Nabaz-e-punjab.com

ਮੁਹਾਲੀ: ਘਰਾਂ ਦੀਆਂ ਬਰੂਹਾਂ ’ਤੇ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਦੇ ਦਾਅਵੇ ਖੋਖਲੇ

ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਵਾਈ ਮਹਿਜ਼ ਖਾਨਾਪੂਰਤੀ ਤੱਕ ਸੀਮਤ, ਲੋਕ ਡਾਢੇ ਪ੍ਰੇਸ਼ਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਮਾਰਚ:
ਕਰੋਨਾਵਾਇਰਸ ਦੇ ਚੱਲਦਿਆਂ ਸਖ਼ਤੀ ਨਾਲ ਲਾਗੂ ਕੀਤੇ ਕਰਫਿਊ ਕਾਰਨ ਲੋਕਾਂ ਦੀ ਜ਼ਿੰਦਗੀ ਦੀ ਰਫ਼ਤਾਰ ਰੁਕ ਗਈ ਹੈ। ਹਾਲਾਂਕਿ ਮੁਹਾਲੀ ਪ੍ਰਸ਼ਾਸਨ ਕਰਫਿਊ ਦੇ ਮੱਦੇਨਜ਼ਰ ਆਮ ਲੋਕਾਂ ਨੂੰ ਰੋਜ਼ਮੱਰਾ ਦੀਆਂ ਜ਼ਰੂਰੀ ਵਸਤਾਂ ਉਨ੍ਹਾਂ ਦੇ ਘਰ ਦੀਆਂ ਬਰੂਹਾਂ ’ਤੇ ਮੁਹੱਈਆ ਕਰਵਾਉਣ ਦਾ ਦਾਅਵਾ ਕਰ ਰਿਹਾ ਹੈ ਪ੍ਰੰਤੂ ਜ਼ਮੀਨੀ ਹਕੀਕਤ ਕੋਹਾਂ ਦੂਰ ਹੈ। ਮੁਹਾਲੀ ਦੇ ਐਸਡੀਐਮ ਜਗਦੀਪ ਸਹਿਗਲ ਦੀ ਜਾਣਕਾਰੀ ਅਨੁਸਾਰ ਘਰ-ਘਰ ਘਰੇਲੂ ਸਮਾਨ ਵੰਡਣ ਦੀ ਮੁਹਿੰਮ ਤਹਿਤ ਸਵੇਰੇ 6 ਤੋਂ 9 ਵਜੇ ਤੱਕ ਲੋਕਾਂ ਨੂੰ ਘਰਾਂ ਨੇੜੇ ਦੁੱਧ ਅਤੇ ਸਬਜ਼ੀਆਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਤੋਂ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਪੰਜਾਬ ਭਰ ਵਿੱਚ ਸਖ਼ਤੀ ਨਾਲ ਕਰਫਿਊ ਲਾਗੂ ਕੀਤਾ ਗਿਆ ਹੈ। ਇਸ ਦੌਰਾਨ ਆਮ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ ਅਤੇ ਉਹ ਰੋਜ਼ਾਨਾ ਦੀ ਜ਼ਰੂਰਤ ਦੀਆਂ ਵਸਤੂਆਂ ਦੀ ਖ਼ਰੀਦ ਕਰ ਸਕਣ।
ਇਸ ਲਈ ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਰੋਜ਼ਾਨਾ ਸਵੇਰੇ 6 ਤੋਂ 9 ਵਜੇ ਤੱਕ ਦੁੱਧ ਅਤੇ ਸਬਜ਼ੀਆਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ ਜਦੋਂਕਿ ਸਵੇਰੇ 8 ਤੋਂ 11 ਵਜੇ ਤੱਕ ਕਰਿਆਨਾ ਅਤੇ ਦਵਾਈਆਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਲੋਕ ਨਿਰਧਾਰਿਤ ਦੁਕਾਨਾਂ ਵਿੱਚ ਜਾਰੀ ਕੀਤੇ ਫੋਨ ਨੰਬਰਾਂ ’ਤੇ ਵੀ ਸੰਪਰਕ ਕਰ ਸਕਦੇ ਹਨ।
ਉਧਰ, ਕਰਫਿਊ ਕਾਰਨ ਕਾਫ਼ੀ ਥਾਵਾਂ ’ਤੇ ਆਮ ਲੋਕ ਰੋਜ਼ਮੱਰਾ ਦੀਆਂ ਵਸਤੂਆਂ ਨੂੰ ਤਰਸ ਗਏ ਹਨ। ਰਾਜਕੰਵਲਜੀਤ ਸਿੰਘ, ਗੁਰਤੇਜ ਸਿੰਘ, ਅਮਰਜੀਤ ਸਿੰਘ, ਐਮਐਸ ਕਲਸੀ ਅਤੇ ਸਤੀਸ਼ ਸੈਣੀ ਨੇ ਦੱਸਿਆ ਕਿ ਇੱਥੋਂ ਦੇ ਫੇਜ਼-9, ਸੈਕਟਰ-68 ਅਤੇ ਸੈਕਟਰ-69 ਅਤੇ ਹੋਰਨਾਂ ਨੇੜਲੇ ਇਲਾਕਿਆਂ ਵਿੱਚ ਦੁੱਧ ਤੋਂ ਬਿਨਾਂ ਕੋਈ ਸਮਾਨ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਬਜ਼ੀਆਂ ਦਾ ਕਾਲ ਪੈ ਗਿਆ ਹੈ। ਬੈਂਕ ਵੀ ਨਹੀਂ ਖੁੱਲ੍ਹ ਰਹੇ ਹਨ। ਜਿਸ ਕਾਰਨ ਚੈੱਕ ਖਾਤਿਆਂ ’ਚ ਟਰਾਂਸਫ਼ਰ ਨਾ ਹੋਣ ਕਾਰਨ ਦਿੱਕਤਾਂ ਪੇਸ਼ ਆ ਰਹੀਆਂ ਹਨ।
ਇੰਜ ਹੀ ਸੇਵਾਮੁਕਤ ਅਧਿਕਾਰੀ ਮੇਘਾ ਸਿੰਘ, ਹਰਬੰਸ ਸਿੰਘ, ਬਲਵੰਤ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਇੱਥੋਂ ਦੇ ਸੈਕਟਰ-97, ਸੈਕਟਰ-98, ਸੈਕਟਰ-105 ਅਤੇ ਸੈਕਟਰ-106 ਵਿੱਚ ਪਿਛਲੇ ਦੋ ਦਿਨਾਂ ਤੋਂ ਦੁੱਧ ਅਤੇ ਸਬਜ਼ੀਆਂ ਦੀ ਸਪਲਾਈ ਨਹੀਂ ਹੋਈ ਹੈ। ਜਿਸ ਕਾਰਨ ਜਿੱਥੇ ਲੋਕ ਚਾਹ ਪੀਣ ਨੂੰ ਵੀ ਤਰਸ ਗਏ, ਉੱਥੇ ਸਬਜ਼ੀਆਂ ਦੀਆਂ ਅਣਹੋਂਦ ਕਾਰਨ ਦਾਲ ਅਤੇ ਚੌਲ ਖਾ ਕੇ ਡੰਗ ਸਾਰਿਆਂ ਗਿਆ। ਲੋਕਾਂ ਦਾ ਦੋਸ਼ ਹੈ ਕਿ ਕੰਟਰੋਲ ਰੂਮ ਵਾਲੇ ਨੰਬਰਾਂ ’ਤੇ ਫੋਨ ਮਿਲਾ ਕੇ ਹੰਭ ਚੁੱਕੇ ਹਨ ਲੇਕਿਨ ਲਗਾਤਾਰ ਫੋਨ ਬੀਜੀ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਉਕਤ ਸੈਕਟਰਾਂ ਦੇ ਵਸਨੀਕ ਐਮਜੀਐਫ਼ ਵਿੱਚ ਸਟੋਰ ਤੋਂ ਘਰੇਲੂ ਸਮਾਲ ਲੈਂਦੇ ਸੀ ਪਰ ਕਰਫਿਊ ਦੇ ਮੱਦੇਨਜ਼ਰ ਹੁਣ ਪੁਲੀਸ ਨੇ ਇਹ ਸਟੋਰ ਵੀ ਬੰਦ ਕਰਵਾ ਦਿੱਤਾ ਹੈ ਅਤੇ ਰੇਹੜੀਆਂ ’ਤੇ ਘੁੰਮ ਫਿਰ ਕੇ ਸਬਜ਼ੀਆਂ ਅਤੇ ਹੋਰ ਸਮਾਨ ਵੇਚਣ ਵਾਲੇ ਵੀ ਬੰਦ ਹੋ ਗਏ ਹਨ। ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
(ਬਾਕਸ ਆਈਟਮ) ਸਮਾਜ ਸੇਵੀ ਸੰਸਥਾ ਨੇ ਲੋੜਵੰਦ ਪਰਿਵਾਰਾਂ ਨੂੰ ਘਰੇਲੂ ਸਮਾਨ ਵੰਡਿਆਂ
ਉਧਰ, ਸਮਾਜ ਸੇਵੀ ਸੰਸਥਾ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਫੇਜ਼-2 ਦੇ ਪ੍ਰਧਾਨ ਪਰਦੀਪ ਸਿੰਘ ਨਵਾਬ ਅਤੇ ਪ੍ਰੈੱਸ ਸਕੱਤਰ ਭੁਪਿੰਦਰ ਸਿੰਘ ਬੱਬਰ ਅਤੇ ਹੋਰਨਾਂ ਮੈਂਬਰਾਂ ਨੇ ਲੋੜਵੰਦ ਸਿਕਲੀਗਰ ਪਰਿਵਾਰਾਂ ਨੂੰ ਘਰੇਲੂ ਸਮਾਨ ਵੰਡਿਆਂ। ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਮਦਦ ਦੀ ਅਪੀਲ ਸੁਣ ਕੇ ਉਨ੍ਹਾਂ ਨੇ ਪੀੜਤ ਸਿਕਲੀਗਰ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਪ੍ਰਤੀ ਪਰਿਵਾਰ ਨੂੰ 10 ਕਿੱਲੋ ਆਟਾ, ਦਾਲਾਂ, ਚੀਨੀ, ਚਾਹਪੱਤੀ ਸਮੇਤ ਰਸੋਈ ਦਾ ਸਾਰਾ ਸਮਾਨ ਦਿੱਤਾ ਗਿਆ ਹੈ। ਪੀੜਤ ਮਹਾਂ ਸਿੰਘ ਨੇ ਦੱਸਿਆ ਕਿ ਉਹ ਸਿਕਲੀਗਰ ਪਰਿਵਾਰ ਹਨ ਪ੍ਰੰਤੂ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕੋਈ ਰਾਹਤ ਸਮੱਗਰੀ ਨਹੀਂ ਦਿੱਤੀ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…