Nabaz-e-punjab.com

‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’: ਪ੍ਰਾਇਮਰੀ ਅਧਿਆਪਕਾਂ ਦੀ ਸਿਖਲਾਈ ਵਰਕਸ਼ਾਪ ਦਾ ਪਹਿਲਾ ਗੇੜ ਸਮਾਪਤ

ਮੈਨੂਅਲ ਸਿਖਲਾਈ ਅਧਿਆਪਕਾਂ ਨੂੰ ਹਰ ਸਮੇਂ ਗੁਣਾਤਮਿਕ ਅਧਿਆਪਨ ਵਿਧੀਆਂ ਦੀ ਸੇਧ ਦੇਣ ਵਾਲੇ ਸਾਬਤ ਹੋਣਗੇ: ਕ੍ਰਿਸ਼ਨ ਕੁਮਾਰ

ਸਿੱਖਣ ਪਰਿਣਾਮਾਂ ਦੇ ਬਿਹਤਰ ਨਤੀਜਿਆਂ ਲਈ ਸਹਾਈ ਹੋਵੇਗਾ ਮੈਨੂਅਲ ਕਿਤਾਬਚਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਮਾਰਚ:
ਸਿੱਖਿਆ ਵਿਭਾਗ ਵੱਲੋਂ ਪੜ੍ਹੋ ਪੰਜਾਬ ਤੇ ਪੜ੍ਹਾਓ ਪੰਜਾਬ ਪ੍ਰਾਜੈਕਟ ਤੇ ਤਹਿਤ ਕਰਵਾਈ ਗਈ ਤਿੰਨ ਰੋਜ਼ਾ ਪ੍ਰਾਇਮਰੀ ਅਧਿਆਪਕ ਮੈਨੂਅਲ ਸਿਖਲਾਈ ਵਰਕਸ਼ਾਪ ਅੱਜ ਸਮਾਪਤ ਹੋ ਗਈ। ਜਿਸ ਦੀ ਪ੍ਰਧਾਨਗੀ ਸਿੱਖਿਆ ਸਕੱਤਰ-ਕਮ-ਬੋਰਡ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਨੇ ਕੀਤੀ। ਇਸ ਮੌਕੇ ਉਨ੍ਹਾਂ ਪ੍ਰਾਇਮਰੀ ਅਧਿਆਪਕ ਮੈਨੂਅਲ ਜਾਰੀ ਕਰਦਿਆਂ ਕਿਹਾ ਕਿ ਇਹ ਮੈਨੂਅਲ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੀ ਸੂਬਾ ਪੱਧਰੀ ਟੀਮ ਦੇ ਤਨੋਂ-ਮਨੋਂ ਕੀਤੇ ਸਾਂਝੇ ਯਤਨਾਂ ਦਾ ਨਤੀਜਾ ਹਨ। ਜਿਨ੍ਹਾਂ ਦੀ ਸਹੀ ਵਰਤੋਂ ਸਕੂਲਾਂ ਵਿੱਚ ਅਧਿਆਪਕਾਂ ਨੂੰ ਹਰ ਵਿਸ਼ੇ ਨੂੰ ਪ੍ਰਾਇਮਰੀ ਵਿਦਿਆਰਥੀਆਂ ਦੀਆਂ ਮਨੋਵਿਗਿਆਨਕ ਲੋੜਾਂ ਅਨੁਸਾਰ ਪੜ੍ਹਾਉਣ ਵਿੱਚ ਮਦਦਗਾਰ ਸਾਬਤ ਹੋਵੇਗੀ। ਇਹ ਮੈਨੂਅਲ ਪ੍ਰਾਇਮਰੀ ਵਿਦਿਆਰਥੀਆਂ ਦੇ ਸਿੱਖਣ-ਪੱਧਰਾਂ ਦੇ ਵਿਕਾਸ ਲਈ ਰਚਨਾਤਮਿਕ ਸਿੱਖਣ-ਸਿਖਾਉਣ ਤਕਨੀਕਾਂ ’ਤੇ ਆਧਾਰਿਤ ਹਨ।
ਸਿੱਖਿਆ ਸਕੱਤਰ ਨੇ ਅਧਿਆਪਕਾਂ ਨੂੰ ਕਿਹਾ ਕਿ ਪ੍ਰਾਇਮਰੀ ਸਿੱਖਿਆ ਦੇ ਗੁਣਾਤਮਿਕ ਵਿਕਾਸ ਦਾ ਇਕ ਪੱਖ ਪ੍ਰੀ-ਪ੍ਰਾਇਮਰੀ ਜਮਾਤਾਂ ’ਤੇ ਕੀਤੀ ਗਈ ਮਿਹਨਤ ’ਤੇ ਵੀ ਨਿਰਭਰ ਹੈ। ਇਨ੍ਹਾਂ ਜਮਾਤਾਂ ’ਤੇ ਦਿੱਤੇ ਵਿਸ਼ੇਸ਼ ਧਿਆਨ ਦਾ ਫਲ ਸਾਨੂੰ ਪ੍ਰਾਇਮਰੀ ਜਮਾਤਾਂ ਦੀ ਮਜ਼ਬੂਤ ਬੁਨਿਆਦ ਦੇ ਰੂਪ ਵਿੱਚ ਮਿਲੇਗਾ। ਜਿਸ ਨਾਲ ਸਰਕਾਰੀ ਸਕੂਲਾਂ ਦੀ ਸਿੱਖਿਆ ਦੇ ਮਿਆਰ ਵਿੱਚ ਹੋਰ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਪੂਰੀ ਟੀਮ ਨੂੰ ਗੁਣਾਤਮਿਕ ਸਿੱਖਿਆ ਦੇ ਨਾਲ-ਨਾਲ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਜਮਾਤਾਂ ਵਿੱਚ ਨਵੇਂ ਦਾਖ਼ਲਿਆਂ ਲਈ ਵੀ ਵਧ-ਚੜ੍ਹ ਕੇ ਮਿਹਨਤ ਕਰਨੀ ਚਾਹੀਦੀ ਹੈ। ਉਨ੍ਹਾਂ ਟੀਮ ਮੈਂਬਰਾਂ ਨੂੰ ਸਕੂਲੀ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਆ।
ਇਸ ਤੋਂ ਪਹਿਲਾਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਜੈਕਟ ਦੇ ਸੂਬਾ ਕੋਆਰਡੀਨੇਟਰ ਡਾ. ਦਵਿੰਦਰ ਸਿੰਘ ਬੋਹਾ ਨੇ ਕਿਹਾ ਕਿ ਨਵੇਂ ਜਾਰੀ ਕੀਤੇ ਮੈਨੂਅਲ ‘ਅਧਿਆਪਕ ਮੈਨੂਅਲ ਪ੍ਰਾਇਮਰੀ ਜਮਾਤਾਂ ਲਈ’ ਵਿਸ਼ਾਵਾਰ ਅਧਿਆਪਨ ਵਿਧੀਆਂ ਅਤੇ ਸਿੱਖਣ ਸਿਖਾਉਣ ਪ੍ਰਕਿਰਿਆ ਮੁੱਢਲੇ ਪੱਖ ਰਾਸ਼ਟਰੀ ਪੱਧਰ ਦੇ ਮਾਪਦੰਡਾਂ ਦੇ ਅਨੁਸਾਰ ਅਤੇ ਬੱਚਿਆਂ ਦੇ ਸਿੱਖਣ ਪੱਧਰ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤੇ ਗਏ ਹਨ। ਇਨ੍ਹਾਂ ਮੈਨੂਅਲ ਦੀ ਸਹਾਇਤਾ ਨਾਲ ਵਿਦਿਆਰਥੀਆਂ ਲਈ ਨਿਰਧਾਰਿਤ ਸਿੱਖਣ ਪਰਿਣਾਮਾਂ ਸਬੰਧੀ ਮੁਲੰਕਣਾਂ ਦੇ ਵਧੀਆ ਨਤੀਜੇ ਆਉਣਗੇ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਸਿੱਖਿਆ ਦੇ ਵਿਕਾਸ ਲਈ ਇਹ ਸਮੱਗਰੀ ਬਹੁਤ ਹੀ ਲਾਹੇਵੰਦ ਸਾਬਤ ਹੋਵੇਗੀ।
ਇਸ ਸਿਖਲਾਈ ਵਰਕਸ਼ਾਪ ਵਿੱਚ ਅਧਿਆਪਕਾਂ ਨੂੰ ਪ੍ਰਾਇਮਰੀ ਜਮਾਤਾਂ ਦੇ ਪੰਜਾਬੀ, ਅੰਗਰੇਜ਼ੀ, ਹਿੰਦੀ, ਗਣਿਤ ਅਤੇ ਵਾਤਾਵਰਨ ਸਿੱਖਿਆ ਵਿਸ਼ਿਆਂ ਨੂੰ ਪੜ੍ਹਾਉਣ ਲਈ ਨਵੀਆਂ ਸਿੱਖਣ-ਸਿਖਾਉਣ ਤਕਨੀਕਾਂ ਬਾਰੇ ਸਿਖਲਾਈ ਪ੍ਰਦਾਨ ਕੀਤੀ ਗਈ। ਸਟੇਟ ਰਿਸੋਰਸ ਪਰਸਨਾਂ ਨੇ ਸੈਸ਼ਨ 2020-21 ਲਈ ਟੀਮ ਮੈਂਬਰਾਂ ਨੂੰ ਨਵੇਂ ਮੈਨੂਅਲਾਂ ਅਨੁਸਾਰ ਸਿੱਖਣ ਪਰਿਣਾਮਾਂ ਦੇ ਆਧਾਰਿਤ ਸਿਖਲਾਈ ਪ੍ਰਦਾਨ ਕਰਦਿਆਂ ਖੇਡ ਨੀਤੀ, ਦਰਪਣ ਐਪ, ਆਈਸੀਟੀ, ਤਿੰਨੋਂ ਭਾਸ਼ਾਵਾਂ ਦੀ ਸੁੰਦਰ ਲਿਖਾਈ ਅਤੇ ਈ.ਕੰਟੈਂਟ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…