nabaz-e-punjab.com

ਰਾਹਤ ਦੀ ਖਬਰ: ਪੀਜੀ ਲੜਕੀ ਰੰਜਨਾ ਨੇ ਵੀ ਜਿੱਤੀ ਕਰੋਨਾ ਦੀ ਜੰਗ, ਹਸਪਤਾਲ ’ਚੋਂ ਛੁੱਟੀ ਮਿਲੀ

ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਲਿਆ ਸੁੱਖ ਦਾ ਸਾਹ ਲਿਆ, ਇਕ ਹਫ਼ਤੇ ’ਚ 5 ਮਰੀਜ਼ ਠੀਕ ਹੋ ਕੇ ਘਰਾਂ ’ਚ ਪਰਤੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਪਰੈਲ:
ਇੱਥੋਂ ਦੇ ਫੇਜ਼-5 ਸਥਿਤ ਪੀਜੀ ਵਿੱਚ ਰਹਿੰਦੀ ਮੁਟਿਆਰ ਰੰਜਨਾ (24) ਨੇ ਵੀ ਅੱਜ 20 ਦਿਨਾਂ ਦੀ ਜੱਦੋ ਜਾਹਿਦ ਤੋਂ ਬਾਅਦ ਕਰੋਨਾਵਾਇਰਸ ਦੀ ਮਹਾਮਾਰੀ ਦੇ ਖ਼ਿਲਾਫ਼ ਜੰਗ ਜਿੱਤ ਲਈ ਹੈ। ਦੋ ਦਿਨ ਪਹਿਲਾਂ ਹੀ ਉਸ ਦੀ ਪੀਜੀ ਮਾਲਕਣ ਕੁਲਵੰਤ ਕੌਰ (80) ਵੀ ਕਰੋਨਾ ਨੂੰ ਹਰਾ ਕੇ ਘਰ ਪਰਤ ਚੁੱਕੀ ਹੈ। ਉਂਜ ਪਿਛਲੇ ਇਕ ਹਫ਼ਤੇ ਵਿੱਚ ਹੁਣ ਤੱਕ ਚਾਰ ਅੌਰਤਾਂ ਸਮੇਤ 5 ਪੀੜਤ ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰ ਆ ਗਏ ਹਨ। ਸਿਹਤ ਵਿਭਾਗ ਅਤੇ ਸ਼ਹਿਰ ਵਾਸੀਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਪੀਜੀ ਲੜਕੀ ਰੰਜਨਾ ਦੇ ਠੀਕ ਹੋ ਕੇ ਘਰ ਪਰਤਣ ਦੀ ਪੁਸ਼ਟੀ ਕਰਦਿਆਂ ਉਸ ਨੂੰ ਅੱਜ ਬਾਅਦ ਦੁਪਹਿਰ ਹਸਪਤਾਲ ’ਚੋਂ ਛੁੱਟੀ ਦੇ ਦਿੱਤੀ ਗਈ ਹੈ। ਬੀਤੀ 20 ਮਾਰਚ ਨੂੰ ਉਸ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਨੂੰ ਇੱਥੋਂ ਦੇ ਸਰਕਾਰੀ ਹਸਪਤਾਲ ਫੇਜ਼-6 ਵਿੱਚ ਦਾਖ਼ਲ ਕੀਤਾ ਗਿਆ ਸੀ।
ਰੰਜਨਾ ਦਾ ਇਲਾਜ ਕਰਨ ਵਾਲੇ ਡਾ. ਰਜਿੰਦਰ ਭੂਸ਼ਨ ਦੱਸਿਆ ਕਿ ਪੀੜਤ ਲੜਕੀ ਵਾਹਨ ਕੰਪਨੀ ਦੇ ਮਾਲਕ ਦੀ ਬੇਟੀ ਜੋ ਕਰੋਨਾਵਾਇਰਸ ਤੋਂ ਪੀੜਤ ਸੀ, ਉਸ ਦੇ ਸੰਪਰਕ ਵਿੱਚ ਆਉਣ ਕਾਰਨ ਇਸ ਮਾਰੂ ਬਿਮਾਰੀ ਦਾ ਸ਼ਿਕਾਰ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਇਲਾਜ ਦੌਰਾਨ ਪੀੜਤਾਂ ਪੂਰੀ ਚੜ੍ਹਦੀ ਕਲਾ ਵਿੱਚ ਰਹੀ ਅਤੇ ਉਸ ਦੇ ਚਿਹਰੇ ’ਤੇ ਕਦੇ ਵੀ ਡਰ, ਤਣਾਅ ਅਤੇ ਘਬਰਾਹਟ ਨਜ਼ਰ ਨਹੀਂ ਆਈ। ਉਨ੍ਹਾਂ ਦੱਸਿਆ ਕਿ ਰੰਜਨਾ ਨੂੰ ਸ਼ੱਕੀ ਮਰੀਜ਼ ਵਜੋਂ 18 ਮਾਰਚ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਸੀ। ਉਸ ਦੇ ਖੂਨ ਦੇ ਦੋ ਸੈਂਪਲਾਂ ਦੀਆਂ ਰਿਪੋਰਟਾਂ ਨੈਗੇਟਿਵ ਆਉਣ ਤੋਂ ਬਾਅਦ ਉਸ ਨੂੰ ਘਰ ਭੇਜ ਦਿੱਤਾ ਹੈ। ਉਂਜ ਡਾਕਟਰਾਂ ਨੇ ਉਸ ਨੂੰ ਅਗਲੇ ਹੁਕਮਾਂ ਤੱਕ ਹਾਊਸ ਆਈਸੋਲੇਸ਼ਨ ਤਹਿਤ ਆਪਣੇ ਘਰ ਵਿੱਚ ਨਜ਼ਰਬੰਦ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਸੈਕਟਰ-69 ਦੇ ਅਮਨਦੀਪ ਸਿੰਘ (42) ਅਤੇ ਇੱਥੋਂ ਦੇ ਫੇਜ਼-3ਏ ਦੀ ਵਸਨੀਕ ਗੁਰਦੇਵ ਕੌਰ (69) ਅਤੇ ਉਸ ਦੀ ਵੱਡੀ ਭੈਣ ਰੇਸ਼ਮ ਕੌਰ (74) ਨੇ ਵੀ ਪਿਛਲੇ ਦਿਨੀਂ ਠੀਕ ਹੋ ਕੇ ਆਪਣੇ ਘਰ ਪਰਤ ਚੁੱਕੇ ਹਨ। ਇਹ ਦੋਵੇਂ ਬਜ਼ੁਰਗ ਭੈਣਾਂ ਬੀਤੀ 20 ਮਾਰਚ ਤੋਂ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਸਨ। ਅਮਨਦੀਪ ਦਾ ਇਲਾਜ ਸੈਕਟਰ-16 ਦੇ ਜਨਰਲ ਹਸਪਤਾਲ ਵਿੱਚ ਹੋਇਆ ਹੈ। ਜਦੋਂਕਿ ਅਮਨਦੀਪ ਦੀ ਪਤਨੀ ਆਰਤੀ ਸ਼ਰਮਾ (36) ਹਾਲੇ ਇਲਾਜ ਅਧੀਨ ਹਨ।
(ਬਾਕਸ ਆਈਟਮ)
ਇੱਥੋਂ ਦੇ ਸੈਕਟਰ-68 ਸਥਿਤ ਪਿੰਡ ਕੁੰਭੜਾ ਦੇ ਵਸਨੀਕ ਗੁਲਜ਼ਾਰ ਅਲੀ ਉਰਫ਼ ਖਾਨ, ਉਸ ਦਾ ਬੇਟਾ ਅਜ਼ੀਜ਼ ਅਲੀ (29), ਸੈਕਟਰ-69 ਦੀ ਪਤਨੀ ਆਰਤੀ ਸ਼ਰਮਾ (36), ਕਪਿਲ ਸ਼ਰਮਾ (55) ਵਾਸੀ ਜਗਤਪੁਰਾ, ਫੇਜ਼-9 ਦੀ ਵਸਨੀਕ ਜਗਦੀਸ਼ ਕੌਰ (76), ਉਸ ਦੀ ਦੋਹਤੀ ਏਕਮਵੀਰ ਕੌਰ (11), ਰਜਾਕ ਮੁਹੰਮਦ ਉਰਫ਼ ਰਾਜੂ ਵਾਸੀ ਮੌਲੀ ਬੈਦਵਾਨ, ਸੈਕਟਰ-91 ਦੀ ਵਸਨੀਕ ਮਹਿੰਦਰ ਕੌਰ (80), ਮਨਜੀਤ ਕੌਰ (55), ਪਿੰਡ ਜਵਾਹਰਪੁਰ ਦਾ ਸਰਪੰਚ ਗੁਰਵਿੰਦਰ ਸਿੰਘ (42), ਉਸ ਦੀ ਪਤਨੀ ਕਮਲਜੀਤ ਕੌਰ (39), ਕੁਲਵਿੰਦਰ ਕੌਰ (61), ਸੀਮਾ ਦੇਵੀ (35), ਰਮਨਪ੍ਰੀਤ ਕੌਰ (19), ਦਮਨਜੀਤ ਸਿੰਘ (16) ਅਤੇ ਅਰਸ਼ਦੀਪ ਸਿੰਘ (12), ਮਲਕੀਤ ਸਿੰਘ (42), ਉਸ ਦੀ ਪਤਨੀ ਹਰਵਿੰਦਰ ਕੌਰ (33), ਪਿਤਾ ਭਾਗ ਸਿੰਘ (67) ਅਤੇ ਛੋਟਾ ਭਰਾ ਕੁਲਵਿੰਦਰ ਸਿੰਘ (38) ਆਦਿ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। ਡਾਕਟਰਾਂ ਅਨੁਸਾਰ ਇਨ੍ਹਾਂ ਸਾਰਿਆਂ ਦੀ ਹਾਲਤ ਬਿਲਕੁਲ ਠੀਕ ਦੱਸੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In Food and health

Check Also

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ ਅੱਤ ਗਰਮ…