Share on Facebook Share on Twitter Share on Google+ Share on Pinterest Share on Linkedin ਕਰਫਿਊ: ਮੁਹਾਲੀ ਵਿੱਚ ਫਸੇ ਨੌਜਵਾਨ ਲੜਕੇ ਲੜਕੀਆਂ ਦੀਆਂ ਮੁਸ਼ਕਲਾਂ ਵਧੀਆਂ ਪੀੜਤਾਂ ਦੀ ਮਦਦ ਕਰਨ ਤੋਂ ਪ੍ਰਸ਼ਾਸਨ ਨੇ ਹੱਥ ਘੁੱਟਿਆ, ਬੱਸਾਂ ਰਵਾਨਾ ਕਰਨ ਦਾ ਪ੍ਰੋਗਰਾਮ ਮੁਲਤਵੀ ਮੁਹਾਲੀ ਪ੍ਰਸ਼ਾਸਨ ਲੋਕ ਸਮੱਸਿਆਵਾਂ ਪ੍ਰਤੀ ਉਦਾਸੀਨ ਕਿਉਂ ਹੈ? ਸੁਖਦੇਵ ਪਟਵਾਰੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਮਾਰਚ: ਕਰੋਨਾਵਾਇਰਸ ਦੇ ਮੱਦੇਨਜ਼ਰ ਕਰਫਿਊ ਕਾਰਨ ਮੁਹਾਲੀ ਵਿੱਚ ਵੱਖ-ਵੱਖ ਅਦਾਰਿਆਂ ਵਿੱਚ ਨੌਕਰੀਆਂ ਕਰ ਰਹੇ ਬਾਹਰਲੇ ਜ਼ਿਲ੍ਹਿਆਂ ਦੇ ਵਿਅਕਤੀਆਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਮੁਹਾਲੀ ਪ੍ਰਸ਼ਾਸਨ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ, ਉਧਰ ਉਨ੍ਹਾਂ ਦੇ ਮਾਪੇ ਡਾਢੇ ਪ੍ਰੇਸ਼ਾਨ ਹਨ। ਪੀੜਤਾਂ ਨੂੰ ਪ੍ਰਸ਼ਾਸਨ ਇੱਧਰੋਂ ਆਪਣੇ ਘਰ ਜਾਣ ਲਈ ਪਾਸ ਨਹੀਂ ਰਿਹਾ ਹੈ ਅਤੇ ਉਧਰੋਂ ਉਨ੍ਹਾਂ ਦੇ ਮਾਪੇ ਆਪਣੇ ਬੱਚਿਆਂ ਨੂੰ ਲੈਣ ਇੱਧਰ ਨਹੀਂ ਆ ਸਕਦੇ ਹਨ। ਮੁਹਾਲੀ ਵਿੱਚ ਫਸੇ ਅਜਿਹੇ ਵਿਅਕਤੀਆਂ ਵਿੱਚ ਜ਼ਿਆਦਾਤਰ ਨੌਜਵਾਨ ਲੜਕੇ-ਲੜਕੀਆਂ ਹਨ। ਹਾਲਾਂਕਿ ਪੀੜਤ ਵਿਅਕਤੀਆਂ ਦਾ ਆਪਣੇ ਘਰ ਜਾਣ ਲਈ ਪ੍ਰਵਾਨਗੀ ਮੰਗਣ ਲਈ ਅਰਜ਼ੀਆਂ ਦਾ ਢੇਰ ਲੱਗਣ ਅਤੇ ਮੀਡੀਆ ਵਿੱਚ ਖ਼ਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਅੱਜ ਅਧਿਕਾਰੀਆਂ ਵੱਲੋਂ ਇਹ ਗੱਲ ਕਹੀ ਜਾ ਰਹੀ ਸੀ ਕਿ ਭਲਕੇ 27 ਮਾਰਚ ਨੂੰ ਸਵੇਰੇ ਤੜਕੇ 4 ਵਜੇ ਪੀੜਤ ਵਿਅਕਤੀਆਂ ਨੂੰ ਪੁੱਡਾ ਗਰਾਊਂਡ ਨੇੜਿਓਂ ਇੱਥੋਂ ਦੇ ਪੁਰਾਣਾ ਅੰਤਰਰਾਜੀ ਬੱਸ ਅੱਡੇ ਵਾਲੀ ਥਾਂ ਤੋਂ ਸਬੰਧਤ ਟਿਕਾਣਿਆਂ ’ਤੇ ਭੇਜਿਆ ਜਾਵੇਗਾ ਪ੍ਰੰਤੂ ਸ਼ਾਮ ਨੂੰ ਇਹ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ। ਇਸ ਪੱਤਰਕਾਰ ਨਾਲ ਸਵੇਰੇ ਇਕ ਅਧਿਕਾਰੀ ਨੇ ਬੱਸਾਂ ਦਾ ਪ੍ਰਬੰਧ ਕਰਨ ਦੀ ਗੱਲ ਆਖੀ ਸੀ ਪ੍ਰੰਤੂ ਸ਼ਾਮ ਨੂੰ ਉਨ੍ਹਾਂ ਨੇ ਬੇਵੱਸੀ ਜਤਾਉਂਦਿਆਂ ਫਿਲਹਾਲ ਇਹ ਪ੍ਰੋਗਰਾਮ ਅਗਲੇ ਹੁਕਮਾਂ ਤੱਕ ਰੱਦ ਹੋਣ ਦੀ ਗੱਲ ਆਖੀ ਗਈ। ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਦੱਸਿਆ ਕਿ ਅੱਜ ਉਨ੍ਹਾਂ ਦੇ ਪਿੰਡ ਗੁਰਦੁਆਰਾ ਸਾਹਿਬ ’ਚੋਂ ਅਨਾਊਂਸਮੈਂਟ ਹੋਈ ਸੀ ਕਿ ਜਿਹੜੇ ਪੀਜੀ ਮੁੰਡੇ ਕੁੜੀਆਂ ਆਪਣੇ ਘਰਾਂ ਵਿੱਚ ਜਾਣਾ ਚਾਹੁੰਦੇ ਹਨ। ਉਹ ਐਸਡੀਐਮ ਦਫ਼ਤਰ ਜਾ ਕੇ ਆਪਣਾ ਨਾਮ ਅਤੇ ਪਤਾ ਲਿਖਵਾਉਣ। ਇਹ ਗੱਲ ਸੁਣ ਕੇ ਪਿੰਡ ਵਿੱਚ ਪੀਜੀ ਰਹਿੰਦੇ ਕਾਫੀ ਮੁੰਡੇ ਕੁੜੀਆਂ ਨੇ ਪ੍ਰਸ਼ਾਸਨ ਕੋਲ ਪਹੁੰਚ ਕੀਤੀ ਅਤੇ ਉਹ ਕਾਫੀ ਖ਼ੁਸ਼ ਵੀ ਸਨ। ਸਮਾਜ ਸੇਵੀ ਸੰਸਥਾ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਕਹਿਣੀ ਅਤੇ ਕਥਨੀ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਉਧਰ, ਅਕਾਲੀ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਕਰਫਿਊ ਸਮੇਂ ਵਿੱਚ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰੰਤੂ ਜ਼ਿਲ੍ਹਾ ਪ੍ਰਸ਼ਾਸਨ ਨੇ ਜੋ ਦੁੱਧ, ਸਬਜ਼ੀ, ਫਲ, ਦਵਾਈਆਂ ਤੇ ਕਰਿਆਨਾ ਘਰਾਂ ਤੱਕ ਪਹੁੰਚਾਉਣ ਦਾ ਦਾਅਵਾ ਕੀਤਾ ਸੀ ਉਹ ਨਿਰ੍ਹਾ ਝੂਠਾ ਸਾਬਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸੈਕਟਰ-70 ਸਮੇਤ ਹੋਰਨਾਂ ਇਲਾਕਿਆਂ ਦਾ ਵੀ ਇਹੀ ਹਾਲ ਹੈ। ਉਨ੍ਹਾਂ ਕਿਹਾ ਕਿ ਇਸ ਮੁਸ਼ਕਲ ਘੜੀ ਵਿੱਚ ਅਧਿਕਾਰੀਆਂ ਨੇ ਫੋਨ ਵੀ ਚੁੱਕਣੇ ਬੰਦ ਕਰ ਦਿੱਤੇ ਹਨ। ਪ੍ਰਸ਼ਾਸਨ ਨੇ ਕਰਫਿਊ ਕਾਰਨ ਮੁਹਾਲੀ ਫਸੇ ਬੱਚਿਆਂ ਨੂੰ ਬੱਸਾਂ ਰਾਹੀਂ ਵੱਖ ਵੱਖ ਜ਼ਿਲ੍ਹਿਆਂ ਵਿੱਚ ਛੱਡਣ ਦਾ ਫੈਸਲਾ ਕੀਤਾ ਸੀ। ਇਸ ਸਬੰਧੀ ਉਨ੍ਹਾਂ ਨੂੰ ਐਸਡੀਐਮ ਨੇ ਭਰੋਸਾ ਦਿੱਤਾ ਸੀ ਪ੍ਰੰਤੂ ਬਾਅਦ ਦੁਪਹਿਰ ਜਦੋਂ ਉਨ੍ਹਾਂ ਨੇ ਐਸਡੀਐਮ ਅਤੇ ਆਰਟੀਏ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਅਧਿਕਾਰੀਆਂ ਨੇ ਫੋਨ ਨਹੀਂ ਚੁੱਕਿਆ। ਡੀਸੀ ਨੇ ਵੀ ਫੋਨ ਨਹੀਂ ਚੁੱਕਿਆ। ਉਨ੍ਹਾਂ ਕਿਹਾ ਕਿ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਮੁਹਾਲੀ ਪ੍ਰਸ਼ਾਸਨ ਲੋਕ ਸਮੱਸਿਆਵਾਂ ਪ੍ਰਤੀ ਉਦਾਸੀਨ ਕਿਉਂ ਹੈ? (ਬਾਕਸ ਆਈਟਮ) ਇੱਥੋਂ ਦੇ ਸੈਕਟਰ-68 ਦੇ ਵਸਨੀਕ ਮਲਕੀਤ ਸਿੰਘ ਨੇ ਕਿਹਾ ਕਿ ਕਰਫਿਊ ਕਾਰਨ ਲੋਕਾਂ ਦਾ ਬਹੁਤ ਬੁਰਾ ਹਾਲ ਹੈ। ਮੁਹਾਲੀ ਪ੍ਰਸ਼ਾਸਨ ਦਾ ਕੋਈ ਹੈਲਪਲਾਈਨ ਨੰਬਰ ਨਹੀਂ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਨਾ ਹੀ ਨਿੱਤ ਵਰਤੋਂ ਦੇ ਸਮਾਨ ਦੀ ਘਰ-ਘਰ ਸਪਲਾਈ ਹੋ ਰਹੀ ਹੈ ਅਤੇ ਨਾ ਹੀ ਦੁਕਾਨਾਂ ਖੋਲ੍ਹਣ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਆਰਮੀ ਇੰਸਟੀਚਿਊਟ ਨੇੜੇ ਕੈਮਿਸਟ ਦੀ ਦੁਕਾਨ ’ਤੇ ਦਵਾਈ ਲੈਣ ਗਏ ਬਜ਼ੁਰਗ ਨੂੰ ਪੁਲੀਸ ਨੇ ਥੱਪੜ ਮਾਰਿਆ ਅਤੇ ਦੁਕਾਨਦਾਰ ਦੇ ਥੱਪੜ ਮਾਰ ਕੇ ਦੁਕਾਨ ਬੰਦ ਕਰਵਾ ਦਿੱਤੀ। ਉਨ੍ਹਾਂ ਨੇ ਇਹ ਮਾਮਲਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਧਿਆਨ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਮੰਤਰੀ ਨੇ ਵੀ ਫੋਨ ਨਹੀਂ ਚੁੱਕਿਆ। ਉਨ੍ਹਾਂ ਕਿਹਾ ਕਿ ਸ੍ਰੀ ਸਿੱਧੂ ਨੂੰ ਪ੍ਰਸ਼ਾਸਕੀ ਪ੍ਰਬੰਧਾਂ ਦੀ ਨਜ਼ਰਸਾਨੀ ਦੀ ਲੋੜ ਹੈ। (ਬਾਕਸ ਆਈਟਮ) ਉਧਰ, ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਮੁਹਾਲੀ ਵਿੱਚ ਫਸੇ ਵਿਅਕਤੀਆਂ ਨੂੰ ਫਿਲਹਾਲ ਬੱਸਾਂ ਰਾਹੀਂ ਘਰੋਂ ਘਰੀ ਪਹੁੰਚਾਉਣ ਦਾ ਕੋਈ ਪ੍ਰੋਗਰਾਮ ਨਹੀਂ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਅਤੇ ਆਸਪਾਸ ਪੀਜੀ ਜਾਂ ਕਿਰਾਏ ਦੇ ਮਕਾਨਾਂ ਵਿੱਚ ਰਹਿ ਰਹੇ ਨੌਕਰੀਪੇਸ਼ਾ ਅਤੇ ਵਿਦਿਆਰਥੀਆਂ ਦੀ ਆਪਣੇ ਘਰ ਜਾਣ ਦੀ ਮੰਗ ਕਾਫੀ ਜ਼ਿਆਦਾ ਵਧ ਗਈ ਹੈ ਅਤੇ ਪ੍ਰਸ਼ਾਸਨ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ ਐਮਰਜੈਂਸੀ ਹਾਲਾਤਾਂ ਅਤੇ ਹਸਪਤਾਲ ਜਾਣ ਲਈ ਲੋੜਵੰਦਾਂ ਲਈ ਛੋਟੇ ਵਾਹਨਾਂ ਦੀ ਵਿਵਸਥਾ ਕੀਤੀ ਜਾਵੇਗੀ। ਅਧਿਕਾਰੀ ਨੇ ਕਿਹਾ ਕਿ ਪੀੜਤਾਂ ਨੂੰ ਘਰਾਂ ਵਿੱਚ ਛੱਡਣ ਸਬੰਧੀ ਪੰਜਾਬ ਸਰਕਾਰ ਤੋਂ ਅਗਾਊਂ ਪ੍ਰਵਾਨਗੀ ਲਈ ਜਾਵੇਗੀ ਜਦੋਂਕਿ ਪਹਿਲਾਂ ਪ੍ਰਸ਼ਾਸਨ ਆਪਣੇ ਪੱਧਰ ਅਜਿਹਾ ਉਪਰਾਲਾ ਕਰ ਰਿਹਾ ਸੀ। ਹੁਣ ਅਧਿਕਾਰੀ ਇਸ ਗੱਲੋਂ ਡਰ ਰਹੇ ਹਨ ਕਿ ਕਿਤੇ ਪੁੰਨ ਦਾ ਕੰਮ ਕਰਨ ਦੇ ਚੱਕਰ ਵਿੱਚ ਉਹ ਖ਼ੁਦ ਕਰਫਿਊ ਨਿਯਮਾਂ ਦੀ ਉਲੰਘਣਾ ਵਿੱਚ ਨਾ ਫਸ ਜਾਣ। ਇਨ੍ਹਾਂ ਸਾਰੇ ਪਹਿਲੂਆਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ