nabaz-e-punjab.com

ਫੀਮੇਲ ਵਰਕਰਾਂ ਅਤੇ ਆਸ਼ਾ ਵਰਕਰਾਂ ਨੂੰ ਸੁਰੱਖਿਆ ਜ਼ਰੂਰੀ ਕਿੱਟਾਂ ਮੁਹੱਈਆ ਕਰਵਾਉਣ ਦੀ ਮੰਗ

ਕੰਟਰੈਕਟ ਮਲਟੀਪਰਪਜ਼ ਵਰਕਰ (ਫੀਮੇਲ) ਯੂਨੀਅਨ ਨੇ ਸਿਹਤ ਵਿਭਾਗ ਦੇ ਡਾਇਰੈਕਟਰ ਨੂੰ ਲਿਖਿਆ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਪਰੈਲ:
ਕੰਟਰੈਕਟ ਮਲਟੀਪਰਪਜ਼ ਵਰਕਰ (ਫੀਮੇਲ) ਯੂਨੀਅਨ ਪੰਜਾਬ ਦੀ ਪ੍ਰਧਾਨ ਕਿਰਨਜੀਤ ਕੌਰ ਨੇ ਕਰੋਨਾਵਾਇਰਸ ਦੇ ਲਗਾਤਾਰ ਵਧ ਰਹੇ ਪ੍ਰਕੋਪ ਦੇ ਚੱਲਦਿਆਂ ਸਮੂਹ ਫੀਲਡ ਸਿਹਤ ਕਾਮਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਯੂਨੀਅਨ ਆਗੂ ਨੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸਮੂਹ ਫੀਮੇਲ ਵਰਕਰਾਂ ਅਤੇ ਆਸ਼ਾ ਵਰਕਰਾਂ ਨੂੰ ਟੀਕਾਕਰਨ ਕੈਂਪ ਵਿੱਚ ਜਾਣ ਤੋਂ ਪਹਿਲਾਂ ਕਰੋਨਾਵਾਇਰਸ ਤੋਂ ਬਚਾਅ ਲਈ ਜ਼ਰੂਰੀ ਸੁਰੱਖਿਆ ਕਿੱਟਾਂ ਮੁਹੱਈਆ ਕਰਵਾਈਆਂ ਜਾਣ। ਪੰਜਾਬ ਵਿੱਚ 5 ਹਜ਼ਾਰ ਤੋਂ ਵੱਧ ਮਲਟੀਪਰਪਜ਼ ਫੀਮੇਲ ਵਰਕਰਜ਼ ਅਤੇ ਲਗਭਗ 20 ਹਜ਼ਾਰ ਆਸ਼ਾ ਵਰਕਰਾਂ ਕੰਮ ਕਰਦੀਆਂ ਹਨ। ਇਸ ਤਰ੍ਹਾਂ 25 ਹਜ਼ਾਰ ਪਰਿਵਾਰ ਇਸ ਭਿਆਨਕ ਬਿਮਾਰੀ ਦੀ ਲਪੇਟ ਵਿੱਚ ਆ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਅਜੇ ਤਾਈਂ ਉਨ੍ਹਾਂ ਨੂੰ ਜ਼ਰੂਰੀ ਕਿੱਟਾਂ ਨਹੀਂ ਮਿਲੀਆਂ ਹਨ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਟੀਕਾਕਰਨ ਕੈਂਪਾਂ ਵਾਲੇ ਸਥਾਨਾਂ ਨੂੰ ਸੈਨੇਟਾਈਜ਼ ਕਰਵਾਇਆ ਜਾਵੇ ਅਤੇ ਸਲੱਮ ਏਰੀਆਂ ਵਿੱਚ ਆਮ ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ। ਆਮ ਦਿਨਾਂ ਵਿੱਚ ਵੀ ਲੋਕ ਏਐਨਐਮ ਅਤੇ ਆਸ਼ਾ ਵਰਕਰਾਂ ਨਾਲ ਲੜਾਈ ਝਗੜਾ ਕਰਦੇ ਹਨ। ਇਸ ਲਈ ਸਲੱਮ ਏਰੀਆ ਸਮੇਤ ਹੋਰਨਾਂ ਥਾਵਾਂ ’ਤੇ ਟੀਕਾਕਰਨ ਕੇਂਦਰਾਂ ਵਿੱਚ ਮਹਿਲਾ ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਜਾਵੇ।
ਯੂਨੀਅਨ ਆਗੂ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਪੂਰੀਆ ਦੁਨੀਆ ਕਰੋਨਾਵਾਇਰਸ ਨਾਲ ਲੜ ਰਹੀ ਹੈ ਅਤੇ ਸਮੇਂ ਦੀਆਂ ਸਰਕਾਰਾਂ ਵੱਲੋਂ ਹਰ ਵਿਅਕਤੀ ਨੂੰ ਇਕ ਦੂਜੇ ਵਿਅਕਤੀ ਤੋਂ ਦੂਰ ਰਹਿਣ ਲਈ ਪ੍ਰੇਰਿਆ ਜਾ ਰਿਹਾ ਹੈ ਪ੍ਰੰਤੂ ਟੀਕਾਕਰਨ ਵੇਲੇ ਫੀਮੇਲ ਵਰਕਰਾਂ ਦੀ ਹਰ ਬੱਚੇ ਅਤੇ ਗਰਭਵਤੀ ਅੌਰਤ ਨਾਲ ਸਿੱਧੇ ਤੌਰ ’ਤੇ ਨੇੜਤਾ ਹੋਣਾ ਸੁਭਾਵਿਕ ਹੈ। ਇਸ ਲਈ ਜ਼ਰੂਰੀ ਕਿੱਟਾਂ ਮੁਹੱਈਆ ਕੀਤੀਆਂ ਜਾਣ। ਇੱਥੇ ਇਹ ਵੀ ਦੱਸਣਯੋਗ ਹੈ ਕਿ ਫੀਮੇਲ ਵਰਕਰ ਜਿੱਥੇ ਕਰੋਨਾ ਵਰਗੀ ਭਿਆਨਕ ਬਿਮਾਰੀ ਨਾਲ ਲੜ ਰਹੀਆਂ ਹਨ। ਉੱਥੇ ਉਹ ਪਿਛਲੇ 12 ਸਾਲਾਂ ਤੋਂ ਨਿਗੂਣੀਆਂ ਤਨਖ਼ਾਹਾਂ ਮਿਲਣ ਕਾਰਨ ਆਰਥਿਕ ਮੰਦੀ ਦੀ ਲੜਾਈ ਵੀ ਲੜ ਰਹੀਆਂ ਹਨ। ਜਿਸ ਕਾਰਨ ਕੰਟਰੈਕਟ ਫੀਮੇਲ ਵਰਕਰਾਂ ਮਾਨਸਿਕ ਤੌਰ ’ਤੇ ਬਿਮਾਰ ਹਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …