Nabaz-e-punjab.com

ਜਗਤਪੁਰਾ ਦੇ ਸਰਪੰਚ ਸਣੇ 51 ਵਿਅਕਤੀਆਂ ਨੂੰ ਹਾਲੇ 7 ਦਿਨ ਹੋਰ ਰਹਿਣਾ ਪਵੇਗਾ ਘਰਾਂ ’ਚ ਨਜ਼ਰਬੰਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਪਰੈਲ:
ਮੁਹਾਲੀ ਨੇੜਲੇ ਪਿੰਡ ਜਗਤਪੁਰਾ ਵਿੱਚ ਪਿਛਲੇ ਦਿਨੀਂ ਕਰੋਨਾਵਾਇਰਸ ਤੋਂ ਪੀੜਤ ਕਪਿਲ ਸ਼ਰਮਾ (56) ਦੀ ਪੁਸ਼ਟੀ ਹੋਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਸਾਵਧਾਨੀ ਦੇ ਤੌਰ ’ਤੇ ਪਿੰਡ ਜਗਤਪੁਰਾ ਦੇ ਸਰਪੰਚ ਰਣਜੀਤ ਸਿੰਘ ਗਿੱਲ ਦੇ ਟੱਬਰ ਸਮੇਤ ਦਰਜਨ ਤੋਂ ਵੱਧ ਘਰਾਂ ਵਿੱਚ ਰਹਿੰਦੇ ਕਰੀਬ 51 ਵਿਅਕਤੀਆਂ ਨੂੰ ਹਾਊਸ ਆਈਸੋਲੇਟ ਕੀਤਾ ਗਿਆ ਸੀ। ਸਰਪੰਚ ਪਿੰਡ ਵਿੱਚ ਦੁੱਧ ਦੀ ਡਾਇਰੀ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਉਸ ਦੀ ਇਕ ਮਿੰਨੀ ਮਾਰਕੀਟ ਹੈ। ਪਤਨੀ ਵੀ ਬੁਟੀਕ ਚਲਾਉਂਦੀ ਹੈ। ਸਰਪੰਚ ਦੇ ਟੱਬਰ ਅਤੇ ਡਾਇਰੀ, ਬੁਟੀਕ ਤੇ ਸਟੋਰ ’ਤੇ ਕੰਮ ਕਰਦੇ 17 ਮੁਲਾਜ਼ਮਾਂ ਸਣੇ ਅਤੇ ਦੂਜੇ ਘਰਾਂ ਵਿੱਚ ਰਹਿੰਦੇ 34 ਵਿਅਕਤੀਆਂ ਨੂੰ 14 ਦਿਨਾਂ ਲਈ ਘਰਾਂ ਵਿੱਚ ਨਜ਼ਰਬੰਦ ਰਹਿਣ ਲਈ ਕਿਹਾ ਗਿਆ ਸੀ। ਹਾਲਾਂਕਿ ਇਨ੍ਹਾਂ ਸਾਰੇ ਵਿਅਕਤੀਆਂ ਦੀ ਹਾਊਸ ਆਈਸੋਲੇਟ ਦੀ ਮਿਆਦ ਬੀਤੇ ਕੱਲ੍ਹ ਪੂਰੀ ਹੋ ਚੁੱਕੀ ਹੈ ਪ੍ਰੰਤੂ ਕਰੋਨਾ ਦੇ ਖ਼ਤਰੇ ਨੂੰ ਦੇਖਦੇ ਹੋਏ ਸਿਹਤ ਵਿਭਾਗ ਨੇ ਇਨ੍ਹਾਂ ਸਾਰਿਆਂ ਨੂੰ ਅਗਲੇ ਹੁਕਮਾਂ ਤੱਕ (ਘੱਟੋ ਘੱਟ ਇਕ ਹਫ਼ਤੇ ਲਈ) ਹਾਊਸ ਆਈਸੋਲੇਸ਼ਨ ਤਹਿਤ ਆਪੋ ਆਪਣੇ ਘਰਾਂ ਵਿੱਚ ਨਜ਼ਰਬੰਦ ਰਹਿਣ ਲਈ ਕਿਹਾ ਗਿਆ ਹੈ। ਉਂਜ ਇਸ ਸਮੇਂ ਜਗਤਪੁਰਾ ਵਿੱਚ ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਹਨ। ਕਪਿਲ ਸ਼ਰਮਾ ਤੋਂ ਬਾਅਦ ਕੋਈ ਨਵਾਂ ਪਾਜ਼ੇਟਿਵ ਕੇਸ ਨਹੀਂ ਆਇਆ ਹੈ ਅਤੇ ਪਿਛਲੇ 15 ਦਿਨਾਂ ਤੋਂ ਜਗਤਪੁਰਾ ਸੜਕ ਪੂਰੀ ਤਰ੍ਹਾਂ ਸੀਲ ਹੈ। ਸਾਰੇ ਐਂਟਰੀ ਪੁਆਇੰਟਾਂ ’ਤੇ ਪੈਰਾ ਮਿਲਟਰੀ ਫੋਰਸ ਅਤੇ ਪੰਜਾਬ ਪੁਲੀਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ।
(ਬਾਕਸ ਆਈਟਮ)
ਇੱਥੋਂ ਦੇ ਸੈਕਟਰ-68 ਸਥਿਤ ਪਿੰਡ ਕੁੰਭੜਾ ਦੇ ਵਸਨੀਕ ਗੁਲਜ਼ਾਰ ਅਲੀ ਅਤੇ ਸੈਕਟਰ-91 ਦੀ ਮਨਜੀਤ ਕੌਰ ਨੇ ਕਰੋਨਾਵਾਇਰਸ ਖ਼ਿਲਾਫ਼ ਜੰਗ ਜਿੱਤ ਲਈ ਹੈ। ਇਸ ਗੱਲ ਦੀ ਪੁਸ਼ਟੀ ਅੱਜ ਸ਼ਾਮ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਮਰੀਜ਼ਾਂ ਨੂੰ ਹਸਪਤਾਲ ’ਚੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ। ਇਹ ਦੋਵੇਂ ਮਰੀਜ਼ ਗਿਆਨ ਸਾਗਰ ਹਸਪਤਾਲ ਬਨੂੜ ਵਿੱਚ ਜੇਰੇ ਇਲਾਜ ਸਨ। ਹੁਣ ਤੱਕ ਮੁਹਾਲੀ ਵਿੱਚ ਅੱਠ ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਵਿੱਚ ਪਰਤ ਚੁੱਕੇ ਹਨ। ਗੁਲਜ਼ਾਰ ਅਲੀ ਨਿਜ਼ਾਮੂਦੀਨ ਜਮਾਤ ਵਿੱਚ ਸ਼ਾਮਲ ਹੋਣ ਗਿਆ ਸੀ ਜਦੋਂਕਿ ਮਨਜੀਤ ਕੌਰ ਲੁਧਿਆਣਾ ਦੀ ਪੀੜਤ ਅੌਰਤ ਸੁਰਿੰਦਰ ਕੌਰ ਦੇ ਸੰਪਰਕ ਵਿੱਚ ਆਉਣ ਕਾਰਨ ਲਪੇਟੇ ਵਿੱਚ ਆ ਗਈ ਸੀ। ਉਹ ਸੁਰਿੰਦਰ ਕੌਰ ਦੀ ਨਜ਼ਦੀਕੀ ਰਿਸ਼ਤੇਦਾਰ ਹੈ। ਸੁਰਿੰਦਰ ਕੌਰ ਦੀ ਕੁਝ ਦਿਨ ਪਹਿਲਾਂ ਹੀ ਮੌਤ ਹੋ ਚੁੱਕੀ ਹੈ।

Load More Related Articles
Load More By Nabaz-e-Punjab
Load More In Food and health

Check Also

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ ਅੱਤ ਗਰਮ…