Nabaz-e-punjab.com

45 ਲੱਖ ਦੀ ਠੱਗੀ ਦੇ ਮਾਮਲੇ ਵਿੱਚ ਮੁਲਜ਼ਮ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਮਾਰਚ:
ਮੁਹਾਲੀ ਪੁਲੀਸ ਨੇ ਮੋਕਸ਼ ਰੈਸਟੋਰੈਂਟ ਬਿਜ਼ਨਸ ਦੇ ਨਾਂ ’ਤੇ 45 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਮੁਲਜ਼ਮ ਨੂੰ ਅੰਕਿਤ ਚਾਹਲ ਵਾਸੀ ਸੈਕਟਰ-51 (ਯੂਟੀ) ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਐਤਵਾਰ ਸ਼ਾਮ ਨੂੰ ਸਨਅਤੀ ਏਰੀਆ ਪੁਲੀਸ ਚੌਂਕੀ ਦੇ ਇੰਚਾਰਜ ਏਐਸਆਈ ਬਲਜਿੰਦਰ ਸਿੰਘ ਮੰਡ ਨੇ ਦੱਸਿਆ ਕਿ ਇਸ ਸਬੰਧੀ ਪੀੜਤ ਗੋਵਿੰਦਰ ਸਿੰਘ ਵਾਸੀ ਸੰਨੀ ਇਨਕਲੇਵ ਨੇ ਐਸਐਸਪੀ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਹ ਅਤਰਪ੍ਰੀਤ ਸਿੰਘ, ਜੈਕਾਰ ਸਿੰਘ ਵਿਰਕ ਤਿੰਨੋ ਚੰਗੇ ਦੋਸਤ ਹਨ। ਇਕ ਅਪਰੈਲ 2018 ਨੂੰ ਉਸ ਦੀ ਸਕੂਲ ਦੀ ਜੂਨੀਅਰ ਅਕਸਨਾ ਸਹੋਤਾ ਨੇ ਉਸ ਦੇ ਵਟਸਅੱਪ ’ਤੇ ਸੁਨੇਹਾ ਭੇਜਿਆ ਕਿ ਉਹ ਮੋਕਸ਼ ਨਾਂ ਦੇ ਰੈਸਟੋਰੈਂਟ ਸ਼ੁਰੂ ਕਰਨ ਲੱਗੇ ਹਨ। ਇਹ ਵੀ ਇਸ ਕਾਰੋਬਾਰ ਵਿੱਚ ਪੂੰਜੀ ਨਿਵੇਸ਼ ਕਰ ਸਕਦਾ ਹੈ। ਇਸ ਮਗਰੋਂ ਉਸ ਨੇ 4 ਅਪਰੈਲ ਨੂੰ ਅਕਸ਼ਨਾ ਸਹੋਤਾ ਅਤੇ ਉਸ ਦੇ ਦੋਸਤ ਅੰਕਿਤ ਚਾਹਲ ਨਾਲ ਮੁਲਾਕਾਤ ਕੀਤੀ। ਜਿਨ੍ਹਾਂ ਨੇ ਉਸ ਨੂੰ ਫਿਰ ਵੀ ਰੈਸਟੋਰੈਂਟ ਵਿੱਚ ਪੈਸੇ ਨਿਵੇਸ਼ ਕਰਨ ਲਈ ਪ੍ਰੇਰਿਆ ਅਤੇ ਉਸ ਨੂੰ ਇਹ ਵੀ ਦੱਸਿਆ ਗਿਆ ਕਿ ਇਸ ਕਾਰੋਬਾਰ ਵਿੱਚ ਇਕ ਐਕਸਾਈਜ਼ ਇੰਸਪੈਕਟਰ ਵੀ ਪੈਸੇ ਲਗਾ ਰਿਹਾ ਹੈ।
ਗੋਵਿੰਦਰ ਸਿੰਘ ਦੀ ਜਾਣਕਾਰੀ ਅਨੁਸਾਰ ਉਸ ਨੇ ਆਪਣੇ ਦੋਸਤਾਂ ਨਾਲ ਸਲਾਹ ਕੀਤੀ ਅਤੇ ਚੰਡੀਗੜ੍ਹ ਵਿੱਚ ਉਸ ਪਲਾਟ ਦੇਖਿਆ। ਜਿੱਥੇ ਮੁਲਜ਼ਮਾਂ ਨੇ ਰੈਸਟੋਰੈਂਟ ਖੋਲ੍ਹਣ ਦਾ ਸੁਪਨਾ ਦਿਖਾਇਆ ਸੀ। ਪੀੜਤ ਅਨੁਸਾਰ ਉਨ੍ਹਾਂ ਆਪਣੇ ਹੋਰਨਾਂ ਦੋਸਤਾਂ ਨਾਲ ਮਿਲ ਕੇ ਇਕ ਪ੍ਰਾਈਵੇਟ ਫਰਮ ਬਣਾਈ ਅਤੇ ਇਸ ਪ੍ਰਾਜੈਕਟ ਲਈ ਡੀਡ ਤਿਆਰ ਕਰਵਾਉਣ ਲਈ ਕਿਹਾ। ਮੁਲਜ਼ਮਾਂ ਨੇ ਦਸਤਾਵੇਜ਼ ਤਿਆਰ ਕਰਵਾਉਣ ਉਪਰੰਤ ਉਸ ਕੋਲੋਂ ਵੱਖ ਵੱਖ ਕਿਸ਼ਤਾਂ ਵਿੱਚ 45 ਲੱਖ ਰੁਪਏ ਵਸੂਲੇ ਗਏ। ਜਿਨ੍ਹਾਂ ’ਚੋਂ ਜ਼ਿਆਦਾਤਰ ਪੈਸੇ ਖਾਤਿਆਂ ’ਚ ਜਮਾਂ ਕਰਵਾਏ ਗਏ। ਪੈਸੇ ਲੈਣ ਤੋਂ ਬਾਅਦ ਜਦੋਂ ਉਸ ਨੇ ਅੰਕਿਤ ਚਾਹਲ ਅਤੇ ਅਕਸ਼ਨਾ ਸਹੋਤਾ ਨਾਲ ਤਾਲਮੇਲ ਕਰਕੇ ਰੈਸਟੋਰੈਂਟ ਖੋਲ੍ਹਣ ਬਾਰੇ ਪੁੱਛਿਆ ਤਾਂ ਪਹਿਲਾਂ ਤਾਂ ਉਹ ਹਮੇਸ਼ਾ ਗੱਲ ਨੂੰ ਟਾਲਦੇ ਰਹੇ। ਇਸ ਮਗਰੋਂ ਉਨ੍ਹਾਂ ਨੇ ਪੈਸੇ ਮੰਗਣ ’ਤੇ ਉਸ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ। ਮੁੱਢਲੀ ਜਾਂਚ ਦੌਰਾਨ ਅੰਕਿਤ ਚਾਹਲ ਅਤੇ ਉਸ ਦੀ ਭਾਬੀ ਨੇਹਾ ਸ਼ਰਮਾ ਅਤੇ ਅਕਸ਼ਨਾ ਸਹੋਤਾ ਵਾਸੀ ਜ਼ੀਰਕਪੁਰ ਖ਼ਿਲਾਫ਼ ਥਾਣਾ ਫੇਜ-1 ਵਿੱਚ ਆਈਪੀਸੀ ਦੀ ਧਾਰਾ 406, 420 ਅਤੇ 120ਬੀ ਦੇ ਤਹਿਤ ਕੇਸ ਦਰਜ ਕੀਤਾ ਗਿਆ। ਚੌਕੀ ਇੰਚਾਰਜ ਨੇ ਦੱਸਿਆ ਕਿ ਪੁਲੀਸ ਨੇ ਅੰਕਿਤ ਚਾਹਲ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕਰਕੇ ਡਿਊਟੀ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਮੁਲਜ਼ਮ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…