nabaz-e-punjab.com

ਲਾਂਡਰਾਂ ਕਾਲਜ ਨੇੜੇ ਪਿਸਤੌਲ ਦੀ ਨੋਕ ’ਤੇ ਫੈਕਟਰੀ ਕਾਮਿਆਂ ਤੋਂ ਹਜ਼ਾਰਾਂ ਦੀ ਨਗਦੀ ਲੁੱਟੀ

ਸੋਹਾਣਾ ਪੁਲੀਸ ਵੱਲੋਂ ਅਣਪਛਾਤੇ ਲੁਟੇਰੇ ਖ਼ਿਲਾਫ਼ ਕੇਸ ਦਰਜ, ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਜਾਂਚ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਮਈ:
ਕਰੋਨਾਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਭਾਵੇਂ ਪੰਜਾਬ ਸਰਕਾਰ ਵੱਲੋਂ ਕਰਫਿਊ ਲਾਗੂ ਕੀਤਾ ਗਿਆ ਹੈ, ਪ੍ਰੰਤੂ ਇਸ ਦੇ ਬਾਵਜੂਦ ਅਪਰਾਧ ਵਧ ਰਹੇ ਹਨ। ਇੱਥੋਂ ਦੇ ਕਸਬਾ ਲਾਂਡਰਾਂ ਤੋਂ ਬਨੂੜ ਨੂੰ ਜਾਂਦੀ ਮੁੱਖ ਸੜਕ ’ਤੇ ਸਥਿਤ ਸੀਜੀਸੀ ਕਾਲਜ ਨੇੜੇ ਕਾਰ ਸਵਾਰ ਫੈਕਟਰੀ ਕਾਮਿਆਂ ਨੂੰ ਦਿਨ ਦਿਹਾੜੇ ਹਥਿਆਰ ਦੀ ਨੋਕ ’ਤੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੋਹਾਣਾ ਪੁਲੀਸ ਨੇ ਫੈਕਟਰੀ ਦੇ ਮਾਲਕ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਲੁਟੇਰੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਨੇ ਮੁਲਜ਼ਮ ਦੀ ਪੈੜ ਨੱਪਣ ਲਈ ਸੀਸੀਟੀਵੀ ਕੈਮਰੇ ਦੀ ਫੁਟੇਜ਼ ਚੈੱਕ ਕੀਤੀਆਂ ਜਾ ਰਹੀਆਂ ਹਨ। ਪੀੜਤ ਕਰਮਚਾਰੀ ਪਿੰਡ ਘਟੌਰ ਸਥਿਤ ਪਲਾਸਟਿਕ ਦੀ ਫੈਕਟਰੀ ਵਿੱਚ ਕੰਮ ਕਰਦੇ ਹਨ।
ਫੈਕਟਰੀ ਮਾਲਕ ਅਨੁਸਾਰ ਉਸ ਦੀ ਫੈਕਟਰੀ ਵਿੱਚ ਕੰਮ ਕਰਦੇ ਕਾਰ ਚਾਲਕ ਇੰਦਰ ਵਰਮਾ ਅਤੇ ਰਾਮ ਵਿਨੈ ਨੂੰ ਕਰਫਿਊ ਵਿੱਚ ਢਿੱਲ ਮਿਲਣ ਤੋਂ ਬਾਅਦ 92 ਹਜ਼ਾਰ ਰੁਪਏ ਦੇ ਕੇ ਪਲਾਸਟਿਕ ਲੈਣ ਲਈ ਡੇਰਾਬੱਸੀ ਭੇਜਿਆ ਗਿਆ ਸੀ ਲੇਕਿਨ ਰਸਤੇ ਵਿੱਚ ਸੀਜੀਸੀ ਕਾਲਜ ਲਾਂਡਰਾਂ ਤੋਂ ਥੋੜ੍ਹਾ ਅੱਗੇ ਇਕ ਨੌਜਵਾਨ ਨੇ ਆਪਣਾ ਮੋਟਰ ਸਾਈਕਲ ਮੋੜ ਕੇ ਉਨ੍ਹਾਂ ਦੀ ਪਿਕਅੱਪ ਗੱਡੀ ਦੇ ਅੱਗੇ ਰੋਕ ਲਿਆ ਅਤੇ ਉਨ੍ਹਾਂ ਨਾਲ ਇਹ ਕਹਿ ਕੇ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਨੇ ਪਿੱਛੇ ਉਸ ਦੇ ਮੋਟਰ ਸਾਈਕਲ ਨੂੰ ਫੇਟ ਮਾਰੀ ਹੈ। ਜਿਵੇਂ ਹੀ ਪਿਕਅੱਪ ਗੱਡੀ ਦਾ ਚਾਲਕ ਇੰਦਰ ਵਰਮਾ ਗੱਡੀ ’ਚੋਂ ਥੱਲੇ ਉੱਤਰ ਕੇ ਨੌਜਵਾਨ ਕੋਲ ਆਇਆ ਤਾਂ ਮੁਲਜ਼ਮ ਨੌਜਵਾਨ ਨੇ ਉਨ੍ਹਾਂ ’ਤੇ ਪਿਸਤੌਲ ਤਾਣ ਲਈ ਅਤੇ ਉਨ੍ਹਾਂ ਕੋਲ ਜੋ ਵੀ ਨਗਦੀ ਹੈ, ਉਹ ਉਸ ਨੂੰ ਦੇਣ ਲਈ ਕਿਹਾ ਗਿਆ। ਹਾਲਾਂਕਿ ਉਨ੍ਹਾਂ ਨੇ ਵਿਰੋਧ ਕਰਦਿਆਂ ਲੁਟੇਰੇ ਨੂੰ ਦੱਸਿਆ ਕਿ ਉਨ੍ਹਾਂ ਕੋਲ ਕੋਈ ਨਗਦੀ ਜਾਂ ਕੀਮਤੀ ਸਮਾਨ ਨਹੀਂ ਹੈ। ਲੇਕਿਨ ਇਸ ਦੌਰਾਨ ਲੁਟੇਰੇ ਦੀ ਨਜ਼ਰ ਡਰਾਈਵਰ ਦੇ ਨਾਲ ਵਾਲੀ ਸੀਟ ’ਤੇ ਬੈਠੇ ਰਾਮ ਵਿਨੈ ਦੀ ਜੇਬ ’ਤੇ ਪਈ ਅਤੇ ਉਸ ਨੇ ਸਾਰੇ ਪੈਸੇ ਖੋਹ ਲਏ ਅਤੇ ਵਿਨੈ ਦਾ ਮੋਬਾਈਲ ਅਤੇ ਗੱਡੀ ਦੀ ਚਾਬੀ ਕੱਢ ਕੇ ਭਾਗੋਮਾਜਰਾ ਵੱਲ ਮੋਟਰ ਸਾਈਕਲ ’ਤੇ ਸਵਾਰ ਹੋ ਗਿਆ।
ਉਧਰ, ਜਾਂਚ ਅਧਿਕਾਰੀ ਏਐਸਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਸਬੰਧੀ ਫੈਕਟਰੀ ਮਾਲਕ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਅਣਪਛਾਤੇ ਮੁਲਜ਼ਮ ਦੇ ਖ਼ਿਲਾਫ਼ ਧਾਰਾ 279ਬੀ ਅਤੇ 341 ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਦੋਂ ਜਾਂਚ ਅਧਿਕਾਰੀ ਨੂੰ ਅਸਲਾ ਐਕਟ ਦੀ ਧਾਰਾ ਨਾ ਜੋੜਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਅਤੇ ਮੁਲਜ਼ਮ ਗ੍ਰਿਫ਼ਤਾਰੀ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…