸ਼ ਲਾਉਂਦਿਆਂ ਸਬੰਧਤ ਡਿੱਪੂ ਹੋਲਡਰ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ।
ਇਸ ਰੋਸ ਪ੍ਰਦਰਸ਼ਨ ਦੌਰਾਨ ਸਾਬਕਾ ਬਲਾਕ ਸਮਿਤੀ ਮੈਂਬਰ ਬੀਬੀ ਗੁਰਨਾਮ ਕੌਰ, ਸੰਤ ਸਿੰਘ, ਹਰਪਾਲ ਸਿੰਘ, ਜਗਜੀਤ ਸਿੰਘ, ਬਲਜਿੰਦਰ ਸਿੰਘ, ਗੁਰਵਿੰਦਰ ਕੌਰ, ਮਨਦੀਪ ਕੌਰ, ਸਤਵਿੰਦਰ ਕੌਰ, ਹਰਦੀਪ ਸਿੰਘ, ਮਨਦੀਪ ਸਿੰਘ, ਪਰਮਜੀਤ ਕੌਰ, ਜਸਵਿੰਦਰ ਸਿੰਘ ਸਮੇਤ ਹੋਰ ਲੋਕ ਮੌਜੂਦ ਸਨ।
ਪਿੰਡ ਕੁੰਭੜਾ ਵਾਸੀਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਨੀਲੇ ਕਾਰਡ ਧਾਰਕ ਗਰੀਬ ਪਰਿਵਾਰਾਂ ਨੂੰ ਦੋ ਰੁਪਏ ਵਿੱਚ ਦਿੱਤੀ ਜਾ ਜਾਣ ਵਾਲੀ ਕਣਕ ਸਮੇਂ ਸਿਰ ਨਹੀਂ ਮਿਲਦੀ ਹੈ। ਹੁਣ ਵੀ ਉਨ੍ਹਾਂ ਨੂੰ ਬਿਨਾਂ ਵਜ੍ਹਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਡਿੱਪੂ ਹੋਲਡਰ ਉਨ੍ਹਾਂ ਨੂੰ ਖੱਜਲ ਖੁਆਰ ਕਰ ਰਿਹਾ ਹੈ। ਨੀਲੇ ਕਾਰਡ ਹੋਲਡਰਾਂ ਨੂੰ ਕਦੇ ਆਧਾਰ ਕਾਰਡ ਲੈਣ ਕੇ ਆਉਣ ਲਈ ਕਿਹਾ ਜਾਂਦਾ ਹੈ ਅਤੇ ਕਦੇ ਇਹ ਕਹਿ ਕੇ ਵਾਪਸ ਮੋੜ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਦੇ ਨਾਂ ਨੀਲੇ ਕਾਰਡਾਂ ਵਾਲੀ ਸੂਚੀ ਵਿੱਚ ਦਰਜ ਨਹੀਂ ਹਨ।
ਇਸ ਮੌਕੇ ਰਾਜ ਕੁਮਾਰ ਅਤੇ ਹੋਰਨਾਂ ਵਿਅਕਤੀਆਂ ਨੇ ਦੱਸਿਆ ਕਿ ਹੁਣ ਤੱਕ ਉਨ੍ਹਾਂ ਦਾ ਨੀਲਾ ਕਾਰਡ ਨਹੀਂ ਬਣਾਇਆ ਗਿਆ ਹੈ ਅਤੇ ਜਿਨ੍ਹਾਂ ਗਰੀਬ ਲੋਕਾਂ ਦੇ ਨੀਲੇ ਕਾਰਡ ਬਣੇ ਹੋਏ ਹਨ, ਉਨ੍ਹਾਂ ’ਚੋਂ ਵੀ ਕਾਫੀ ਲੋਕਾਂ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲ ਰਿਹਾ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਡਿੱਪੂ ਹੋਲਡਰ ਖ਼ਿਲਾਫ਼ ਸਰਕਾਰੀ ਨੇਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਨੀਲੇ ਕਾਰਡ ਹੋਲਡਰਾਂ ਨੂੰ ਸਮੇਂ ਸਿਰ ਕਣਕ ਮੁਹੱਈਆ ਕਰਵਾਉਣੀ ਯਕੀਨੀ ਬਣਾਇਆ ਜਾਵੇ ਅਤੇ ਇਸ ਸੁਵਿਧਾ ਤੋਂ ਵਾਂਝੇ ਲੋਕਾਂ ਦੇ ਨੀਲੇ ਕਾਰਡ ਬਣਾਏ ਜਾਣ। ਸ੍ਰੀ ਕੁੰਭੜਾ ਨੇ ਦੱਸਿਆ ਕਿ 150 ਤੋਂ ਵੱਧ ਗਰੀਬ ਪਰਿਵਾਰਾਂ ਦੇ ਨਾਂ ਸੂਚੀ ’ਚੋਂ ਕੱਟ ਦਿੱਤੇ ਗਏ ਹਨ। ਇਸ ਸਬੰਧੀ ਉਨ੍ਹਾਂ ਨੇ ਫੂਡ ਸਪਲਾਈ ਇੰਸਪੈਕਟਰ ਕੋਲ ਇਤਰਾਜ਼ ਪ੍ਰਗਟਾਇਆ ਗਿਆ ਹੈ ਪ੍ਰੰਤੂ ਕੋਈ ਕਾਰਵਾਈ ਨਹੀਂ ਹੋਈ।
(ਬਾਕਸ ਆਈਟਮ)
ਉਧਰ, ਡਿੱਪੂ ਹੋਲਡਰ ਸੰਜੀਵ ਕੁਮਾਰ ਨਾਲ ਲਗਾਤਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਨ੍ਹਾਂ ਨੇ ਫੋਨ ਨਹੀਂ ਚੁੱਕਿਆਂ। ਇਸ ਮਗਰੋਂ ਉਨ੍ਹਾਂ ਨੂੰ ਮੋਬਾਈਲ ਫੋਨ ’ਤੇ ਪੱਖ ਰੱਖਣ ਸਬੰਧੀ ਮੈਸਿਜ ਵੀ ਭੇਜੇ ਗਏ ਪ੍ਰੰਤੂ ਉਨ੍ਹਾਂ ਗੱਲ ਨਹੀਂ ਕੀਤੀ। ਇਸ ਸਬੰਧੀ ਇਲਾਕੇ ਦੀ ਫੂਡ ਸਪਲਾਈ ਇੰਸਪੈਕਟਰ ਪਰਦੀਪ ਕੌਰ ਨੇ ਕਿਹਾ ਕਿ 15 ਰਾਸ਼ਨ ਡਿੱਪੂਆਂ ਪਿੱਛੇ ਉਨ੍ਹਾਂ ਕੋਲ ਇਕ ਹੀ ਮਸ਼ੀਨ ਹੈ। ਜਿਸ ਕਾਰਨ ਲਾਭਪਾਤਰੀਆਂ ਨੂੰ ਕਣਕ ਵੰਡਣ ਵਿੱਚ ਦੇਰੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਪਿੰਡ ਕੁੰਭੜਾ ਵਿੱਚ ਨੀਲੇ ਕਾਰਡ ਧਾਰਕਾਂ ਦੀਆਂ ਪਰਚੀਆਂ ਕੱਟ ਦਿੱਤੀਆਂ ਗਈਆਂ ਹਨ ਅਤੇ ਭਲਕੇ ਸ਼ੁੱਕਰਵਾਰ ਨੂੰ ਸਾਰੇ ਲਾਭਪਾਤਰੀਆਂ ਨੂੰ ਕਣਕ ਵੰਡੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…