Share on Facebook Share on Twitter Share on Google+ Share on Pinterest Share on Linkedin ਸਹਿਕਾਰੀ ਬੈਂਕ ਤੇ ਸਹਿਕਾਰਤਾ ਲਹਿਰ ਨਾਲ ਜੁੜਨ ਸਾਰੇ ਆੜ੍ਹਤੀ: ਮੱਛਲੀ ਕਲਾਂ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 28 ਅਪਰੈਲ: ਇਲਾਕੇ ਦੇ ਕਿਸਾਨਾਂ ਨੂੰ ਕਣਕ ਦੀ ਫ਼ਸਲ ਦੀ ਅਦਾਇਗੀ ਸਹਿਕਾਰੀ ਬੈਂਕ ਰਾਹੀਂ ਕਰਨ ਅਤੇ ਹੋਰ ਜ਼ਰੂਰੀ ਵਿਸ਼ਿਆਂ ਸਬੰਧੀ ਸਹਿਕਾਰੀ ਬੈਂਕ ਜ਼ਿਲ੍ਹਾ ਮੁਹਾਲੀ ਦੀ ਜ਼ਿਲ੍ਹਾ ਮੈਨੇਜਰ ਪ੍ਰਗਤੀ ਜੱਗਾ ਨੇ ਅੱਜ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਦੇ ਦਫ਼ਤਰ ਵਿੱਚ ਜਾ ਕੇ ਉਨ੍ਹਾਂ ਨਾਲ ਅਹਿਮ ਵਿਚਾਰ-ਚਰਚਾ ਕੀਤੀ। ਇਸ ਮੀਟਿੰਗ ਵਿੱਚ ਖਰੜ ਦੇ ਆੜ੍ਹਤੀਆਂ ਦੇ ਨੁਮਾਇੰਦਿਆਂ ਨੇ ਵੀ ਹਿੱਸਾ ਲਿਆ ਅਤੇ ਅਪਣੇ ਸੁਝਾਅ ਦਿੱਤੇ। ਮੀਟਿੰਗ ਦੌਰਾਨ ਜ਼ਿਲ੍ਹਾ ਮੈਨੇਜਰ ਪ੍ਰਗਤੀ ਜੱਗਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਕਿਸਾਨਾਂ ਨੂੰ ਫ਼ਸਲ ਦੀ ਅਦਾਇਗੀ ਬੈਂਕ ਖਾਤਿਆਂ ਰਾਹੀਂ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਦੇ ਬਹੁਤੇ ਖਾਤੇ ਸਹਿਕਾਰੀ ਬੈਂਕ ਵਿਚ ਹੋਣ ਕਾਰਨ ਆੜ੍ਹਤੀ ਕਿਸਾਨਾਂ ਨੂੰ ਫ਼ਸਲ ਦੀ ਅਦਾਇਗੀ ਸਹਿਕਾਰੀ ਬੈਂਕ ਰਾਹੀਂ ਆਸਾਨੀ ਨਾਲ ਕਰ ਸਕਦੇ ਹਨ। ਉਨ੍ਹਾਂ ਦਸਿਆ ਕਿ ਜ਼ਿਲ੍ਹਾ ਮੁਹਾਲੀ ਅੰਦਰ ਸਹਿਕਾਰੀ ਬੈਂਕ ਸਭਾਵਾਂ ਰਾਹੀਂ ਕਿਸਾਨ ਬੈਂਕ ਨਾਲ ਜੁੜੇ ਹੋਏ ਹਨ। ਉਨ੍ਹਾਂ ਆੜ੍ਹਤੀਆਂ ਨੂੰ ਅਪੀਲ ਕੀਤੀ ਕਿ ਉਹ ਸਹਿਕਾਰੀ ਬੈਂਕ ਨਾਲ ਜੁੜਨ ਤਾਂ ਕਿ ਕਿਸਾਨਾਂ ਦੀਆਂ ਹਾੜ੍ਹੀ ਤੇ ਸਾਉਣੀ ਦੀਆਂ ਫ਼ਸਲਾਂ ਦੀ ਅਦਾਇਗੀ ਸਹਿਕਾਰੀ ਬੈਂਕ ਰਾਹੀਂ ਆਸਾਨੀ ਨਾਲ ਕੀਤੀ ਜਾ ਸਕੇ। ਸ੍ਰੀਮਤੀ ਜੱਗਾ ਨੇ ਦਸਿਆ ਕਿ ਜ਼ਿਲ੍ਹੇ ਵਿਚ ਬੈਂਕ ਦੀਆਂ 21 ਬ੍ਰਾਂਚਾਂ ਚੱਲ ਰਹੀਆਂ ਹਨ ਅਤੇ 67 ਸਹਿਕਾਰੀ ਸਭਾਵਾਂ ਰਾਹੀਂ ਕਿਸਾਨ ਸਹਿਕਾਰੀ ਬੈਂਕ ਨਾਲ ਜੁੜੇ ਹੋਏ ਹਨ। ਉਨ੍ਹਾਂ ਦਸਿਆ ਕਿ ਕਿਸਾਨਾਂ ਦੇ ਸਹਿਕਾਰੀ ਬੈਂਕ ਵਿਚ ਬੱਚਤ ਖਾਤੇ ਖੁਲ੍ਹੇ ਹੋਏ ਹਨ ਅਤੇ ਨਾਲ ਹੀ ਕੇਸੀਸੀ ਕਾਰਡ ਵੀ ਜਾਰੀ ਹੋ ਚੁਕੇ ਹਨ। ਇਸ ਮੌਕੇ ਜ਼ਿਲ੍ਹਾ ਮੈਨੇਜਰ ਨੇ ਮਾਰਕੀਟ ਕਮੇਟੀ ਖਰੜ ਨੂੰ ਸੈਨੇਟਾਈਜ਼ਰ ਅਤੇ ਮਾਸਕ ਵੀ ਦਿੱਤੇ। ਮੀਟਿੰਗ ਦੌਰਾਨ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਮੱਛਲੀ ਕਲਾਂ ਜਿਹੜੇ ਸਹਿਕਾਰੀ ਬੈਂਕ ਜ਼ਿਲ੍ਹਾ ਮੁਹਾਲੀ ਦੇ ਵੀ ਡਾਇਰੈਕਟਰ ਹਨ, ਨੇ ਆੜ੍ਹਤੀਆਂ ਨੂੰ ਸਹਿਕਾਰਤਾ ਲਹਿਰ ਨਾਲ ਜੁੜਨ ਦਾ ਸੱਦਾ ਦਿੱਤਾ। ਉਨ੍ਹਾਂ ਜ਼ਿਲ੍ਹਾ ਮੈਨੇਜਰ ਨੂੰ ਆਪਣੇ ਵੱਲੋਂ ਪੂਰਨ ਸਹਿਯੋਗ ਅਤੇ ਮਦਦ ਦੇਣ ਦਾ ਭਰੋਸਾ ਦਿੰਦਿਆਂ ਮਾਰਕੀਟ ਕਮੇਟੀ ਨੂੰ ਮਾਸਕ ਅਤੇ ਸੈਨੇਟਾਈਜ਼ਰ ਸੌਂਪਣ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਨੇ ਮੀਟਿੰਗ ਵਿਚ ਮੌਜੂਦ ਆੜ੍ਹਤੀਆਂ ਨਾਲ ਕਣਕ ਦੀ ਖ਼ਰੀਦ ਦੇ ਪ੍ਰਬੰਧਾਂ ਬਾਰੇ ਵੀ ਗੱਲਬਾਤ ਕੀਤੀ। ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਸਹਿਕਾਰੀ ਬੈਂਕ ਲਾਂਡਰਾਂ ਬ੍ਰਾਂਚ ਦੇ ਮੈਨੇਜਰ ਅਜੇ ਕੁਮਾਰ ਸੈਣੀ, ਮਾਰਕੀਟ ਕਮੇਟੀ ਖਰੜ ਦੇ ਸਕੱਤਰ ਸ੍ਰੀਮਤੀ ਅਰਚਨਾ ਬਾਂਸਲ, ਅਗਾਂਹਵਧੂ ਕਿਸਾਨ ਸਰਬਜੀਤ ਸਿੰਘ ਲਹਿਰਾ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਸੂਦ, ਅਵਿਨਾਸ਼ ਮਿੱਤਲ, ਵੇਦ ਪ੍ਰਕਾਸ਼ ਅਗਰਵਾਲ ਤੇ ਹੋਰ ਪਤਵੰਤੇ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ