nabaz-e-punjab.com

ਆਈਟੀਆਈ ਦੇ ਵਿਦਿਆਰਥੀ ਪ੍ਰਸ਼ਾਸਨ ਅਤੇ ਪੰਚਾਇਤਾਂ ਲਈ ਤਿਆਰ ਕਰਨਗੇ ਮੁਫ਼ਤ ਮਾਸਕ

ਤਕਨੀਕੀ ਸਿੱਖਿਆ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਨੇ ਆਈਟੀਆਈ ਵਿਦਿਆਰਥੀਆਂ ਤੋਂ ਮੁਫਤ ਮਾਸਕ ਸਿਲਵਾਉਣ ਲਈ ਡਿਪਟੀ ਕਮਿਸ਼ਨਰਾਂ ਨੂੰ ਲਿਖਿਆ ਪੱਤਰ

ਆਈਟੀਆਈ ਦੇ ਵਿਦਿਆਰਥੀ ਪ੍ਰਸ਼ਾਸਨ ਲਈ ਹਰ ਰੋਜ਼ ਤਿਆਰ ਸਕਦੇ ਹਨ 50,000 ਮਾਸਕ

ਇਨ੍ਹਾਂ ਵਿਦਿਆਰਥੀਆਂ ਵਲੋਂ ਤਿਆਰ ਕੀਤੇ 50,000 ਮਾਸਕ ਪਹਿਲਾਂ ਹੀ ਪ੍ਰਸ਼ਾਸਨ ਨੂੰ ਕਰਵਾਏ ਜਾ ਚੁੱਕੇ ਨੇ ਉਪਲਬਧ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 14 ਅਪ੍ਰੈਲ:
ਕੋਰੋਨਾ ਵਾਇਰਸ ਵਿਰੁੱਧ ਜੰਗ ਵਿਚ ਆਪਣਾ ਯੋਗਦਾਨ ਪਾਉਂਦਿਆਂ ਆਈਟੀਆਈ ਦੇ ਵਿਦਿਆਰਥੀਆਂ ਨੇ ਸਵੈਇੱਛਾ ਨਾਲ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਅਤੇ ਪੰਚਾਇਤਾਂ ਲਈ ਮਾਸਕ ਸਿਲਾਈ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਹ ਪ੍ਰਗਟਾਵਾ ਕਰਦਿਆਂ ਸ੍ਰੀ ਅਨੁਰਾਗ ਵਰਮਾ ਪ੍ਰਮੁੱਖ ਸਕੱਤਰ (ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਪੰਜਾਬ) ਨੇ ਦੱਸਿਆ ਕਿ ਤਕਨੀਕੀ ਸਿੱਖਿਆ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਵਿਭਾਗ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਇਸ ਸੰਕਟਕਾਲੀ ਸਥਿਤੀ ਵਿੱਚ ਵਿਭਾਗ ਵਲੋਂ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ। ਉਨ੍ਹਾਂ ਦੀ ਅਪੀਲ ਤੇ ਸਟਾਫ ਅਤੇ ਆਈਟੀਆਈ ਦੇ ਵਿਦਿਆਰਥੀਆਂ ਨੇ ਇਸ ਸੇਵਾ ਦੀ ਪੇਸ਼ਕਸ਼ ਕੀਤੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਵਰਮਾ ਨੇ ਦੱਸਿਆ ਕਿ ਰਾਜ ਦੀਆਂ ਆਈ.ਟੀ.ਆਈਜ਼ ਵਿਚ ਸਿਲਾਈ ਟੈਕਨਾਲੋਜੀ, ਫੈਸ਼ਨ ਟੈਕਨਾਲੋਜੀ ਆਦਿ ਦੇ ਟਰੇਡ ਚੱਲ ਰਹੇ ਹਨ। ਇਨ੍ਹਾਂ ਟਰੇਡਾਂ ਦੇ ਤਕਰੀਬਨ 2000 ਵਿਦਿਆਰਥੀਆਂ ਨੇ ਸਵੈਇੱਛਾ ਨਾਲ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਤੇ ਸਿਹਤ ਕਰਮਚਾਰੀਆਂ ਲਈ ਮਾਸਕ ਸਿਲਾਈ ਕਰਨ ਦੀ ਪੇਸ਼ਕਸ਼ ਕੀਤੀ ਹੈ ਅਤੇ ਹਰੇਕ ਵਿਦਿਆਰਥੀ ਰੋਜ਼ਾਨਾ 25 ਮਾਸਕ ਸਿਲਾਈ ਕਰ ਕੇ ਦੇ ਸਕਦਾ ਹੈ।
ਸ੍ਰੀ ਵਰਮਾ ਨੇ ਕਿਹਾ ਕਿ ਤਕਨੀਕੀ ਸਿੱਖਿਆ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ‘ਤੇ ਉਨ੍ਹਾਂ ਨੇ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਇੱਕ ਪੱਤਰ ਲਿਖਿਆ ਹੈ ਕਿ ਉਹ ਆਈ ਟੀ ਆਈ ਦੇ ਵਿਦਿਆਰਥੀਆਂ ਤੋਂ ਮੁਫਤ ਮਾਸਕ ਸਿਲਾਈ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲਈ ਰੋਜ਼ਾਨਾ ਕਰੀਬ 50,000 ਮਾਸਕਾਂ ਦੀ ਮੁਫਤ ਸਿਲਾਈ ਕਰਵਾਈ ਜਾ ਸਕਦੀ ਹੈ। ਸਾਰੇ ਡੀ.ਸੀਜ਼ ਨੂੰ ਲਿਖੇ ਪੱਤਰ ਵਿੱਚ ਸ੍ਰੀ ਵਰਮਾ ਨੇ ਆਈ.ਟੀ.ਆਈਜ਼ ਦੇ ਨਾਮ, ਪਿ੍ਰੰਸੀਪਲ ਦਾ ਨਾਮ ਅਤੇ ਫ਼ੋਨ ਨੰਬਰ ਅਤੇ ਵਿਦਿਆਰਥੀਆਂ ਦੀ ਗਿਣਤੀ ਸਾਂਝੀ ਕੀਤੀ ਹੈ ਜੋ ਇਸ ਕੰਮ ਵਿੱਚ ਸਵੈ-ਇੱਛਾ ਨਾਲ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ ਵਿਦਿਆਰਥੀ ਆਪਣੇ ਘਰਾਂ ਤੋਂ ਹੀ ਇਹ ਮਾਸਕ ਤਿਆਰ ਕਰਦੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਤੱਕ ਸੂਬੇ ਦੀਆਂ 76 ਵੱਖ-ਵੱਖ ਸਰਕਾਰੀ ਆਈ.ਟੀ.ਆਈਜ਼ ਦੇ ਵਿਦਿਆਰਥੀਆਂ ਵਲੋਂ ਲਗਭਗ 50,000 ਮਾਸਕ ਤਿਆਰ ਕੀਤੇ ਜਾ ਚੁੱਕੇ ਹਨ ਅਤੇ ਸਥਾਨਕ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਵੰਡੇ ਗਏ ਹਨ। ਕੁਝ ਥਾਵਾਂ ’ਤੇ ਇਨ੍ਹਾਂ ਮਾਸਕਾਂ ਲਈ ਕੱਚਾ ਮਾਲ ਵੱਖ-ਵੱਖ ਪੰਚਾਇਤਾਂ, ਜ਼ਿਲ੍ਹਾ ਪ੍ਰਸ਼ਾਸਨ ਅਤੇ ਐਨ.ਜੀ.ਓਜ਼ ਵਲੋਂ ਮੁਹੱਈਆ ਕਰਵਾਇਆ ਗਿਆ ਸੀ। ਜਿੱਥੇ ਕੋਈ ਵਿੱਤੀ ਸਹਾਇਤਾ ਉਪਲਬਧ ਨਹੀਂ ਸੀ ਉੱਥੇ ਵਿਦਿਆਰਥੀਆਂ ਅਤੇ ਆਈਟੀਆਈ ਸਟਾਫ ਨੇ ਖੁਦ ਇਸ ਨੇਕ ਕੰਮ ਆਪਣਾ ਯੋਗਦਾਨ ਪਾਇਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਪੱਤਰ ਵਿਚ ਸਾਰੇ ਡੀ.ਸੀ. ਨੂੰ ਲਿਖਿਆ ਹੈ ਕਿ ਜੇ ਕੋਈ ਪੰਚਾਇਤ ਮਾਸਕ ਤਿਆਰ ਕਰਵਾਉਣਾ ਚਾਹੁੰਦੀ ਹੈ ਤਾਂ ਉਹ ਨੇੜਲੇ ਆਈ.ਟੀ.ਆਈਜ਼ ਦੇ ਪਿ੍ਰੰਸੀਪਲਾਂ ਨੂੰ ਕੱਚਾ ਮਾਲ ਮੁਹੱਈਆ ਕਰਵਾ ਸਕਦੇ ਹਨ ਅਤੇ ਮੁਫਤ ਵਿਚ ਮਾਸਕ ਸਿਲਾਈ ਕਰਵਾ ਸਕਦੇ ਹਨ। ਇਸ ਕਾਰਜ ਦਾ ਉਦੇਸ਼ ਇਹ ਸਿੱਧ ਕਰਨਾ ਹੈ ਕਿ ਡਿਊਟੀ ’ਤੇ ਤਾਇਨਾਤ ਸਟਾਫ ਅਤੇ ਨਾਗਰਿਕਾਂ ਲਈ ਮਾਸਕ ਦੀ ਕੋਈ ਘਾਟ ਨਹੀਂ ਹੈ।ਉਨ੍ਹਾਂ ਅੱਗੇ ਕਿਹਾ ਕਿ ਪਿ੍ਰੰਸੀਪਲਾਂ ਨੂੰ ਨਿਰਦੇਸ਼ ਦਿੱਤੇ ਜਾ ਰਹੇ ਹਨ ਕਿ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਹ ਵਿਦਿਆਰਥੀਆਂ ਨੂੰ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਸਮੇਂ ਸਮੇਂ ਤੇ ਹੱਥ ਧੋਣ ਦੀ ਸਲਾਹ ਦਿੰਦੇ ਰਹਿਣ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…