Share on Facebook Share on Twitter Share on Google+ Share on Pinterest Share on Linkedin ਮੁਹਾਲੀ ਪ੍ਰਸ਼ਾਸਨ ਨੇ 25 ਹਜ਼ਾਰ ਤੋਂ ਵੱਧ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡਿਆਂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਪਰੈਲ: ਸਮਾਜ ਸੇਵੀ ਲੋਕਾਂ ਵੱਲੋਂ ਦਿੱਤੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ 25 ਹਜ਼ਾਰ ਤੋਂ ਵੱਧ ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜੋ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਲਗਾਏ ਦੇਸ਼-ਵਿਆਪੀ ਲਾਕਡਾਊਨ ਦੇ ਮੱਦੇਨਜ਼ਰ ਸਾਧਨਾਂ ਤੋਂ ਵਾਂਝੇ ਰਹਿ ਗਏ। ਇਹ ਪ੍ਰਗਟਾਵਾ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕੀਤਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਐਨਜੀਓਜ਼, ਗੁਰਦੁਆਰਿਆਂ, ਰੈਡ ਕਰਾਸ, ਸਥਾਨਕ ਸਿਆਸੀ ਨੇਤਾਵਾਂ ਅਤੇ ਸਿਵਲ ਸੁਸਾਇਟੀ ਦੇ ਵਲੰਟੀਅਰਾਂ ਦੇ ਸਰਗਰਮ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੇ 17564 ਜ਼ਰੂਰਤਮੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਮੁਹੱਈਆ ਕਰਵਾਇਆ ਹੈ, ਜਿਨ੍ਹਾਂ ਵਿੱਚ ਮੁਹਾਲੀ ਦੇ 8800, ਡੇਰਾਬੱਸੀ ਦੇ 3268 ਅਤੇ ਖਰੜ ਸਬ ਡਵੀਜ਼ਨ ਦੇ 5496 ਪਰਿਵਾਰ ਸ਼ਾਮਲ ਹਨ। ਪਰਿਵਾਰਕ ਮੈਂਬਰਾਂ ਦੀ ਅੌਸਤਨ ਗਿਣਤੀ ਚਾਰ ਮੰਨਦੇ ਹੋਏ, ਇਸ ਰਾਸ਼ਨ ਨਾਲ ਕਰੀਬ 70 ਹਜ਼ਾਰ ਲੋਕਾਂ ਨੂੰ ਰਾਹਤ ਮਿਲੀ। ਉਨ੍ਹਾਂ ਕਿਹਾ ਕਿ ਛੇ ਦਿਨਾਂ ਵਿੱਚ ਕਰੀਬ 87 ਲੱਖ ਰੁਪਏ ਦਾ ਸੁੱਕਾ ਰਾਸ਼ਨ ਮੁਹੱਈਆ ਕਰਵਾਇਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ 26 ਮਾਰਚ ਤੋਂ ਪਕਾਇਆ ਖਾਣਾ ਵੀ ਵੰਡਿਆ ਜਾ ਰਿਹਾ ਹੈ ਅਤੇ 31 ਮਾਰਚ ਤੱਕ 7675 ਪਰਿਵਾਰਾਂ ਨਾਲ ਸਬੰਧਤ 36,4560 ਲੋਕਾਂ ਨੂੰ ਦਿਨ ਵਿੱਚ ਦੋ ਵਾਰ ਭੋਜਨ ਦਿੱਤਾ ਜਾ ਚੁੱਕਾ ਹੈ। ਇਸ ਵਿੱਚ ਮੁਹਾਲੀ ਦੇ 2325 ਪਰਿਵਾਰਾਂ ਦੇ 111600 ਮੈਂਬਰ, ਡੇਰਾਬਸੀ ਦੇ 1660 ਪਰਿਵਾਰਾਂ ਦੇ 79680 ਮੈਂਬਰ ਅਤੇ ਖਰੜ ਦੇ 3690 ਪਰਿਵਾਰਾਂ ਦੇ 173280 ਮੈਂਬਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਉਪਰਾਲੇ ਲਈ ਲਗਭਗ 70 ਲੱਖ ਰੁਪਏ ਖ਼ਰਚ ਕੀਤੇ ਗਏ ਹਨ। ਡੀਸੀ ਨੇ ਕਿਹਾ ਕਿ ਹਾਲਾਂਕਿ ਸਮਾਜਿਕ ਸੰਪਰਕ ਨੂੰ ਘਟਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਪਕਾਏ ਖਾਣੇ ਨਾਲੋਂ ਸੁੱਕਾ ਰਾਸ਼ਨ ਦੇਣ ‘ਤੇ ਵਧੇਰੇ ਧਿਆਨ ਦੇਵੇਗਾ। ਉਨ੍ਹਾਂ ਦੁਹਰਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਸ਼ਹਿਰ ਦੇ ਸਮੂਹ ਲੋੜਵੰਦਾਂ ਅਤੇ ਕਮਜ਼ੋਰ ਵਰਗ ਦੇ ਲੋਕਾਂ ਖਾਸ ਕਰਕੇ ਪਰਵਾਸੀਆਂ ਲਈ ਭੋਜਨ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਇਹ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਕਿ ਉਨ੍ਹਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਨੇ ਸਾਰੇ ਸਮਾਜ ਸੇਵੀ ਲੋਕਾਂ ਦਾ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਜੋ ਲੋਕ ਵਿੱਤੀ ਜਾਂ ਹੋਰ ਕੋਈ ਵੀ ਸਹਾਇਤਾ ਕਰਨ ਦੇ ਚਾਹਵਾਨ ਹਨ, ਉਹ ਜ਼ਿਲ੍ਹਾ ਰੈੱਡ ਕਰਾਸ ਨਾਲ ਸੰਪਰਕ ਕਰ ਸਕਦੇ ਹਨ। (ਬਾਕਸ ਆਈਟਮ) ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਅਗਲੀ ਫਸਲ ਨੂੰ ਧਿਆਨ ਵਿੱਚ ਰੱਖਦਿਆਂ ਸਬੰਧਤ ਸਹਿਕਾਰੀ ਸਭਾਵਾਂ ਨੂੰ ਖਾਦਾਂ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ। ਸਹਿਕਾਰੀ ਸਭਾਵਾਂ ਮੁਹਾਲੀ ਦੇ ਡਿਪਟੀ ਰਜਿਸਟਰਾਰ ਇਸ ਕਮੇਟੀ ਦੇ ਚੇਅਰਮੈਨ ਹੋਣਗੇ, ਜਦਕਿ ਜ਼ਿਲ੍ਹਾ ਮੈਨੇਜਰ, ਮਾਰਕਫੈੱਡ, ਮੁਹਾਲੀ ਅਤੇ ਜ਼ਿਲ੍ਹਾ ਮੈਨੇਜਰ, ਇਫਕੋ, ਮੁਹਾਲੀ ਕਨਵੀਨਰ ਹੋਣਗੇ ਅਤੇ ਸਬੰਧਤ ਖੇਤੀਬਾੜੀ ਅਫ਼ਸਰ ਅਤੇ ਬੀਡੀਪੀਓ ਨੂੰ ਮੈਂਬਰਾਂ ਵਜੋਂ ਸ਼ਾਮਲ ਕੀਤਾ ਗਿਆ ਹੈ। ਸਬੰਧਤ ਬੀਡੀਪੀਓ ਮਨਰੇਗਾ ਤਹਿਤ ਮਜ਼ਦੂਰਾਂ ਨੂੰ ਸ਼ਾਮਲ ਕਰਨ ਦਾ ਪ੍ਰਬੰਧ ਕਰੇਗਾ ਅਤੇ ਇਹ ਵੀ ਯਕੀਨੀ ਬਣਾਏਗਾ ਕਿ ਮਜ਼ਦੂਰ ਸਮਾਜਿਕ ਦੂਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਮਾਸਕ, ਸਾਬਣ ਅਤੇ ਸੈਨੇਟਾਈਜ਼ਰ ਦੀ ਨਿਰੰਤਰ ਵਰਤੋਂ ਕਰਦੇ ਰਹਿਣ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ