Share on Facebook Share on Twitter Share on Google+ Share on Pinterest Share on Linkedin ਘਰੇਲੂ ਹਿੰਸਾ: ਮੁਹਾਲੀ ਅਦਾਲਤ ਨੇ ਡੀਐਸਪੀ ਅਤੁਲ ਸੋਨੀ ਨੂੰ ਜੇਲ੍ਹ ਭੇਜਿਆ ਨਿਆਇਕ ਹਿਰਾਸਤ ਅਧੀਨ ਰੂਪਨਗਰ ਜੇਲ੍ਹ ਵਿੱਚ ਬੰਦ ਰਹੇਗਾ ਮੁਲਜ਼ਮ ਡੀਐਸਪੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਮਾਰਚ: ਘਰੇਲੂ ਝਗੜੇ ਦੌਰਾਨ ਆਪਣੀ ਪਤਨੀ ’ਤੇ ਕਥਿਤ ਤੌਰ ’ਤੇ ਫਾਇਰਿੰਗ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਪੁਲੀਸ ਦੇ ਮੁਅੱਤਲ ਡੀਐਸਪੀ ਅਤੁਲ ਸੋਨੀ ਨੂੰ ਦੋ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਅੱਜ ਦੁਬਾਰਾ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਜਾਂਚ ਅਧਿਕਾਰੀ ਨੇ ਸਰਕਾਰੀ ਵਕੀਲ ਰਾਹੀਂ ਅਦਾਲਤ ਵਿੱਚ ਇਕ ਅਰਜ਼ੀ ਦਾਇਰ ਕਰਕੇ ਡੀਐਸਪੀ ਸੋਨੀ ਦੇ ਪੰਜ ਦਿਨ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ। ਪੇਸ਼ ਦੌਰਾਨ ਡੀਐਸਪੀ ਦੀ ਸ਼ਿਕਾਇਤ ਕਰਤਾ ਪਤਨੀ ਸ੍ਰੀਮਤੀ ਸੁਨੀਤਾ ਸੋਨੀ ਵੀ ਅਦਾਲਤ ਵਿੱਚ ਮੌਜੂਦ ਰਹੀ ਪਰ ਉਨ੍ਹਾਂ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ। ਸਰਕਾਰੀ ਧਿਰ ਨੇ ਕਿਹਾ ਕਿ ਪਹਿਲਾਂ ਦਿੱਤੇ ਦੋ ਦਿਨ ਦੇ ਪੁਲੀਸ ਰਿਮਾਂਡ ਦੌਰਾਨ ਡੀਐਸਪੀ ਨੇ ਪੁੱਛਗਿੱਛ ਦੌਰਾਨ ਜਾਂਚ ਟੀਮ ਨੂੰ ਸਹਿਯੋਗ ਨਹੀਂ ਦਿੱਤਾ ਗਿਆ ਹੈ ਅਤੇ ਝਗੜੇ ਦੌਰਾਨ ਆਪਣੀ ਪਤਨੀ ’ਤੇ ਕਥਿਤ ਫਾਇਰਿੰਗ ਕਰਨ ਅਤੇ ਉਸ ਦੇ ਘਰ ’ਚੋਂ ਮਿਲੇ ਨਾਜਾਇਜ਼ ਅਸਲੇ ਬਾਰੇ ਉਸ ਨੇ ਪੁਲੀਸ ਨੂੰ ਕੁਝ ਨਹੀਂ ਦੱਸਿਆ ਹੈ। ਸਰਕਾਰੀ ਵਕੀਲ ਨੇ ਡੀਐਸਪੀ ਦਾ 5 ਦਿਨਾਂ ਲਈ ਪੁਲੀਸ ਰਿਮਾਂਡ ਵਧਾਉਣ ਦੀ ਮੰਗ ਕਰਦਿਆਂ ਅਦਾਲਤ ਨੂੰ ਕਿਹਾ ਕਿ ਡੀਐਸਪੀ ਸੋਨੀ ਤੋਂ ਉਕਤ ਪਹਿਲੂਆਂ ਦੀ ਡੂੰਘਾਈ ਨਾਲ ਪੜਤਾਲ ਕਰਨ ਅਤੇ ਮਾਮਲੇ ਦੀ ਤੈਅ ਤੱਕ ਜਾਣ ਲਈ ਹੋਰ ਪੁੱਛਗਿੱਛ ਕਰਨੀ ਹੈ। ਉਧਰ, ਬਚਾਅ ਪੱਖ ਦੇ ਵਕੀਲ ਐਚਐਸ ਧਨੋਆ ਨੇ ਡੀਐਸਪੀ ਸੋਨੀ ਦੇ ਪੁਲੀਸ ਰਿਮਾਂਡ ਦੀ ਮੰਗ ਦਾ ਸਖ਼ਤ ਵਿਰੋਧ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਪਿਛਲੇ ਦੋ ਦਿਨ ਤੋਂ ਉਸ ਦਾ ਮੁਵਕਿਲ ਪੁਲੀਸ ਹਿਰਾਸਤ ਵਿੱਚ ਸੀ ਅਤੇ ਪੁਲੀਸ ਉਸ ਕੋਲੋਂ ਕੇਸ ਸਬੰਧੀ ਲੋੜੀਂਦੀ ਪੁੱਛਗਿੱਛ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਇਹ ਦੱਸੇ ਕਿ ਪਿਛਲੇ ਦੋ ਦਿਨਾਂ ਵਿੱਚ ਡੀਐਸਪੀ ਤੋਂ ਪੁੱਛਗਿੱਛ ਦੌਰਾਨ ਕੀ ਗੱਲ ਸਾਹਮਣੇ ਆਈ ਹੈ ਪਰ ਪੁਲੀਸ ਦੀ ਅਰਜ਼ੀ ਵਿੱਚ ਅਜਿਹਾ ਕੋਈ ਖੁਲਾਸਾ ਦਰਜ ਨਹੀਂ ਸੀ। ਜਿਸ ਕਾਰਨ ਅਦਾਲਤ ਨੇ ਬਚਾਅ ਪੱਖ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਡੀਐਸਪੀ ਸੋਨੀ ਨੂੰ ਨਿਆਇਕ ਹਿਰਾਸਤ ਵਿੱਚ ਰੂਪਨਗਰ ਜੇਲ੍ਹ ਭੇਜ ਦਿੱਤਾ। ਇਸ ਤੋਂ ਪਹਿਲਾਂ ਡੀਐਸਪੀ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਡੀਐਸਪੀ ਅਤੁਲ ਸੋਨੀ ਖ਼ਿਲਾਫ਼ ਉਸ ਦੀ ਪਤਨੀ ਸ੍ਰੀਮਤੀ ਸੁਨੀਤਾ ਸੋਨੀ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਬੀਤੀ 19 ਜਨਵਰੀ ਨੂੰ ਸੈਂਟਰਲ ਥਾਣਾ ਫੇਜ਼-8 ਵਿੱਚ ਧਾਰਾ 307, 323, 498ਏ ਅਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਜਾਂਚ ਅਧਿਕਾਰੀ ਦੀ ਅਪੀਲ ’ਤੇ ਮੁਹਾਲੀ ਅਦਾਲਤ ਨੇ ਬੀਤੀ 5 ਫਰਵਰੀ ਨੂੰ ਸੋਨੀ ਦੇ ਗੈਰ ਜ਼ਮਾਨਤੀ ਗ੍ਰਿਫ਼ਤਾਰੀ ਵਰੰਟ ਜਾਰੀ ਕੀਤੇ ਗਏ ਸੀ। ਪਿਛਲੇ ਦਿਨੀਂ ਉਸ ਨੇ ਪੁਲੀਸ ਨੂੰ ਝਕਾਨੀ ਦੇ ਕੇ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਗਿਆ ਸੀ। ਉਸ ਦਿਨ ਤੋਂ ਉਹ ਰੂਪਨਗਰ ਜੇਲ੍ਹ ਵਿੱਚ ਬੰਦ ਸੀ ਪ੍ਰੰਤੂ ਬੀਤੀ 5 ਮਾਰਚ ਨੂੰ ਪੁਲੀਸ ਨੇ ਪ੍ਰੋਡਕਸ਼ਨ ਵਰੰਟ ’ਤੇ ਡੀਐਸਪੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ। (ਬਾਕਸ ਆਈਟਮ) ਮੁਹਾਲੀ ਅਦਾਲਤ ਵਿੱਚ ਡੀਐਸਪੀ ਅਤੁਲ ਸੋਨੀ ਦੀ ਪੇਸ਼ੀ ਦੌਰਾਨ ਅੱਜ ਵੀ ਉਨ੍ਹਾਂ ਨੂੰ ਵੀਆਈਪੀ ਟਰੀਟਮੈਂਟ ਮਿਲਿਆ। ਅਦਾਲਤ ਵਿੱਚ ਲੈ ਕੇ ਪਹੁੰਚੇ ਪੁਲੀਸ ਕਰਮਚਾਰੀ ਉਸ ਨੂੰ ਸਰ ਕਹਿ ਕੇ ਬੁਲਾ ਰਹੇ ਸੀ। ਜਦੋਂ ਡੀਐਸਪੀ ਨੂੰ ਅਦਾਲਤ ਵਿੱਚ ਪੇਸ਼ ਕਰਨ ਦੀ ਵਾਰੀ ਆਈ ਤਾਂ ਪੁਲੀਸ ਕਰਮਚਾਰੀਆਂ ਨੇ ਉਸ (ਸੋਨੀ) ਨੂੰ ਸਰ ਪੁਕਾਰਦਿਆਂ ਕਿਹਾ ਕਿ ਚਲੋ ਸਰ ਅਦਾਲਤ ’ਚ ਜਾਣਾ ਹੈ। ਉਂਜ ਵੀ ਅਦਾਲਤ ਵਿੱਚ ਸੋਨੀ ਇਸ ਤਰ੍ਹਾਂ ਆਜ਼ਾਦ ਘੁੰਮ ਫਿਰ ਰਿਹਾ ਸੀ, ਜਿਵੇਂ ਉਹ ਪੁਲੀਸ ਦਾ ਮਹਿਮਾਨ ਹੋਵੇ। ਪ੍ਰੋਡਕਸ਼ਨ ਵਰੰਟ ’ਤੇ ਡੀਐਸਪੀ ਨੂੰ ਰੂਪਨਗਰ ਜੇਲ੍ਹ ’ਚੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਹੋਰਨਾਂ ਕੈਦੀਆਂ ਵਾਂਗ ਅਦਾਲਤ ਦੇ ਬਖਸ਼ੀਖਾਨੇ ਵਿੱਚ ਰੱਖਣ ਦੀ ਬਜਾਏ ਵਕੀਲ ਦੇ ਚੈਂਬਰ ਵਿੱਚ ਬਿਠਾ ਕੇ ਆਊ ਭਗਤ ਕੀਤੀ ਗਈ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ