Share on Facebook Share on Twitter Share on Google+ Share on Pinterest Share on Linkedin ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਘਰਾਂ ਦੀਆਂ ਬਰੂਹਾਂ ’ਤੇ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਦਾ ਦਾਅਵਾ ਕਰੋਨਾਵਾਇਰਸ ਦੇ ਚੱਲਦਿਆਂ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਚੁੱਕਿਆ ਕਦਮ: ਸਹਿਗਲ ਕਰਫਿਊ: ਮੁਹਾਲੀ ਵਿੱਚ ਕਈ ਇਲਾਕਿਆਂ ਵਿੱਚ ਲੋਕਾਂ ਨੇ ਸ਼ਰ੍ਹੇਆਮ ਉਡਾਈਆਂ ਨਿਯਮਾਂ ਦੀਆਂ ਧੱਜੀਆਂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਾਰਚ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰੋਨਾਵਾਇਰਸ ਦੇ ਚੱਲਦਿਆਂ ਕਰਫਿਊ ਦੇ ਮੱਦੇਨਜ਼ਰ ਆਮ ਲੋਕਾਂ ਨੂੰ ਰੋਜ਼ਮੱਰਾ ਦੀਆਂ ਜ਼ਰੂਰੀ ਵਸਤਾਂ ਉਨ੍ਹਾਂ ਦੇ ਘਰ ਦੀਆਂ ਬਰੂਹਾਂ ’ਤੇ ਮੁਹੱਈਆ ਕਰਵਾਉਣ ਦਾ ਦਾਅਵਾ ਕਰਦਿਆਂ ਅੱਜ ਇਸ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਤਹਿਤ ਅੱਜ ਸਵੇਰੇ 6 ਤੋਂ 9 ਵਜੇ ਤੱਕ ਲੋਕਾਂ ਨੂੰ ਘਰਾਂ ਨੇੜੇ ਦੁੱਧ ਅਤੇ ਸਬਜ਼ੀਆਂ ਮੁਹੱਈਆ ਕਰਵਾਈਆਂ ਗਈਆਂ। ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਉਪ ਮੰਡਲ ਮੈਜਿਸਟਰੇਟ (ਐਸਡੀਐਮ) ਜਗਦੀਪ ਸਹਿਗਲ ਨੇ ਕਿਹਾ ਕਿ ਕਰੋਨਾਵਾਇਰਸ ਤੋਂ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਪੰਜਾਬ ਭਰ ਵਿੱਚ ਸਖ਼ਤੀ ਨਾਲ ਕਰਫਿਊ ਲਾਗੂ ਕੀਤਾ ਗਿਆ ਹੈ। ਇਸ ਦੌਰਾਨ ਆਮ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ ਅਤੇ ਉਹ ਰੋਜ਼ਾਨਾ ਦੀ ਜ਼ਰੂਰਤ ਦੀਆਂ ਵਸਤੂਆਂ ਦੀ ਖ਼ਰੀਦ ਕਰ ਸਕਣ। ਇਸ ਲਈ ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਰੋਜ਼ਾਨਾ ਸਵੇਰੇ 6 ਤੋਂ 9 ਵਜੇ ਤੱਕ ਦੁੱਧ ਅਤੇ ਸਬਜ਼ੀਆਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ ਜਦੋਂਕਿ ਸਵੇਰੇ 8 ਤੋਂ 11 ਵਜੇ ਤੱਕ ਕਰਿਆਨਾ ਅਤੇ ਦਵਾਈਆਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਲੋਕ ਨਿਰਧਾਰਿਤ ਦੁਕਾਨਾਂ ਵਿੱਚ ਜਾਰੀ ਕੀਤੇ ਫੋਨ ਨੰਬਰਾਂ ’ਤੇ ਵੀ ਸੰਪਰਕ ਕਰ ਸਕਦੇ ਹਨ। ਉਧਰ, ਕਰਫਿਊ ਕਾਰਨ ਕਾਫ਼ੀ ਥਾਵਾਂ ’ਤੇ ਆਮ ਲੋਕ ਰੋਜ਼ਮੱਰਾ ਦੀਆਂ ਵਸਤੂਆਂ ਨੂੰ ਤਰਸ ਗਏ ਹਨ। ਸੇਵਾਮੁਕਤ ਅਧਿਕਾਰੀ ਮੇਘਾ ਸਿੰਘ, ਹਰਬੰਸ ਸਿੰਘ, ਬਲਵੰਤ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਇੱਥੋਂ ਦੇ ਸੈਕਟਰ-97, ਸੈਕਟਰ-98, ਸੈਕਟਰ-105 ਅਤੇ ਸੈਕਟਰ-106 ਵਿੱਚ ਪਿਛਲੇ ਦੋ ਦਿਨਾਂ ਤੋਂ ਦੁੱਧ ਅਤੇ ਸਬਜ਼ੀਆਂ ਦੀ ਸਪਲਾਈ ਨਹੀਂ ਹੋਈ ਹੈ। ਜਿਸ ਕਾਰਨ ਜਿੱਥੇ ਲੋਕ ਚਾਹ ਪੀਣ ਨੂੰ ਵੀ ਤਰਸ ਗਏ, ਉੱਥੇ ਸਬਜ਼ੀਆਂ ਦੀਆਂ ਅਣਹੋਂਦ ਕਾਰਨ ਦਾਲ ਅਤੇ ਚੌਲ ਖਾ ਕੇ ਡੰਗ ਸਾਰਿਆਂ ਗਿਆ। ਲੋਕਾਂ ਦਾ ਦੋਸ਼ ਹੈ ਕਿ ਕੰਟਰੋਲ ਰੂਮ ਵਾਲੇ ਨੰਬਰਾਂ ’ਤੇ ਫੋਨ ਮਿਲਾ ਕੇ ਹੰਭ ਚੁੱਕੇ ਹਨ ਲੇਕਿਨ ਲਗਾਤਾਰ ਫੋਨ ਬੀਜੀ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਉਕਤ ਸੈਕਟਰਾਂ ਦੇ ਵਸਨੀਕ ਐਮਜੀਐਫ਼ ਵਿੱਚ ਸਟੋਰ ਤੋਂ ਘਰੇਲੂ ਸਮਾਲ ਲੈਂਦੇ ਸੀ ਪਰ ਕਰਫਿਊ ਦੇ ਮੱਦੇਨਜ਼ਰ ਹੁਣ ਪੁਲੀਸ ਨੇ ਇਹ ਸਟੋਰ ਵੀ ਬੰਦ ਕਰਵਾ ਦਿੱਤਾ ਹੈ ਅਤੇ ਰੇਹੜੀਆਂ ’ਤੇ ਘੁੰਮ ਫਿਰ ਕੇ ਸਬਜ਼ੀਆਂ ਅਤੇ ਹੋਰ ਸਮਾਨ ਵੇਚਣ ਵਾਲੇ ਵੀ ਬੰਦ ਹੋ ਗਏ ਹਨ। ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। (ਬਾਕਸ ਆਈਟਮ) ਉਧਰ, ਮੁਹਾਲੀ ਅਤੇ ਆਸਪਾਸ ਇਲਾਕੇ ਵਿੱਚ ਕਾਫੀ ਲੋਕਾਂ ਨੇ ਕਰਫਿਊ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਇੱਥੋਂ ਦੇ ਪੁਰਾਣਾ ਪਿੰਡ ਮੁਹਾਲੀ ਦੀ ਸਬਜ਼ੀ ਮੰਡੀ ਅਤੇ ਡਿਪਾਰਟਮੈਂਟ ਸਟੋਰ ਆਮ ਦਿਨਾਂ ਵਾਂਗ ਖੁੱਲ੍ਹੇ ਸੀ ਅਤੇ ਲੋਕ ਵੀ ਘਰਾਂ ਤੋਂ ਬਾਹਰ ਆ ਜਾ ਰਹੇ ਸੀ। ਕਈ ਅੌਰਤਾਂ ਨੇ ਕਿਹਾ ਕਿ ਘਰੇਲੂ ਸਮਾਨ ਖ਼ਰੀਦਣ ਲਈ ਘਰੋਂ ਬਾਹਰ ਆਉਣਾ ਪਿਆ ਹੈ। ਇਹੀ ਨਹੀਂ ਦੁਕਾਨਦਾਰਾਂ ਅਤੇ ਲੋਕਾਂ ਨੇ ਆਪਣੇ ਮੂੰਹ ’ਤੇ ਮਾਸਕ ਵੀ ਨਹੀਂ ਪਹਿਨੇ ਹੋਏ ਸੀ। ਇੰਜ ਹੀ ਇਤਿਹਾਸਕ ਨਗਰ ਸੋਹਾਣਾ ਵਿੱਚ ਕਾਫ਼ੀ ਦੁਕਾਨਾਂ ਖੁੱਲ੍ਹੀਆਂ ਸਨ। ਕਈ ਦੁਕਾਨਾਂ ’ਤੇ ਸਮਾਨ ਲਈ ਲੋਕ ਪਹੁੰਚੇ ਹੋਏ ਸੀ। ਇਸੇ ਤਰ੍ਹਾਂ ਬਲੌਂਗੀ ਦੀਆਂ ਗਲੀਆਂ ਵਿੱਚ ਵੀ ਲੋਕ ਆਮ ਦਿਨਾਂ ਵਾਂਗ ਘੁੰਮਦੇ ਫਿਰਦੇ ਦੇਖੇ ਗਏ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ