nabaz-e-punjab.com

ਨਾਕੇ ’ਤੇ ਪੁਲੀਸ ਮੁਲਾਜ਼ਮਾਂ ਨਾਲ ਖਹਿਬੜਨ ਵਾਲੀ ਯੂਟੀ ਪੁਲੀਸ ਦੀ ਮਹਿਲਾ ਸਿਪਾਹੀ ਵਿਰੁੱਧ ਕੇਸ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਪਰੈਲ:
ਕਰੋਨਾਵਾਇਰਸ ਦੇ ਚੱਲਦਿਆਂ ਮੁਹਾਲੀ ਜ਼ਿਲ੍ਹੇ ਦੀ ਹੱਦ ਅੰਦਰ ਸਖ਼ਤੀ ਨਾਲ ਲਾਗੂ ਕੀਤੇ ਕਰਫਿਊ ਦੌਰਾਨ ਕਸਬਾ ਨਵਾਂ ਗਰਾਓਂ ਦੇ ਐਂਟਰੀ ਪੁਆਇੰਟ ’ਤੇ ਨਾਕੇ ਉੱਤੇ ਤਾਇਨਾਤ ਪੁਲੀਸ ਕਰਮਚਾਰੀਆਂ ਨਾਲ ਉਲਝਣ ਵਾਲੀ ਚੰਡੀਗੜ੍ਹ ਪੁਲੀਸ ਦੀ ਮਹਿਲਾ ਸਿਪਾਹੀ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਇਸ ਸਬੰਧੀ ਚੰਡੀਗੜ੍ਹ ਪੁਲੀਸ ਦੀ ਸਿਪਾਹੀ ਊਸ਼ਾ ਯਾਦਵ ਦੇ ਖ਼ਿਲਾਫ਼ ਨਵਾਂ ਗਰਾਓਂ ਥਾਣੇ ਵਿੱਚ ਵੱਖ ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਗੱਲ ਦੀ ਪੁਸ਼ਟੀ ਥਾਣਾ ਨਵਾਂ ਗਰਾਓਂ ਦੇ ਐਸਐਚਓ ਇੰਸਪੈਕਟਰ ਅਸ਼ੋਕ ਕੁਮਾਰ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਪੁਲੀਸ ਦੀ ਮਹਿਲਾ ਸਿਪਾਹੀ ਊਸ਼ਾ ਯਾਦਵ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 286, 188, 353, 269 ਅਤੇ 270 ਸਮੇਤ ਹੋਰਨਾਂ ਧਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਮਹਿਲਾ ਸਿਪਾਹੀ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਉਕਤ ਮਾਮਲੇ ਵਿੱਚ ਨਾਮਜ਼ਦ ਚੰਡੀਗੜ੍ਹ ਪੁਲੀਸ ਦੀ ਮਹਿਲਾ ਸਿਪਾਹੀ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੱਸਿਆ ਗਿਆ ਹੈ ਕਿ ਪਿਛਲੇ ਦਿਨੀਂ ਕਰਫਿਊ ਦੇ ਮੱਦੇਨਜ਼ਰ ਜ਼ਿਲ੍ਹਾ ਪੁਲੀਸ ਵੱਲੋਂ ਨਵਾਂ ਗਰਾਓਂ ਦੇ ਐਂਟਰੀ ਪੁਆਇੰਟ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਊਸ਼ਾ ਯਾਦਵ ਆਪਣੀ ਐਕਟਿਵਾ ’ਤੇ ਆਈ ਅਤੇ ਨਾਕੇ ਵਾਲੇ ਰਸਤੇ ਤੋਂ ਨਵਾਂ ਗਰਾਓਂ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਨਾਕੇ ’ਤੇ ਤਾਇਨਾਤ ਪੁਲੀਸ ਕਰਮਚਾਰੀਆਂ ਨੇ ਮਹਿਲਾ ਸਿਪਾਹੀ ਨੂੰ ਰੋਕ ਕੇ ਦੂਜੇ ਰਸਤੇ ਰਾਹੀਂ ਘਰ ਜਾਣ ਦੀ ਸਲਾਹ ਦਿੱਤੀ ਲੇਕਿਨ ਉਹ (ਊਸ਼ਾ ਯਾਦਵ) ਨਾਕੇ ਵਾਲੇ ਰਸਤੇ ਰਾਹੀਂ ਆਪਣੇ ਘਰ ਜਾਣ ਦੀ ਜ਼ਿੱਦ ’ਤੇ ਅੜੀ ਰਹੀ ਅਤੇ ਨਾਕਾ ਪਾਰਟੀ ਨਾਲ ਬਹਿਸਣ ਲੱਗ ਪਈ ਅਤੇ ਉਨ੍ਹਾਂ ਨੂੰ ਕਾਫੀ ਬੂਰਾ ਭਲਾ ਵੀ ਕਿਹਾ।
ਇਸ ਸਮੁੱਚੇ ਘਟਨਾਕ੍ਰਮ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਕਾਰਨ ਚੰਡੀਗੜ੍ਹ ਪੁਲੀਸ ਨੂੰ ਕਾਫੀ ਮਾਯੂਸੀ ਹੋਈ। ਇਸ ਮਗਰੋਂ ਯੂਟੀ ਪੁਲੀਸ ਪ੍ਰਸ਼ਾਸਨ ਨੇ ਵੀ ਮਹਿਲਾ ਸਿਪਾਹੀ ਖ਼ਿਲਾਫ਼ ਵਿਭਾਗੀ ਕਾਰਵਾਈ ਕਰਨ ਬਾਰੇ ਪਤਾ ਲੱਗਾ ਹੈ। ਵੀਡੀਓ ਵਿੱਚ ਮਹਿਲਾ ਸਿਪਾਹੀ ਸ਼ਰ੍ਹੇਆਮ ਨਾਕੇ ’ਤੇ ਪੁਲੀਸ ਕਰਮਚਾਰੀਆਂ ਨਾਲ ਬਹਿਸਦੀ ਹੋਈ ਨਜ਼ਰ ਆ ਰਹੀ ਹੈ। ਜਿਸ ਦਾ ਪੰਜਾਬ ਪੁਲੀਸ ਨੇ ਵੀ ਗੰਭੀਰ ਨੋਟਿਸ ਲੈਂਦਿਆਂ ਉਸ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।

Load More Related Articles
Load More By Nabaz-e-Punjab
Load More In Police

Check Also

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ ਨਬਜ਼-ਏ-ਪੰਜਾਬ, ਮੁਹਾਲੀ, 14 ਦਸੰਬ…