nabaz-e-punjab.com

ਪਿੰਡ ਜਵਾਹਰਪੁਰ ਵਿੱਚ 4 ਹੋਰ ਪਾਜ਼ੇਟਿਵ ਮਰੀਜ਼ ਮਿਲੇ, 95 ਸੈਂਪਲਾਂ ਦੀ ਰਿਪੋਰਟ ਨੈਗੇਟਿਵ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਪਰੈਲ:
ਜ਼ਿਲ੍ਹਾ ਮੁਹਾਲੀ ਵਿੱਚ ਕਰੋਨਾਵਾਇਰਸ ਦੀ ਮਹਾਮਾਰੀ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ ਚਾਰ ਹੋਰ ਨਵੇਂ ਮਰੀਜ਼ ਮਿਲੇ ਹਨ। ਜਿਨ੍ਹਾਂ ਵਿੱਚ ਨੈਬ ਸਿੰਘ (56), ਅਵਤਾਰ ਸਿੰਘ (53), ਬਲਬੀਰ ਸਿੰਘ (56) ਅਤੇ ਮਨਜੀਤ ਸਿੰਘ (61) ਸ਼ਾਮਲ ਹਨ। ਇਹ ਸਾਰੇ ਪੀੜਤ ਵਿਅਕਤੀ ਪਿੰਡ ਜਵਾਹਰਪੁਰ (ਡੇਰਾਬੱਸੀ) ਦੇ ਵਸਨੀਕ ਹਨ। ਇਨ੍ਹਾਂ ਪੀੜਤ ਮਰੀਜ਼ਾਂ ਨੂੰ ਮਿਲਾ ਕੇ ਹੁਣ ਤੱਕ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ ਵਧ ਕੇ 30 ਹੋ ਗਈ ਹੈ। ਜਦੋਂਕਿ ਇਕ ਮਰੀਜ਼ ਓਮ ਪ੍ਰਕਾਸ਼ ਨਵਾਂ ਗਉਂ ਦੀ ਮੌਤ ਹੋ ਚੁੱਕੀ ਹੈ।
ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਜਵਾਹਰਪੁਰ ’ਚੋਂ ਸੱਤ ਪਾਜ਼ੇਟਿਵ ਮਰੀਜ਼ ਮਿਲਣ ਤੋਂ ਬਾਅਦ ਪੂਰੇ ਪਿੰਡ ਦਾ ਸਰਵੇ ਕਰਕੇ 118 ਸ਼ੱਕੀ ਵਿਅਕਤੀਆਂ ਦੇ ਖੂਨ ਦੇ ਸੈਂਪਲ ਲਏ ਗਏ ਹਨ। ਜਿਨ੍ਹਾਂ ’ਚੋਂ 84 ਸੈਂਪਲਾਂ ਦੀ ਰਿਪੋਰਟ ਆ ਚੁੱਕੀ ਹੈ। ਇਨ੍ਹਾਂ ’ਚੋਂ ਉਕਤ ਚਾਰ ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ 80 ਲੋਕਾਂ ਦੇ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਬਾਕੀ 34 ਸੈਂਪਲਾਂ ਦੀ ਰਿਪੋਰਟ ਭਲਕੇ ਵੀਰਵਾਰ ਤੱਕ ਆਉਣ ਦੀ ਸੰਭਾਵਨਾ ਹੈ। ਇੰਜ ਹੀ ਸਰਕਾਰੀ ਹਸਪਤਾਲ ’ਚੋਂ ਮੰਗਲਵਾਰ ਨੂੰ ਲਏ 15 ਸੈਂਪਲਾਂ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ ਅਤੇ ਖਰੜ ’ਚੋਂ ਲਏ 5 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਇਸ ਤਰ੍ਹਾਂ ਪਿੰਡ ਜਵਾਹਰਪੁਰ ਵਿੱਚ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 15 ਹੋ ਗਈ ਹੈ।
ਪਿੰਡ ਜਵਾਹਰਪੁਰ ਦੇ ਸਰਪੰਚ ਗੁਰਵਿੰਦਰ ਸਿੰਘ (42), ਉਸ ਦੀ ਪਤਨੀ ਕਮਲਜੀਤ ਕੌਰ (39), ਕੁਲਵਿੰਦਰ ਕੌਰ (61), ਸੀਮਾ ਦੇਵੀ (35), ਰਮਨਪ੍ਰੀਤ ਕੌਰ (19), ਦਮਨਜੀਤ ਸਿੰਘ (16) ਅਤੇ ਅਰਸ਼ਦੀਪ ਸਿੰਘ (12) ਸਮੇਤ ਇਸੇ ਪਿੰਡ ਦਾ ਪੀੜਤ ਮਲਕੀਤ ਸਿੰਘ (42) ਪਹਿਲਾਂ ਹੀ ਸੈਕਟਰ-32 ਦੇ ਹਸਪਤਾਲ ਵਿੱਚ ਜੇਰੇ ਇਲਾਜ ਹੈ। ਬੀਤੇ ਕੱਲ੍ਹ ਉਸ ਦੀ ਪਤਨੀ ਹਰਵਿੰਦਰ ਕੌਰ (33), ਪਿਤਾ ਭਾਗ ਸਿੰਘ (67) ਅਤੇ ਛੋਟਾ ਭਰਾ ਕੁਲਵਿੰਦਰ ਸਿੰਘ (38) ਦੀ ਰਿਪੋਰਟ ਵੀ ਪਾਜ਼ੇਟਿਵ ਆਈ ਸੀ। ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…