Nabaz-e-punjaab.com

ਮੁਹਾਲੀ ਪ੍ਰਸ਼ਾਸਨ ਨੇ ਘਰ-ਘਰ ਸਬਜ਼ੀਆਂ, ਫਲ ਤੇ ਖਾਣ-ਪੀਣ ਦਾ ਸਮਾਨ ਕੀਤਾ ਸਪਲਾਈ

ਪੁਲੀਸ ਅਧਿਕਾਰੀ ਵੀ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆਏ, ਸ਼ਹਿਰ ਤੇ ਪਿੰਡਾਂ ’ਚ ਵੰਡਿਆਂ ਰਾਸ਼ਨ

ਗੁਰਦੁਆਰਾ ਕਮੇਟੀਆਂ ਨੇ ਲੰਗਰ ਮੁਹੱਈਆ ਕਰਵਾਉਣ ਦਾ ਬੀੜਾ ਚੁੱਕਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਮਾਰਚ:
ਕਰੋਨਾਵਾਇਰਸ ਦੇ ਚੱਲਦਿਆਂ ਕਰਫਿਊ ਕਾਰਨ ਆਮ ਲੋਕਾਂ ਦੀ ਜ਼ਿੰਦਗੀ ਦੀ ਰਫ਼ਤਾਰ ਰੁਕ ਗਈ ਹੈ। ਮੁਹਾਲੀ ਸਿਵਲ ਪ੍ਰਸ਼ਾਸਨ ਦੇ ਨਾਲ-ਨਾਲ ਪੁਲੀਸ ਅਧਿਕਾਰੀ ਵੀ ਪੀੜਤ ਲੋਕਾਂ ਦੀ ਮਦਦ ਲਈ ਖੁੱਲ੍ਹ ਕੇ ਅੱਗੇ ਆ ਗਏ ਹਨ। ਅੱਜ ਐਸਐਸਪੀ ਕੁਲਦੀਪ ਸਿੰਘ ਚਾਹਲ ਸਮੇਤ ਵੱਖ-ਵੱਖ ਥਾਣਿਆਂ ਦੇ ਮੁਖੀਆਂ ਅਤੇ ਪੁਲੀਸ ਚੌਕੀਆਂ ਦੇ ਇੰਚਾਰਜਾਂ ਨੇ ਸ਼ਹਿਰੀ ਅਤੇ ਪੇਂਡੂ ਇਲਾਕੇ ਵਿੱਚ ਆਮ ਨਾਗਰਿਕਾਂ ਨੂੰ ਰਾਹਤ ਸਮਗਰੀ ਵੰਡੀ ਗਈ। ਝੁੱਗੀਆਂ-ਝੌਪੜੀਆਂ ਵਿੱਚ ਸਮਾਨ ਦੀ ਵੰਡ ਕੀਤੀ ਗਈ, ਪ੍ਰੰਤੂ ਇਲਾਕਿਆਂ ਵਿੱਚ ਪਹੁੰਚ ਨਹੀਂ ਕੀਤੀ ਜਾ ਸਕੀ ਹੈ।
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਕਰੋਨਾਵਾਇਰਸ ਕਾਰਨ ਕਰਫਿਊ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਨੂੰ ਜ਼ਰੂਰੀ ਸਮਾਨ ਘਰ-ਘਰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਮੁਹਾਲੀ ਦੇ ਵੱਖ-ਵੱਖ ਹਿੱਸਿਆਂ ਵਿੱਚ ਆਮ ਲੋਕਾਂ ਨੂੰ ਕਰਿਆਨੇ ਦੇ ਸਮਾਨ ਤੋਂ ਇਲਾਵਾ ਸਬਜ਼ੀਆਂ ਅਤੇ ਫਲਾਂ ਦੀ ਘਰ-ਘਰ ਸਪਲਾਈ ਸੁਚਾਰੂ ਢੰਗ ਨਾਲ ਕੀਤੀ ਜਾ ਰਹੀ ਹੈ। ਇਹ ਸਪਲਾਈ ਪਾਰਦਰਸ਼ੀ ਅਤੇ ਨਿਰਵਿਘਨ ਢੰਗ ਨਾਲ ਕਰਨ ਲਈ 100 ਗਲੀ ਵਿਕਰੇਤਾਵਾਂ ਨੂੰ 6 ਪੁਲੀਸ ਥਾਣਿਆਂ ਫੇਜ਼-1, ਫੇਜ਼-8, ਫੇਜ਼-11, ਮਟੌਰ, ਸੋਹਾਣਾ ਅਤੇ ਨਵਾਂ ਗਰਾਓਂ ਤੋਂ ਰਵਾਨਾ ਕੀਤਾ ਗਿਆ। ਇਸ ਮੌਕੇ 6 ਟੀਮਾਂ ਨੇ ਇੱਥੋਂ ਦੇ ਫੇਜ਼-1 ਤੋਂ ਫੇਜ਼-11 ਤੱਕ ਵੱਖ-ਵੱਖ ਖੇਤਰਾਂ ਅਤੇ ਸੈਕਟਰ-68, ਸੈਕਟਰ-69 ਅਤੇ ਸੈਕਟਰ-70 ਵਿੱਚ ਗਲੀ ਮੁਹੱਲੇ ਵਿੱਚ ਜਾ ਕੇ ਖਾਣ-ਪੀਣ ਦਾ ਸਮਾਨ ਮੁਹੱਈਆ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਮੰਡੀ ਅਫ਼ਸਰ ਹਰਭਜਨ ਕੌਰ, ਤਹਿਸੀਲਦਾਰ ਰਵਿੰਦਰ ਬਾਂਸਲ, ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਗਿੱਲ ਅਤੇ ਮਾਰਕੀਟ ਕਮੇਟੀ ਦੇ ਸਕੱਤਰ ਅਰਚਨਾ ਬਾਂਸਲ ਵੀ ਹਾਜ਼ਰ ਸਨ।
ਥਾਣਾ ਫੇਜ਼-1 ਦੇ ਐਸਐਚਓ ਮਨਫੂਲ ਸਿੰਘ ਅਤੇ ਸਨਅਤੀ ਏਰੀਆ ਪੁਲੀਸ ਚੌਕੀ ਦੇ ਇੰਚਾਰਜ ਬਲਜਿੰਦਰ ਸਿੰਘ ਮੰਡ ਨੇ ਦੱਸਿਆ ਕਿ ਅੱਜ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਖ਼ੁਦ ਸ਼ਹੀਦ ਊਧਮ ਸਿੰਘ ਕਲੋਨੀ ਅਤੇ ਅਮਰ ਕਲੋਨੀ ਵਿੱਚ ਇਕ ਹਫ਼ਤੇ ਲਈ ਸੁੱਕਾ ਰਾਸ਼ਨ ਵੰਡਣ ਦੇ ਨਾਲਨਾਲ ਬਣਿਆ ਹੋਇਆ ਭੋਜਨ ਵੀ ਮੁਹੱਈਆ ਕਰਵਾਇਆ ਗਿਆ। ਇਸ ਤੋਂ ਇਲਾਵਾ ਦੋਵੇਂ ਕਲੋਨੀਆਂ ਨੂੰ ਸੈਨੇਟਾਈਜ਼ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹਫ਼ਤੇ ਬਾਅਦ ਦੁਬਾਰਾ ਸਮਾਨ ਦਿੱਤਾ ਜਾਵੇਗਾ ਤਾਂ ਜੋ ਝੁੱਗੀਆਂ ਵਾਲਿਆਂ ਨੂੰ ਸੜਕਾਂ ’ਤੇ ਆਉਣ ਤੋਂ ਰੋਕਿਆ ਜਾ ਸਕੇ। ਇੰਜ ਹੀ ਮਜਾਤ ਪੁਲੀਸ ਚੌਕੀ ਦੇ ਇੰਚਾਰਜ ਇਕਬਾਲ ਮੁਹੰਮਦ ਨੇ ਪਿੰਡ ਮਜਾਤ, ਧੜਾਕ ਖੁਰਦ, ਮੱਛਲੀ ਕਲਾਂ ਅਤੇ ਬ੍ਰਾਹਮਣ ਬਾਸੀਆਂ ਵਿੱਚ ਨਿੱਤ ਵਰਤੋਂ ਦਾ ਸਮਾਨ ਵੰਡਿਆ ਗਿਆ।
ਉਧਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਦੇ ਹੁਕਮਾਂ ਤਹਿਤ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿੱਚ ਲੰਗਰ ਅਤੇ ਪੀੜਤ ਲੋਕਾਂ ਦੇ ਰਹਿਣ ਦੀ ਵਿਵਸਥਾ ਕੀਤੀ ਗਈ ਹੈ। ਐਸਜੀਪੀਸੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਨੇ ਦੱਸਿਆ ਕਿ ਪੀਜੀ ਵਿੱਚ ਰਹਿੰਦੀਆਂ ਕਈ ਪੀੜਤ ਲੜਕੀਆਂ ਨੂੰ ਸੇਵਾਦਾਰਾਂ ਵੱਲੋਂ ਘਰ-ਘਰ ਜਾ ਕੇ ਲੰਗਰ ਮੁਹੱਈਆ ਕਰਵਾਇਆ ਗਿਆ ਹੈ। ਐਸਜੀਪੀਸੀ ਦੇ ਮੈਂਬਰ ਤੇ ਪੰਥਕ ਆਗੂ ਭਾਈ ਹਰਦੀਪ ਸਿੰਘ ਨੇ ਦੱਸਿਆ ਕਿ ਇੱਥੋਂ ਦੇ ਗੁਰਦੁਆਰਾ ਸ੍ਰੀ ਸਿੰਘ ਸਭਾ ਸੈਕਟਰ-70 ਵੱਲੋਂ ਪੀੜਤ ਲੋਕਾਂ ਦੀ ਮਦਦ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ।
(ਬਾਕਸ ਆਈਟਮ)
ਗਲੀ ਮੁਹੱਲਿਆਂ ਵਿੱਚ ਘੁੰਮ ਫਿਰ ਕੇ ਸਮਾਨ ਵੇਚਣ ਵਾਲੇ (ਰੇਹੜੀਆਂ ਵਾਲਿਆਂ) ਨੇ ਕਰਫਿਊ ਦੇ ਚੱਲਦਿਆਂ ਫਲ ਅਤੇ ਸਬਜ਼ੀਆਂ ਕਈ ਗੁਣਾ ਵੱਧ ਕੀਮਤਾਂ ’ਤੇ ਵੇਚੀਆਂ ਜਾ ਰਹੀਆਂ ਹਨ। ਅਕਾਲੀ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਅੱਜ ਇਹ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਂਦਿਆਂ ਦੱਸਿਆ ਕਿ ਰੇਹੜੀ ਵਾਲੇ, ਲੋਕਾਂ ਦੀ ਮਜਬੂਰੀ ਦਾ ਨਾਜਾਇਜ਼ ਫਾਇਦਾ ਚੁੱਕ ਕੇ ਦਿਨ ਦਿਹਾੜੇ ਲੁੱਟ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਟਮਾਟਰ 80 ਤੋਂ 100 ਰੁਪਏ ਕਿੱਲੋ, ਆਲੂ 40 ਰੁਪਏ ਕਿੱਲੋ, ਪਿਆਜ 60 ਤੋਂ 70 ਰੁਪਏ ਕਿੱਲੋ, ਹਰਾ ਮਟਰ 80 ਤੋਂ 100 ਰੁਪਏ ਕਿੱਲੋ, ਗਾਜਰ 50 ਰੁਪਏ ਕਿੱਲੋ, ਗੋਭੀ 50 ਰੁਪਏ ਕਿੱਲੋ, ਬੈਂਗਣ 70 ਤੋਂ 80 ਰੁਪਏ ਕਿੱਲੋ, ਸੇਬ 150 ਤੋਂ 200 ਰੁਪਏ ਕਿੱਲੋ, ਕੇਲਾ 70 ਰੁਪਏ ਦਰਜਨ, ਪਾਲਕ ਦੀ ਗੁੱਛੀ 50 ਰੁਪਏ, ਮੇਥੀ ਦੀ ਗੁੱਛੀ 50 ਰੁਪਏ, ਹਰਾ ਧਨੀਆ ਦੀ ਗੁੱਛੀ 35 ਤੋਂ 40 ਰੁਪਏ ਵੇਚਿਆ ਜਾ ਰਿਹਾ ਹੈ।
(ਬਾਕਸ ਆਈਟਮ)
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕਰਫਿਊ ਕਾਰਨ ਲੋਕਾਂ ਨੂੰ ਦਿੱਕਤਾਂ ਪੇਸ਼ ਆ ਰਹੀਆਂ ਹਨ ਪ੍ਰੰਤੂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੀੜਤ ਲੋਕਾਂ ਦੀ ਮਦਦ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ 35 ਟਨ ਹਰੀ ਸਬਜ਼ੀਆਂ ਸਪਲਾਈ ਕੀਤੀਆਂ ਗਈਆਂ ਹਨ ਜਦੋਂਕਿ ਆਮ ਦਿਨਾਂ ਵਿੱਚ 60 ਟਨ ਸਬਜ਼ੀਆਂ ਲੱਗਦੀਆਂ ਸਨ। ਉਨ੍ਹਾਂ ਲੋਕਾਂ ਨੂੰ ਅੀਲ ਕੀਤੀ ਕਿ ਉਹ ਸੰਜਮ ਤੋਂ ਕੰਮ ਲੈਣ ਅਤੇ ਲੋੜ ਅਨੁਸਾਰ ਹੀ ਸਮਾਨ ਲਿਆ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਤੋਂ ਹੀ ਫਲ ਅਤੇ ਸਬਜ਼ੀਆਂ ਦੇ ਭਾਅ ਤੈਅ ਕਰਕੇ ਜਨਤਕ ਕੀਤੇ ਜਾਣਗੇ ਤਾਂ ਜੋ ਰੇਹੜੀਆਂ ਵਾਲੇ ਮਹਿੰਗੇ ਭਾਅ ’ਤੇ ਸਬਜ਼ੀਆਂ ਨਾ ਵੇਚ ਸਕਣ। ਉਨ੍ਹਾਂ ਕਿਹਾ ਕਿ ਲੋਕ ਪ੍ਰਸ਼ਾਸਨ ਦੀ ਮਜਬੂਰੀ ਨਹੀਂ ਸਮਝ ਰਹੇ ਹਨ ਅਤੇ ਮਨਭਾਉਂਦੀਆਂ ਸਬਜ਼ੀਆਂ ਦੀ ਮੰਗ ਕਰ ਰਹੇ ਹਨ ਜੋ ਇਸ ਸਮੇਂ ਸੰਭਵ ਨਹੀਂ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…