ਗੈਂਗਸਟਰਾਂ ਨੂੰ ਫੜਨ ਗਈ ਮੁਹਾਲੀ ਪੁਲੀਸ ’ਤੇ ਫਾਇਰਿੰਗ, ਹੌਲਦਾਰ ਰਸ਼ਪ੍ਰੀਤ ਸਿੰਘ ਗੰਭੀਰ ਜ਼ਖ਼ਮੀ

ਅਸਲੇ ਸਣੇ ਮੌਕੇ ’ਤੇ ਕਾਬੂ ਕੀਤੇ ਚਾਰ ਗੈਂਗਸਟਰ ਚੰਡੀਮੰਦਰ ਪੁਲੀਸ ਹਵਾਲੇ ਕੀਤੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਪੰਚਕੂਲਾ, 26 ਅਪਰੈਲ:
ਇੱਥੋਂ ਦੇ ਫੇਜ਼-9 ਵਿੱਚ ਕੁਝ ਸਮਾਂ ਪਹਿਲਾਂ ਦੋਧੀ ’ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ ਗੈਂਗਸਟਰਾਂ ਨੂੰ ਫੜਨ ਪਿੰਡ ਰਾਮਗੜ੍ਹ (ਚੰਡੀਮੰਦਰ) ਗਈ ਮੁਹਾਲੀ ਪੁਲੀਸ ਦੀ ਟੀਮ ’ਤੇ ਮੁਲਜ਼ਮਾਂ ਨੇ ਫਾਇਰਿੰਗ ਕਰ ਦਿੱਤੀ। ਦੁਵੱਲਿਓਂ ਗੋਲੀਬਾਰੀ ਦੌਰਾਨ ਗੈਂਗਸਟਰ ਹੱਥੋਂ ਗੋਲੀ ਲੱਗਣ ਕਾਰਨ ਮੁਹਾਲੀ ਦਾ ਹੌਲਦਾਰ ਰਸ਼ਪ੍ਰੀਤ ਸਿੰਘ ਗੰਭੀਰ ਰੂਪ ਵਿੱਚ ਹੋ ਗਿਆ। ਹੌਲਦਾਰ ਦੀ ਖੱਬੀ ਲੱਤ ਵਿੱਚ ਗੋਲੀ ਲੱਗ ਕੇ ਆਰ-ਪਾਰ ਹੋ ਗਈ। ਜ਼ਖ਼ਮੀ ਹੌਲਦਾਰ ਨੂੰ ਪਹਿਲਾਂ ਸਰਕਾਰੀ ਹਸਪਤਾਲ ਸੈਕਟਰ-6 ਵਿੱਚ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਮੁੱਢਲੀ ਮੈਡੀਕਲ ਸਹਾਇਤਾਂ ਤੋਂ ਬਾਅਦ ਸੈਕਟਰ-32,ਚੰਡੀਗੜ੍ਹ ਦੇ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ।
ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋਧੀ ’ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿੱਚ ਲੋੜੀਂਦੇ ਗੈਂਗਸਟਰ ਹਰਿਆਣਾ ਵਿੱਚ ਛੁਪੇ ਹੋਏ ਹਨ। ਸੂਚਨਾ ਮਿਲਦੇ ਹੀ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਇੰਸਪੈਕਟਰ ਰਜਨੀਸ਼ ਚੌਧਰੀ ਦੀ ਅਗਵਾਈ ਹੇਠ ਮੁਹਾਲੀ ਪੁਲੀਸ ਦੀ 10 ਮੈਂਬਰੀ ਟੀਮ ਨੇ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਅੱਜ ਸਵੇਰੇ ਪਿੰਡ ਰਾਮਗੜ੍ਹ ਵਿੱਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਗੈਂਗਸਟਰਾਂ ਨੇ ਪੁਲੀਸ ’ਤੇ ਫਾਇਰਿੰਗ ਕਰ ਦਿੱਤੀ। ਹਾਲਾਂਕਿ ਹੌਲਦਾਰ ਰਸ਼ਪ੍ਰੀਤ ਸਿੰਘ ਦੇ ਲੱਤ ਵਿੱਚ ਗੋਲੀ ਲੱਗਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਪਰ ਇਸ ਦੇ ਬਾਵਜੂਦ ਉਸ ਨੇ ਕਾਬੂ ਕੀਤੇ ਗੈਂਗਸਟਰ ਨੂੰ ਨਹੀਂ ਛੱਡਿਆ। ਇਸ ਤਰ੍ਹਾਂ ਪੁਲੀਸ ਨੇ ਚਾਰ ਗੈਂਗਸਟਰਾਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ। ਇਸ ਮਗਰੋਂ ਸਥਾਨਕ ਪੁਲੀਸ ਨੇ ਮੁਲਜ਼ਮਾਂ ਨੂੰ ਚੰਡੀਮੰਦਰ ਪੁਲੀਸ ਦੇ ਹਵਾਲੇ ਕਰ ਦਿੱਤਾ। ਹੁਣ ਮੁਹਾਲੀ ਪੁਲੀਸ ਕਾਬੂ ਕੀਤੇ ਇਨ੍ਹਾਂ ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਰੰਟ ’ਤੇ ਮੁਹਾਲੀ ਲੈ ਕੇ ਆਵੇਗੀ ਅਤੇ ਦੋਧੀ ’ਤੇ ਜਾਨਲੇਵਾ ਹਮਲੇ ਦੇ ਮਾਮਲੇ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ।
ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਅਤੇ ਡੀਐਸਪੀ (ਸਿਟੀ-2) ਰਮਨਦੀਪ ਸਿੰਘ ਨੇ ਦੱਸਿਆ ਕਿ ਮੁਹਾਲੀ ਪੁਲੀਸ ਨੇ ਹਰਿਆਣਾ ਪੁਲੀਸ ਦੇ ਸਹਿਯੋਗ ਨਾਲ ਚਾਰ ਗੈਂਗਸਟਰਾਂ ਹਰਸਿਮਰਨ ਸਿੰਘ ਉਰਫ਼ ਸਿੰਮੂ ਵਾਸੀ ਪਿੰਡ ਨਬੀਪੁਰ (ਅੰਬਾਲਾ), ਧਰੂਵ ਮੋਹਨ ਗਰਗ ਵਾਸੀ ਗਾਜ਼ਿਆਬਾਦ (ਯੂਪੀ), ਗੁਰਚਰਨ ਸਿੰਘ ਉਰਫ਼ ਗੂਨਾ ਵਾਸੀ ਪਿੰਡ ਰਾਏਪੁਰ ਰਾਣੀ (ਪੰਚਕੂਲਾ) ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਪਿੰਡ ਸੈਦਪੁਰ (ਡੇਰਾਬੱਸੀ) ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਗੈਂਗਸਟਰਾਂ ਕੋਲੋਂ ਪੁਲੀਸ ਨੇ ਅਸਲਾ ਵੀ ਬਰਾਮਦ ਕੀਤਾ ਹੈ। ਉਨ੍ਹਾਂ ਦੇ ਖ਼ਿਲਾਫ਼ ਪਹਿਲਾਂ ਹੀ ਦੋਧੀ ’ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿੱਚ ਸੈਂਟਰਲ ਥਾਣਾ ਫੇਜ਼-8 ਵਿੱਚ ਧਾਰਾ 307 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਹੈ। ਫਿਲਹਾਲ ਇਹ ਚਾਰੋ ਗੈਂਗਸਟਰ ਪੰਚਕੂਲਾ ਪੁਲੀਸ ਦੀ ਹਿਰਾਸਤ ਵਿੱਚ ਹਨ। ਮੁਹਾਲੀ ਪੁਲੀਸ ਦੀ ਟੀਮ ’ਤੇ ਫਾਇਰਿੰਗ ਕਰਨ ਦੇ ਦੋਸ਼ ਵਿੱਚ ਉਨ੍ਹਾਂ ਦੇ ਖ਼ਿਲਾਫ਼ ਚੰਡੀਮੰਦਰ ਥਾਣੇ ਵਿੱਚ ਵੱਖਰਾ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਨੁਸਾਰ ਗ੍ਰਿਫ਼ਤਾਰ ਕੀਤੇ ਗੈਂਗਸਟਰਾਂ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਕਈ ਅਪਰਾਧਿਕ ਕੇਸ ਦਰਜ ਹਨ। ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਨ ਵਾਲੀ ਮੁਹਾਲੀ ਪੁਲੀਸ ਨੂੰ ਟੀਮ ਨੂੰ ਬਹਾਦਰੀ ਪੁਰਸਕਾਰ ਦੇਣ ਲਈ ਕੇਸ ਤਿਆਰ ਕਰਕੇ ਡੀਜੀਪੀ ਰਾਹੀਂ ਪੰਜਾਬ ਸਰਕਾਰ ਨੂੰ ਭੇਜਿਆ ਜਾਵੇਗਾ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…