ਪਿੰਡ ਜਵਾਹਰਪੁਰ ਵਿੱਚ ਨਵੇਂ ਸਿਰਿਓਂ ਘਰ-ਘਰ ਜਾ ਕੇ ਕੀਤਾ ਸਰਵੇ, ਪਿੰਡ ਵਾਸੀਆਂ ਦੀ ਜਾਂਚ

ਸਿਵਲ ਸਰਜਨ ਨੇ ਡਾਕਟਰਾਂ ਤੇ ਹੋਰ ਸਿਹਤ ਮੁਲਾਜ਼ਮਾਂ ਨੂੰ ਕੀਤਾ ਸਲੂਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਪਰੈਲ:
ਪਿੰਡ ਜਵਾਹਰਪੁਰ (ਡੇਰਾਬੱਸੀ) ਵਿੱਚ ਸਿਹਤ ਵਿਭਾਗ ਦੀ ਟੀਮ ਨੇ ਇਕ ਵਾਰ ਫਿਰ ਘਰ-ਘਰ ਜਾ ਕੇ ਸਰਵੇ ਕੀਤਾ ਅਤੇ ਲੋਕਾਂ ਦਾ ਖੰਘ, ਜ਼ੁਕਾਮ, ਬੁਖ਼ਾਰ, ਸਾਹ ਵਿੱਚ ਤਕਲੀਫ਼ ਜਿਹੀਆਂ ਸਮੱਸਿਆਵਾਂ ਸਬੰਧੀ ਮੁਆਇਨਾ ਕੀਤਾ। ਜ਼ਿਕਰਯੋਗ ਹੈ ਕਿ ਇਸ ਪਿੰਡ ਦੇ ਹਰ ਘਰ ਦਾ ਸਰਵੇ ਪਹਿਲਾਂ ਵੀ ਹੋ ਚੁੱਕਾ ਹੈ ਅਤੇ ਪਿੰਡ ਦੇ ਉਨ੍ਹਾਂ ਵਿਅਕਤੀਆਂ ਦੇ ਸੈਂਪਲ ਵੀ ਲਏ ਜਾ ਚੁੱਕੇ ਹਨ, ਜਿਹੜੇ ਪੀੜਤ ਮਰੀਜ਼ਾਂ ਦੇ ਸੰਪਰਕ ਵਿੱਚ ਰਹੇ ਸਨ।
ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਡਾਕਟਰਾਂ ਅਤੇ ਹੋਰ ਸਟਾਫ਼ ਦੀ ਟੀਮ ਨੇ ਅਹਿਤਿਆਤ ਵਜੋਂ ਇਕ ਵਾਰ ਫਿਰ ਪਿੰਡ ਦੇ ਸਾਰੇ 500 ਤੋਂ ਵੱਧ ਘਰਾਂ ਵਿੱਚ ਫੇਰੀ ਪਾਈ। ਉਨ੍ਹਾਂ ਦੱਸਿਆ ਕਿ ਕੁਝ ਵਿਅਕਤੀਆਂ ਨੂੰ ਦਵਾਈ ਵੀ ਦਿੱਤੀ ਗਈ ਜਿਨ੍ਹਾਂ ਅੰਦਰ ਖੰਘ/ਜ਼ੁਕਾਮ ਦੇ ਹਲਕੇ ਲੱਛਣ ਦਿਸੇ। ਉਨ੍ਹਾਂ ਕਿਹਾ ਕਿ ਇਹ ਸਰਵੇ ਅਹਿਤਿਆਤ ਵਜੋਂ ਕੀਤਾ ਗਿਆ ਹੈ ਤਾਂ ਕਿ ਪਿੰਡ ਵਿੱਚ ਕੋਈ ਵੀ ਵਿਅਕਤੀ ਬੁਖ਼ਾਰ, ਸਾਹ ਵਿਚ ਤਕਲੀਫ਼ ਬਿਮਾਰੀ ਤੋਂ ਪੀੜਤ ਨਾ ਰਹੇ।
ਇਸੇ ਦੌਰਾਨ ਸਿਵਲ ਸਰਜਨ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ, ਜ਼ਿਲ੍ਹਾ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ ਸਣੇ ਹੋਰ ਸੀਨੀਅਰ ਸਿਹਤ ਅਧਿਕਾਰੀਆਂ ਨੇ ਡੇਰਾਬੱਸੀ ਹਸਪਤਾਲ ਦੇ ਡਾਕਟਰਾਂ, ਸੈਂਪਲ ਅਤੇ ਸਰਵੇ ਕਰਨ ਵਾਲੀਆਂ ਟੀਮਾਂ ਦੇ ਮੈਂਬਰਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਸਲੂਟ ਕੀਤਾ।
ਡਾ. ਮਨਜੀਤ ਸਿੰਘ ਨੇ ਕਿਹਾ ਕਿ ਮੂਹਰਲੀ ਕਤਾਰ ਦੇ ਇਹ ਯੋਧੇ ਅਪਣੀ ਜਾਨ ਜੋਖਮ ਵਿਚ ਪਾ ਕੇ ਦਿਨ-ਰਾਤ ਡਿਊਟੀ ਨਿਭਾਅ ਰਹੇ ਹਨ ਤਾਂ ਕਿ ਲੋਕ ਇਸ ਮਾਰੂ ਬੀਮਾਰੀ ਤੋਂ ਸੁਰਖਰੂ ਰਹਿ ਸਕਣ। ਜਿਸ ਲਈ ਉਨ੍ਹਾਂ ਦਾ ਸਨਮਾਨ ਕਰਨਾ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਉਹ ਕੋਰੋਨਾ ਵਾਇਰਸ ਵਿਰੁੱਧ ਮੂਹਰਲੀਆਂ ਸਫ਼ਾਂ ਵਿਚ ਲੜਨ ਵਾਲੇ ਇਨ੍ਹਾਂ ਸਿਹਤ ਮੁਲਾਜ਼ਮਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਅਤੇ ਵਿਲੱਖਣ ਤੇ ਮਿਸਾਲੀ ਸੇਵਾਵਾਂ ਦੇਣ ਲਈ ਉਨ੍ਹਾਂ ਦਾ ਧਨਵਾਦ ਕਰਦੇ ਹਨ। ਡਾਕਟਰਾਂ ਵਿਚ ਡਾ. ਐਚਐਸ ਚੀਮਾ, ਡਾ. ਵਿਕਰਾਂਤ ਆਦਿ ਸ਼ਾਮਲ ਸਨ।
ਸਿਹਤ ਕਾਮਿਆਂ ਨੇ ਸਰਵੇ ਦੌਰਾਨ ਪਿੰਡ ਵਾਲਿਆਂ ਨੂੰ ਦੱਸਿਆ ਕਿ ਜੇ ਕਿਸੇ ਵਿਅਕਤੀ ਨੂੰ ਖੰਘ, ਜ਼ੁਕਾਮ, ਤੇਜ਼ ਬੁਖ਼ਾਰ, ਸਾਹ ਵਿਚ ਤਕਲੀਫ਼ ਜਿਹੀ ਸਮੱਸਿਆ ਹੁੰਦੀ ਹੈ ਤਾਂ ਤੁਰੰਤ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਵੀ ਸੂਚਿਤ ਕਰ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਆਪੋ-ਅਪਣੇ ਘਰਾਂ ਵਿੱਚ ਰਹਿਣ, ਇਕ ਦੂਜੇ ਤੋਂ ਜ਼ਰੂਰੀ ਫਾਸਲਾ ਰੱਖਣ, ਵਾਰ ਵਾਰ ਹੱਥ ਧੋਣ ਅਤੇ ਚੰਗੀ ਖ਼ੁਰਾਕ ਖਾਣ ਲਈ ਪ੍ਰੇਰਿਤ ਕੀਤਾ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…