ਕਰਫਿਊ ਉਲੰਘਣਾ ਦੇ ਦੋਸ਼ ਵਿੱਚ 418 ਕੇਸ ਦਰਜ, 569 ਲੋਕ ਕਾਬੂ, 874 ਵਾਹਨ ਜ਼ਬਤ

ਪਟਿਆਲਾ ਘਟਨਾ ਤੋਂ ਬਾਅਦ ਪੁਲੀਸ ਨੇ ਮੁਹਾਲੀ ਵਿੱਚ ਚੌਕਸੀ ਵਧਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਪਰੈਲ:
ਜ਼ਿਲ੍ਹਾ ਪੁਲੀਸ ਨੇ ਕਰੋਨਾਵਾਇਰਸ ਦੇ ਮੱਦੇਨਜ਼ਰ ਲੋਕਹਿੱਤ ਵਿੱਚ ਸਖ਼ਤੀ ਨਾਲ ਲਾਗੂ ਕੀਤੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਸ਼ਿਕੰਜਾ ਕੱਸ ਦਿੱਤਾ ਹੈ। ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਪੁਲੀਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਇੱਥੋਂ ਦੇ ਫੇਜ਼-9 ਸਥਿਤ ਹਾਕੀ ਸਟੇਡੀਅਮ ਨੂੰ ਅਸਥਾਈ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਹੈ। ਜਿੱਥੇ ਲੋਕਾਂ ਨੂੰ ਫੜ ਕੇ ਰੱਖਿਆ ਜਾ ਰਿਹਾ ਹੈ।
ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਰਜਨੀਸ਼ ਚੌਧਰੀ ਨੇ ਦੱਸਿਆ ਕਿ ਕਰਫਿਊ ਉਲੰਘਣਾ ਦੇ ਦੋਸ਼ ਵਿੱਚ ਹੁਣ ਤੱਕ 418 ਐਫ਼ਆਈਆਰ ਦਰਜ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿੱਚ ਨਾਮਜ਼ਦ 569 ਵਿਅਕਤੀਆਂ ਨੂੰ ਕਾਬੂ ਕਰਕੇ ਆਰਜ਼ੀ ਜੇਲ੍ਹ ਵਿੱਚ ਰੱਖਿਆ ਗਿਆ ਅਤੇ ਕਰੀਬ 874 ਵਾਹਨ ਜ਼ਬਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਰਫਿਊ ਉਲੰਘਣਾ ਦੇ ਦੋਸ਼ ਵਿੱਚ ਕਾਬੂ ਕੀਤੇ ਵਿਅਕਤੀਆਂ ਨੂੰ ਲੋੜੀਂਦੀ ਕਾਰਵਾਈ ਤੋਂ ਬਾਅਦ ਸ਼ਾਮ ਨੂੰ ਸਖ਼ਤ ਤਾੜਨਾ ਕਰਕੇ ਛੱਡ ਦਿੱਤਾ ਜਾਂਦਾ ਹੈ। ਉਨ੍ਹਾਂ ਵੱਲੋਂ ਸਮਾਜ ਦੇ ਹਿੱਤਾਂ ਲਈ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੰਦਿਆਂ ਸਪੱਸ਼ਟ ਆਖਿਆ ਕਿ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
(ਬਾਕਸ ਆਈਟਮ)
ਉਧਰ, ਪਟਿਆਲਾ ਵਿੱਚ ਅਖੌਤੀ ਨਿਹੰਗਾਂ ਦੀ ਟੋਲੀ ਵੱਲੋਂ ਪੁਲੀਸ ਮੁਲਾਜ਼ਮਾਂ ’ਤੇ ਜਾਨਲੇਵਾ ਧਾਵਾ ਬੋਲਣ ਤੋਂ ਬਾਅਦ ਜ਼ਿਲ੍ਹਾ ਪੁਲੀਸ ਨੇ ਮੁਹਾਲੀ ਵਿੱਚ ਚੌਕਸੀ ਵਧਾ ਦਿੱਤੀ ਹੈ। ਇਸ ਗੱਲ ਦੀ ਪੁਸ਼ਟੀ ਕਰਦਿਆਂ ਐਸਪੀ (ਟਰੈਫ਼ਿਕ) ਕੇਸਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੁਹਾਲੀ ਦੇ ਸਮੂਹ ਐਂਟਰੀ ਪੁਆਇੰਟਾਂ ਸਮੇਤ ਹੋਰ ਸੰਪਰਕ ਸੜਕਾਂ ’ਤੇ ਲਗਾਏ ਨਾਕਿਆਂ ’ਤੇ ਪਹਿਲਾਂ ਨਾਲ ਵਧੇਰੇ ਚੌਕਸੀ ਵਧਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਡੀਜੀਪੀ ਦੇ ਹੁਕਮਾਂ ’ਤੇ ਕਰਫਿਊ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਸ਼ਹਿਰ ਵਿੱਚ ਦਾਖ਼ਲ ਹੋਣ ਅਤੇ ਬਾਹਰ ਜਾਣ ਵਾਲਿਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਪਾਸ ਹੋਲਡਰਾਂ ਤੋਂ ਵੀ ਪੁੱਛਗਿੱਛ ਕਰਨ ਮਗਰੋਂ ਹੀ ਅੱਗੇ ਲੰਘਣ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾਵਾਇਰਸ ਦੀ ਮਹਾਮਾਰੀ ਤੋਂ ਲੋਕਾਂ ਦੀ ਜਾਨ ਬਚਾਉਣ ਲਈ ਕਰਫਿਊ ਲਗਾਇਆ ਗਿਆ ਹੈ। ਇਸ ਲਈ ਲੋਕ ਕਰੋਨਾ ਨੂੰ ਦੇਸ਼ ’ਚੋਂ ਭਜਾਉਣ ਲਈ ਉਹ ਸਰਕਾਰ ਤੇ ਪੁਲੀਸ ਨੂੰ ਪੂਰਾ ਸਹਿਯੋਗ ਦੇਣ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…