ਪੀਜੀਆਈ ਦੀ ਨਰਸ ਦਵਿੰਦਰ ਕੌਰ ਨੇ ਖ਼ੁਦਕੁਸ਼ੀ ਕੀਤੀ

ਨਵਾਂ ਗਾਉਂ ਥਾਣੇ ਵਿੱਚ ਪੀਜੀਆਈ ਦੀਆਂ ਚਾਰ ਸੀਨੀਅਰ ਨਰਸਾਂ ਦੇ ਖ਼ਿਲਾਫ਼ ਕੇਸ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਈ:
ਇੱਥੋਂ ਦੇ ਨੇੜਲੇ ਕਸਬਾ ਨਵਾਂ ਗਾਉਂ ਵਿੱਚ ਰਹਿੰਦੀ ਪੀਜੀਆਈ ਦੀ ਨਰਸ ਦਵਿੰਦਰ ਕੌਰ (44) ਨੇ ਖ਼ੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਹ ਕਮਾਓ ਕਲੋਨੀ, ਨਵਾਂ ਗਾਉਂ ਵਿੱਚ ਆਪਣੇ ਪਤੀ ਅਮਿਤ ਕੁਮਾਰ ਅਤੇ ਛੇ ਸਾਲ ਬੇਟੇ ਨਾਲ ਰਹਿੰਦੀ ਸੀ ਅਤੇ ਪੀਜੀਆਈ ਵਿੱਚ ਜਨਾਨਾ ਵਾਰਡ ਤਾਇਨਾਤ ਸੀ। ਦੱਸਿਆ ਗਿਆ ਹੈ ਕਿ ਉਹ ਆਪਣੀ ਡਿਊਟੀ ਨੂੰ ਲੈ ਕੇ ਸੀਨੀਅਰ ਸਟਾਫ਼ ਨਰਸਾਂ ਤੋਂ ਕਾਫੀ ਤੰਗ ਪ੍ਰੇਸ਼ਾਨ ਰਹਿੰਦੀ ਸੀ। ਪੁਲੀਸ ਨੇ ਮ੍ਰਿਤਕ ਨਰਸ ਦੇ ਪਤੀ ਅਮਿਤ ਕੁਮਾਰ ਅਤੇ ਹੱਥ ਲਿਖਤ ਖ਼ੁਦਕੁਸ਼ੀ ਨੋਟ ਨੂੰ ਆਧਾਰ ਬਣਾ ਕੇ ਪੀਜੀਆਈ ਦੀਆਂ ਚਾਰ ਸੀਨੀਅਰ ਸਟਾਫ਼ ਨਰਸਾਂ ਸੁਨੀਤਾ ਰਾਣੀ, ਜਸਪਾਲ ਕੌਰ, ਨਵਨੀਤ ਧਾਲੀਵਾਲ ਅਤੇ ਨੀਲਮ ਦੇ ਖ਼ਿਲਾਫ਼ ਧਾਰਾ 306 ਅਤੇ 34 ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਨਰਸ ਦਾ ਭਲਕੇ ਮੰਗਲਵਾਰ ਨੂੰ ਡਾਕਟਰਾਂ ਦੇ ਮੈਡੀਕਲ ਬੋਰਡ ਵੱਲੋਂ ਪੋਸਟ ਮਾਰਟਮ ਕੀਤਾ ਜਾਵੇਗਾ।
ਅਮਿਤ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ ਦਵਿੰਦਰ ਕੌਰ ਆਪਣੀ ਸੀਨੀਅਰ ਸਟਾਫ਼ ਨਰਸਾਂ ਤੋਂ ਕਾਫੀ ਪ੍ਰੇਸ਼ਾਨ ਸੀ। ਜਿਸ ਕਾਰਨ ਕੁਝ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨੀ ਰਹਿਣ ਲੱਗ ਪਈ ਸੀ। ਇਸ ਤੋਂ ਪਹਿਲਾਂ 22 ਅਪਰੈਲ ਨੂੰ ਵੀ ਦਵਿੰਦਰ ਨੇ ਆਪਣੀ ਖੱਬੀ ਬਾਂਹ ਦੀਆਂ ਨਸਾਂ ਕੱਟ ਕੇ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਉਦੋਂ ਪਰਿਵਾਰ ਨੇ ਸਮੇਂ ਸਿਰ ਹਸਪਤਾਲ ਵਿੱਚ ਲਿਜਾ ਕੇ ਉਸ ਨੂੰ ਬਚਾਅ ਲਿਆ ਸੀ।
ਮ੍ਰਿਤਕ ਨਰਸ ਦੇ ਪਤੀ ਨੇ ਦੱਸਿਆ ਕਿ ਪਹਿਲਾਂ ਉਸ ਦੀ ਪਤਨੀ ਨਿਊ ਓਪੀਡੀ ਵਿੱਚ ਤਾਇਨਾਤ ਸੀ ਲੇਕਿਨ ਬਾਅਦ ਵਿੱਚ ਉਸ ਨੂੰ ਬਿਨਾਂ ਕੋਈ ਕਾਰਨ ਦੱਸੇ ਜਨਾਨਾ ਵਾਰਡ ਵਿੱਚ ਸ਼ਿਫ਼ਟ ਕਰ ਦਿੱਤਾ। ਦਵਿੰਦਰ ਨੇ ਆਪਣੇ ਸੀਨੀਅਰਾਂ ਦੇ ਅੱਗੇ ਕਾਫੀ ਹਾੜੇ ਵੀ ਕੱਢੇ ਉਸ ਨੂੰ ਦੁਬਾਰਾ ਨਿਊ ਓਪੀਡੀ ਵਿੱਚ ਤਾਇਨਾਤ ਕੀਤਾ ਜਾਵੇ ਪਰ ਉਸ ਦੀ ਕਿਸੇ ਨੇ ਗੱਲ ਨਹੀਂ ਸੁਣੀ।
ਅਮਿਤ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜੇ ਉਹ ਘਰ ਵਿੱਚ ਟੀਵੀ ਦੇਖ ਰਿਹਾ ਸੀ ਅਤੇ ਉਸ ਦੀ ਪਤਨੀ ਦਵਿੰਦਰ ਕੌਰ ਰਸੋਈ ਵਿੱਚ ਦਾਲ ਬਣਾ ਰਹੀ ਸੀ। ਉਸ ਨੇ 15 ਕੁ ਮਿੰਟ ਬਾਅਦ ਸਵਾ 9 ਵਜੇ ਰਸੋਈ ਜਾ ਕੇ ਆਪਣੀ ਪਤਨੀ ਨੂੰ ਕਮਰੇ ਵਿੱਚ ਬੁਲਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਦਵਿੰਦਰ ਨੇ ਇਹ ਕਹਿ ਕੇ ਮਨਾਂ ਕਰ ਦਿੱਤਾ ਕਿ ਬਸ ਇਕ ਸੀਟੀ ਹੋਰ ਲੱਗਣ ’ਤੇ ਦਾਲ ਤਿਆਰ ਹੋ ਜਾਵੇਗੀ ਅਤੇ ਉਹ ਰੂਮ ਵਿੱਚ ਆਵੇਗੀ ਪ੍ਰੰਤੂ ਥੋੜ੍ਹੀ ਦੇਰ ਬਾਅਦ ਜ਼ਮੀਨ ’ਤੇ ਕੁਝ ਡਿੱਗਣ ਦੀ ਆਵਾਜ਼ ਸੁਣ ਕੇ ਜਦੋਂ ਕਮਰੇ ’ਚੋਂ ਬਾਹਰ ਆਇਆ ਤਾਂ ਉਸ ਨੇ ਦੇਖਿਆ ਦਵਿੰਦਰ ਫਰਸ਼ ’ਤੇ ਡਿੱਗੀ ਪਈ ਸੀ। ਦੱਸਿਆ ਗਿਆ ਹੈ ਕਿ ਨਰਸ ਦਵਿੰਦਰ ਨੇ ਖ਼ੁਦ ਨੂੰ ਕੋਈ ਜ਼ਹਿਰੀਲਾ ਟੀਕਾ ਲਗਾ ਕੇ ਖ਼ੁਦਕੁਸ਼ੀ ਕੀਤੀ ਹੈ। ਉਹ ਤੁਰੰਤ ਉਸ ਨੂੰ ਚੁੱਕ ਕੇ ਪੀਜੀਆਈ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਉਧਰ, ਜਾਂਚ ਅਧਿਕਾਰੀ ਏਐਸਆਈ ਬਲਵਿੰਦਰ ਸਿੰਘ ਨੇ ਪੀਜੀਆਈ ਦੀਆਂ ਚਾਰ ਸੀਨੀਅਰ ਨਰਸਾਂ ਸੁਨੀਤਾ ਰਾਣੀ, ਜਸਪਾਲ ਕੌਰ, ਨਵਨੀਤ ਧਾਲੀਵਾਲ ਅਤੇ ਨੀਲਮ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਭਲਕੇ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਬੋਰਡ ਤੋਂ ਪੋਸਟ ਮਾਰਟਮ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕੇਸ ਵਿੱਚ ਨਾਮਜ਼ਦ ਪੀਜੀਆਈ ਦੇ ਸਟਾਫ਼ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…