Share on Facebook Share on Twitter Share on Google+ Share on Pinterest Share on Linkedin ਕਰੋਨਾਵਾਇਰਸ: ਮ੍ਰਿਤਕ ਵਿਅਕਤੀ ਦੇ ਅੰਤਿਮ ਸਸਕਾਰ ਨਾਲ ਨਹੀਂ ਫੈਲਦੀ ਬਿਮਾਰੀ: ਸਿਵਲ ਸਰਜਨ ਲਾਸ਼ ਨੂੰ ਅੱਗ ਲਗਾਉਣ ’ਤੇ ਧੂੰਏਂ ਨਾਲ ਵੀ ਨਹੀਂ ਫੈਲਦਾ ਹੈ ਕਰੋਨਾਵਾਇਰਸ: ਡਾ. ਮਨਜੀਤ ਸਿੰਘ ਜ਼ਿਲ੍ਹਾ ਸਿਹਤ ਵਿਭਾਗ ਨੇ ਆਮ ਲੋਕਾਂ ਦਾ ਡਰ ਦੂਰ ਕਰਨ ਲਈ ਜਾਰੀ ਕੀਤੀ ਐਡਵਾਇਜ਼ਰੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਪਰੈਲ: ਕਰੋਨਾਵਾਇਰਸ’ ਦੇ ਮਰੀਜ਼ਾਂ ਦੀ ਮੌਤ ਸਬੰਧੀ ਕੁਝ ਲੋਕਾਂ ਦੇ ਮਨਾਂ ਅੰਦਰ ਪੈਦਾ ਹੋਏ ਡਰ ਅਤੇ ਤੌਖਲਿਆਂ ਨੂੰ ਦੂਰ ਕਰਨ ਲਈ ਜ਼ਿਲ੍ਹਾ ਸਿਹਤ ਵਿਭਾਗ ਨੇ ਐਡਵਾਇਜ਼ਰੀ ਜਾਰੀ ਕਰਦਿਆਂ ਕਿਹਾ ਕਿ ਅਜਿਹੇ ਮਰੀਜ਼ਾਂ ਦੇ ਅੰਤਿਮ ਸਰਕਾਰ ਜਾਂ ਜ਼ਮੀਨ ਵਿੱਚ ਦਫ਼ਨਾਉਣ ਨਾਲ ਨਾ ਤਾਂ ਵਾਤਾਵਰਨ ਵਿੱਚ ਇਹ ਮਾਰੂ ਬਿਮਾਰੀ ਫੈਲਦੀ ਹੈ ਅਤੇ ਨਾ ਹੀ ਮੌਕੇ ’ਤੇ ਮੌਜੂਦ ਕਿਸੇ ਵਿਅਕਤੀ ਨੂੰ ਇਹ ਬਿਮਾਰੀ ਲੱਗਣ ਦਾ ਕੋਈ ਖ਼ਤਰਾ ਹੁੰਦਾ ਹੈ। ਅੱਜ ਇੱਥੇ ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕਿਹਾ ਕਿ ਕਰੋਨਾ ਪੀੜਤ ਵਿਅਕਤੀ ਦੇ ਅੰਤਿਮ ਸਸਕਾਰ ਅਤੇ ਦਫ਼ਨਾਉਣ ਵੇਲੇ ਲਾਗ ਦਾ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੰਤਿਮ ਰਸਮਾਂ ਕਰਨ ਵਾਲੇ ਵਿਅਕਤੀਆਂ ਲਈ ਮਾਸਕ, ਦਸਤਾਨਿਆਂ ਦੀ ਵਰਤੋਂ ਅਤੇ ਹੱਥਾਂ ਦੀ ਸਫ਼ਾਈ ਯਕੀਨੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਵਾਇਰਸ ਦੇ ਹਵਾ ਵਿੱਚ ਫੈਲਣ ਦਾ ਹਾਲੇ ਤੱਕ ਕੋਈ ਪ੍ਰਤੱਖ ਸਬੂਤ ਮੌਜੂਦ ਨਹੀਂ ਹੈ ਕਿਉਂਕਿ ਮਰੀਜ਼ ਦੇ ਛਿੱਕਣ ਜਾਂ ਖੰਘਣ ਨਾਲ ਬਾਹਰ ਆਏ ਤਰਲ ਕਣਾਂ ਨਾਲ ਹੀ ਇਹ ਬਿਮਾਰੀ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਲੱਗ ਸਕਦੀ ਹੈ। ਸਿਵਲ ਸਰਜਨ ਨੇ ਸਲਾਹ ਪੱਤਰੀ ਵਿੱਚ ਕਿਹਾ ਕਿ ਸ਼ਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਦੌਰਾਨ 800 ਤੋਂ 1 ਹਜ਼ਾਰ ਡਿਗਰੀ ਸੈਲਸੀਅਸ ਤੱਕ ਤਾਪਮਾਨ ਹੁੰਦਾ ਹੈ। ਜਿਸ ਵਿੱਚ ਕੋਈ ਵੀ ਵਾਇਰਸ ਜਿਊਂਦਾ ਨਹੀਂ ਰਹਿ ਸਕਦਾ। ਹਾਲੇ ਤੱਕ ਅਜਿਹਾ ਕੋਈ ਸਬੂਤ ਵੀ ਨਹੀਂ ਮਿਲਿਆ ਕਿ ਲਾਸ਼ ਨੂੰ ਅੱਗ ਲਗਾਉਣ ’ਤੇ ਧੂੰਏਂ ਨਾਲ ਕਰੋਨਾਵਾਇਰਸ ਫੈਲਦਾ ਹੈ। ਉਨ੍ਹਾਂ ਕਿਹਾ ਕਿ ਪੀੜਤ ਵਿਅਕਤੀ ਦੀ ਲਾਸ਼ ਨਾਲ ਸਿਹਤ ਕਾਮਿਆਂ, ਪਰਿਵਾਰਕ ਮੈਂਬਰਾਂ ਜਾਂ ਇਲਾਕੇ ਦੇ ਲੋਕਾਂ ਨੂੰ ਇਹ ਬਿਮਾਰੀ ਲੱਗਣ ਦਾ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ ਤਾਂ ਅੰਤਿਮ ਸਸਕਾਰ ਨਾਲ ਕੋਈ ਬੁਰਾ ਅਸਰ ਨਹੀਂ ਪੈਂਦਾ, ਸਿਵਿਆ ਦੀ ਰਾਖ ਨਾਲ ਵੀ ਕੋਈ ਖ਼ਤਰਾ ਪੈਦਾ ਨਹੀਂ ਹੁੰਦਾ ਅਤੇ ਅੰਤਿਮ ਸਸਕਾਰ ਦੀਆਂ ਰਸਮਾਂ ਮਗਰੋਂ ਰਾਖ ਇਕੱਠੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਰਿਸ਼ਤੇਦਾਰਾਂ ਨੂੰ ਮੂੰਹ ਦਿਖਾਉਣਾ ਅਤੇ ਧਾਰਮਿਕ ਰਸਮਾਂ ਜਿਵੇਂ ਗੁਰਬਾਣੀ ਪਾਠ, ਪਵਿੱਤਰ ਪਾਣੀ ਦਾ ਛਿੜਕਾਅ ਅਤੇ ਕੋਈ ਹੋਰ ਅੰਤਿਮ ਰਸਮਾਂ, ਜਿਸ ਨਾਲ ਸਰੀਰ ਨੂੰ ਛੂਹਣ ਦੀ ਜ਼ਰੂਰਤ ਨਹੀਂ ਹੁੰਦੀ, ਕੀਤੀਆਂ ਜਾ ਸਕਦੀਆਂ ਹਨ। (ਬਾਕਸ ਆਈਟਮ) ਲਾਸ਼ ਨੂੰ ਛੂਹਣ ਦੀ ਇਜਾਜ਼ਤ ਨਹੀਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕਿਹਾ ਕਿ ‘ਮ੍ਰਿਤਕ ਦੇਹ ਨੂੰ ਨਹਾਉਣ, ਚੁੰਮਣ, ਗਲੇ ਲਾਉਣ ਦੀ ਇਜਾਜ਼ਤ ਨਹੀਂ ਹੈ ਅਤੇ ਅੰਤਿਮ ਸਸਕਾਰ/ ਦਫ਼ਨਾਉਣ ਵਾਲੇ ਕਰਮਚਾਰੀਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਅੰਤਿਮ ਸਸਕਾਰ/ਦਫ਼ਨਾਉਣ ਤੋਂ ਬਾਅਦ ਹੱਥਾਂ ਦੀ ਸਫ਼ਾਈ ਜ਼ਰੂਰ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਸ਼ਮਸ਼ਾਨਘਾਟ/ਦਫ਼ਨਾਉਣ ਵਾਲੇ ਸਥਾਨ ’ਤੇ ਵੱਡਾ ਇਕੱਠ ਨਾ ਕੀਤਾ ਜਾਵੇ ਅਤੇ ਇਕ ਦੂਜੇ ਤੋਂ ਜ਼ਰੂਰੀ ਫਾਸਲਾ ਰੱਖਿਆ ਜਾਵੇ। ਲਾਸ਼ ਨੂੰ ਦਿਖਾਉਣ ਲਈ ਬੈਗ ਨੂੰ (ਸਟਾਫ਼ ਵੱਲੋਂ ਜ਼ਰੂਰੀ ਸਾਵਧਾਨੀਆਂ ਵਰਤ ਕੇ) ਖੋਲ੍ਹਣ ਦੀ ਵੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਪਰ ਇਹ ਯਕੀਨੀ ਬਣਾਇਆ ਜਾਵੇ ਕਿ ਪਰਿਵਾਰ ਦਾ ਕੋਈ ਮੈਂਬਰ ਜਾਂ ਰਿਸ਼ਤੇਦਾਰ ਵੱਲੋਂ ਲਾਸ਼ ਨੂੰ ਛੂਹਿਆ ਨਾ ਜਾਵੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ