ਲੂ-ਕੰਡੇ ਖੜੇ ਕਰਨ ਵਾਲ਼ੀਆਂ ਤਸਵੀਰਾਂ ਵਿੱਚ ਇਹ ਪਰਵਾਸੀ ਮਜ਼ਦੂਰ ਜਾਂ ਮਜਬੂਰ

ਕੰਵਲਪ੍ਰੀਤ ਕੌਰ ਪੰਨੂ
ਨਬਜ਼-ਏ-ਪੰਜਾਬ ਬਿਊਰੋ, 11 ਮਈ:
ਇਸ ਕਰੋਨਾਵਾਇਰਸ ਮਹਾਂਮਾਰੀ ਨੇ ਆਪਣੇ ਪ੍ਰਕੋਪ ਤੋਂ ਇਲਾਵਾ ਹੋਰ ਵੀ ਬਹੁਤ ਰੰਗ ਵਿਖਾਏ। ਆਪਣਿਆਂ ਨੇ ਹੀ ਆਪਣਿਆਂ ਤੋਂ ਮੂੰਹ ਮੋੜ ਲਿਆ। ਜਿੱਥੇ ਖ਼ੂਨ ਦੇ ਰਿਸ਼ਤੇ ਵੀ ਫਿੱਕੇ ਪੈ ਗਏ ਹੋਣ, ਓੁੱਥੇ ਇਹਨਾਂ ਪਰਵਾਸੀਆਂ ਦੀ ਸਾਰ ਕੌਣ ਲਵੇਗਾ।
ਇੱਕਲੀ-ਇੱਕਲੀ ਤਸਵੀਰ ਇਹਨਾਂ ਮਜ਼ਦੂਰਾਂ ਦੀ ਬੇਬਸੀ ਨੂੰ ਪੇਸ਼ ਕਰਦੀ ਹੈ। ਜੇਕਰ ਕਰੋਨਾ ਕਹਿਰ ਨਾਂ ਮਚਾਓੁਂਦਾ ਤਾਂ ਲਾਚਾਰੀ ਦਾ ਇਹ ਪੱਖ ਸ਼ਾਇਦ ਇਸ ਹੱਦ ਤੱਕ ਵੇਖਣ ਨੂੰ ਨਾਂ ਮਿਲਦਾ। ਕੱਲ ਦੀ ਇੱਕ ਖ਼ਬਰ ਦਾ ਸਿਰਲੇਖ ਸੀ “ਸੁੱਤੇ ਪਏ 16 ਮਜ਼ਦੂਰਾਂ ਨੂੰ ਰੇਲ ਨੇ ਕੁਚਲਿਆ”। ਸੋਸ਼ਲ ਮੀਡੀਆ ਤੇ ਲੋਕਾਂ ਦੀ ਪ੍ਰਤੀਕਿਰਿਆ ਪੜੀ, ਜਿਸ ਵਿੱਚ ਕਈਆਂ ਨੇ ਸੋਗ ਮਨਾਇਆ ਤੇ ਕਈਆਂ ਨੇ ਇਹਨਾਂ ਮਜ਼ਦੂਰਾਂ ਦੇ ਪਟੜੀ ਤੇ ਸੌਣ ਤੇ ਬਿਆਨਬਾਜ਼ੀ ਕੀਤੀ। ਭਾਵੇਂ ਕਿ ਰੇਲ ਦੀ ਪਟੜੀ ਤੁਰਨ ਵਾਸਤੇ ਜਾਂ ਸੌਣ ਵਾਸਤੇ ਨਹੀਂ ਹੁੰਦੀ, ਪਰ ਕੀ ਮਜਬੂਰੀ ਰਹੀ ਹੋਵੇਗੀ ਇਹਨਾਂ ਮਜ਼ਦੂਰਾਂ ਦੀ, ਸੋਚਣਾ ਤਾਂ ਬਣਦਾ ਹੈ। ਜਦ ਪੂਰੀ ਖ਼ਬਰ ਸਾਹਮਣੇ ਆਈ ਤਾਂ ਪਤਾ ਲੱਗਾ ਕਿ ਇਹ ਮਜ਼ਦੂਰ ਜਲ਼ਨਾ ਵਿੱਚ ਇਕ ਸਟੀਲ ਫ਼ੈਕਟਰੀ ਵਿੱਚ ਕੰਮ ਕਰਦੇ ਸਨ। ਤਾਲਾਬੰਦੀ ਹੋਣ ਕਾਰਨ ਇਹ ਬੇਰੁਜ਼ਗਾਰ ਹੋ ਗਏ ਸਨ ਅਤੇ ਆਪਣੇ ਘਰਾਂ ਵਿੱਚ ਜਾਣ ਲਈ ਬੇਤਾਬ ਸਨ। ਹਰ ਆਮ ਇਨਸਾਨ ਦੀ ਸੋਚ ਇਹੋ ਹੀ ਹੋਵੇਗੀ ਜੋ ਇਹਨਾਂ ਨੇ ਸੋਚਿਆ। ਘਰ ਪਰਤਣ ਦੀ ਆਸ ਲਾਈ ਇਹਨਾਂ ਮਜ਼ਦੂਰਾਂ ਨੇ ਪੁਲਿਸ ਦੀ ਕਾਰਵਾਈ ਤੋਂ ਬਚਣ ਲਈ ਰੇਲ ਦੀ ਪਟੜੀ ਤੇ ਤੁਰਨਾਂ ਵਾਜਬ ਸਮਝਿਆ। ਜਾਣਕਾਰੀ ਮੁਤਾਬਿਕ ਇਹਨਾਂ ਮਜ਼ਦੂਰਾਂ ਨੇ ਸ਼ਾਮ 7 ਵਜੇ ਦੇ ਕਰੀਬ ਜਲ਼ਨਾ ਤੋਂ ਐਰਗਾਂਬਾਦ ਵੱਲ ਤੁਰਨਾ ਸ਼ੁਰੂ ਕੀਤਾ ਤਾਂ ਜੋ ਇਹ ਔਰਗਾਂਬਾਦ ਤੋਂ ਰੇਲਗੱਡੀ ਰਾਹੀਂ ਮੱਧ ਪ੍ਰਦੇਸ਼ ਪਹੁੰਚ ਸਕਣ। ਪਰ ਲਗਭਗ 40 ਕਿੱਲੋਮੀਟਰ ਤੁਰਨ ਤੋਂ ਬਾਅਦ ਜਦ ਥਕਾਵਟ ਇਹਨਾਂ ਤੇ ਹਾਵੀ ਹੋ ਗਈ, ਤਾਂ ਇਹਨਾਂ ਵਿੱਚੋਂ ਕੁਝ ਲੋਕ ਪਟੜੀ ਤੇ ਹੀ ਸੌਂ ਗਏ ਅਤੇ ਮਾਲਗੱਡੀ ਦੇ ਹੇਠਾਂ ਆ ਕੇ ਕੁਚਲੇ ਗਏ। ਜੇਕਰ ਇਸ ਸਾਰੀ ਘਟਨਾ ਨੂੰ ਮਹਿਸੂਸ ਕਰੀਏ ਤੇ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕੀ ਸਾਨੂੰ ਲਗਦਾ ਹੈ ਕਿ ਇਹ ਮਰਨਾ ਚਾਹੁੰਦੇ ਸਨ? ਜੇਕਰ ਇਹਨਾਂ ਕੋਲ ਸਰਕਾਰਾਂ ਦੇ ਕੀਤੇ ਹੋਏ ਐਲਾਨਾਂ ਦੀ ਪੂਰੀ ਜਾਣਕਾਰੀ ਹੁੰਦੀ ਤੇ ਭਰੋਸਾ ਹੁੰਦਾ ਕਿ ਇਹਨਾਂ ਨੂੰ ਇਹਨਾਂ ਦੇ ਘਰ ਪਹੁੰਚਾਇਆ ਜਾਵੇਗਾ ਜਾਂ ਲੋੜੀਦੀਂ ਮਦਦ ਕੀਤੀ ਜਾਵੇਗੀ, ਤਾਂ ਕੀ ਇਹ ਪਟੜੀ ਤੇ ਤੁਰਨ ਦਾ ਫੈਂਸਲਾ ਕਰਦੇ? ਬਹੁਤ ਸੌਖਾ ਹੁੰਦਾ ਹੈ ਬਿਨਾਂ ਸੋਚੇ ਟਿੱਪਣੀ ਕਰਨਾ, ਪਰ ਇਹੋ ਜਿਹੀ ਸਥਿਤੀ ਵਿੱਚ ਆਪਣੀ ਜਾਨ ਜੋਖਮ ਵਿੱਚ ਪਾ ਕੇ ਘਰੋਂ ਪੈਰ ਪੁੱਟਣ ਨੂੰ ਇਨਸਾਨ ਦੀ ਮਜਬੂਰੀ ਹੀ ਮਜਬੂਰ ਕਰਦੀ ਹੈ।
ਜਦ ਸਰਕਾਰਾਂ ਨੇ ਤਾਲਾਬੰਦੀ ਜਾਂ ਕਰਫਿਓੁ ਦਾ ਫੈਸਲਾ ਲਿਆ ਹੋਵੇਗਾ, ਪਤਾ ਨਹੀਂ ਇਸ ਵਰਗ ਬਾਰੇ ਕੀ ਯੋਜਨਾਬੰਦੀ ਕੀਤੀ ਹੋਵੇਗੀ। ਜੋ ਕੁਝ ਇਹਨਾਂ ਨਾਲ ਵਾਪਰਿਆ, ਓੁਸਨੂੰ ਵੇਖ ਕੇ ਇਹ ਲਗਦਾ ਹੈ ਕਿ ਸ਼ਾਇਦ ਇਹਨਾਂ ਮਜ਼ਦੂਰਾਂ ਦੀ ਸਹੀ ਗਿਣਤੀ ਵੀ ਓੁਪਲੱਬਧ ਨਾਂ ਹੋਵੇ। ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਆਪਣਾ ਯੋਗਦਾਨ ਪਾ ਰਹੀਆਂ ਹਨ, ਪਰ ਸੱਚਾਈ ਇਹ ਹੈ ਕਿ ਇਹ ਵਰਗ ਇਸ ਮਹਾਂਮਾਰੀ ਦੇ ਸੰਤਾਪ ਵਿੱਚ ਬਹੁਤ ਕੁਚਲਿਆ ਗਿਆ।
ਕਰੋਨਾਵਾਇਰਸ ਦਾ ਡਰ ਦਿਮਾਗ ਤੇ ਇੰਨਾਂ ਹਾਵੀ ਹੋ ਗਿਆ ਕਿ ਕਈ ਵਾਰ ਤਾਂ ਮਜ਼ਦੂਰਾਂ ਦੀਆਂ ਬਾਜ਼ਾਰਾਂ ਵਿੱਚ ਫਿਰਦਿਆਂ ਦੀਆਂ ਤਸਵੀਰਾਂ ਵੇਖ ਕੇ ਮੈਨੂੰ ਵੀ ਗ਼ੁੱਸਾ ਆਇਆ। ਪਰ ਜਦ ਇਹਨਾਂ ਦੇ ਹਾਲਾਤ ਸਮਝਣ ਦੀ ਕੋਸ਼ਿਸ਼ ਕੀਤੀ ਤੇ ਪਤਾ ਲੱਗਾ ਕਿ ਇਹਨਾਂ ਵਿੱਚੋਂ ਬਹੁਤੇ ਕਾਮੇ ਇੱਕ ਦਿਨ ਜੋਗਾ ਹੀ ਸਮਾਨ ਖਰੀਦਦੇ ਹਨ। ਓੁਹਨਾਂ ਕੋਲ ਕੋਈ ਚੰਗਾ ਰਹਿਣ ਦਾ ਜੁਗਾੜ ਵੀ ਨਹੀਂ ਹੈ। ਜਦ ਸਰਕਾਰ ਨੇ 21 ਦਿਨਾਂ ਲਈ ਤਾਲਾਬੰਦੀ ਦਾ ਫੈਂਸਲਾ ਲਿਆ ਹੋਵੇਗਾ, ਤਾਂ ਇਹ ਰੋਜ਼ ਕਮਾ ਕੇ ਖਾਣ ਵਾਲੇ ਮਜ਼ਦੂਰਾਂ ਦੀ ਮਾਨਸਿਕ ਸਥਿਤੀ ਕੀ ਹੋਵੇਗੀ, ਇਸਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਬਹੁਤ ਸਾਰੀਆਂ ਤਸਵੀਰਾਂ ਮੂੰਹੋਂ ਬੋਲਦੀਆਂ ਹਨ। ਦਿੱਲੀ ਅਤੇ ਮਹਾਂਰਾਸ਼ਟਰ ਵਿੱਚ ਜੋ ਮਜ਼ਦੂਰਾਂ ਦਾ ਭਾਰੀ ਇੱਕਠ ਵੇਖਣ ਨੂੰ ਮਿਲਿਆ, ਓੁਹ ਮਜ਼ਦੂਰਾਂ ਦੀ ਮਜਬੂਰੀ ਦੇ ਨਾਲ-ਨਾਲ ਸਰਕਾਰਾਂ ਦੇ ਪ੍ਰਬੰਧਾਂ ਦੀ ਨਾਕਾਮੀ ਨੂੰ ਵੀ ਦਰਸਾਓੁਂਦਾ ਹੈ। ਕਈ ਤਸਵੀਰਾਂ ਵਿੱਚ ਇਹ ਪਰਵਾਸੀ ਮਜ਼ਦੂਰ ਪਰਿਵਾਰ ਆਪਣੇ ਮੋਡਿਆਂ ਤੇ ਜੁਆਕ ਅਤੇ ਸਿਰ ਤੇ ਗਠੜੀ ਚੁੱਕ ਸੜਕਾਂ ਤੇ ਤੁਰੇ ਜਾਂਦੇ ਵਿਖਾਈ ਦਿੰਦੇ ਹਨ। ਕਈ ਬੱਚਿਆਂ ਨੇ ਹੀ ਆਪਣੇ ਛੋਟੇ ਭੈਣ-ਭਰਾ ਨੂੰ ਚੁੱਕ ਕੇ ਮਾਂ-ਪਿਓ ਦਾ ਭਾਰ ਵੰਡਾਇਆ ਨਜ਼ਰ ਆਓੁਂਦਾ। ਜਿਸ ਤਰਾਂ ਇੱਕ ਗੂੰਗਾ ਵਿਅਕਤੀ ਜੋ ਮਹਿਸੂਸ ਕਰ ਸਕਦਾ ਹੈ ਬਿਆਨ ਨਹੀਂ ਕਰ ਸਕਦਾ, ਇਹਨਾਂ ਤਸਵੀਰਾਂ ਦਾ ਦਰਦ ਵੀ ਮਹਿਸੂਸ ਤਾਂ ਕੀਤਾ ਜਾ ਸਕਦਾ ਹੈ ਪਰ ਬਿਆਨ ਨਹੀਂ। ਪਤਾ ਨਹੀਂ ਕੀ ਪਰਿਭਾਸ਼ਾ ਹੋਵੇਗੀ ਜ਼ਿੰਦਗੀ ਦੀ ਇਹਨਾਂ ਲਈ।
ਜਦ ਦੇਸ਼ ਪੱਧਰ ਤੇ ਤਾਲਾਬੰਦੀ ਦਾ ਐਲਾਨ ਹੋਇਆ, ਤਾਂ ਦਿੱਲੀ ਵਿੱਚ ਵੀ ਇਹਨਾਂ ਪਰਵਾਸੀ ਮਜ਼ਦੂਰਾਂ ਦਾ ਕੰਮ ਛੁੱਟ ਗਿਆ। ਇਹਨਾਂ ਕੋਲ ਆਪਣੇ ਘਰਾਂ ਨੂੰ ਪਰਤਣ ਦਾ ਕੋਈ ਵੀ ਸਾਧਨ ਨਾਂ ਹੋਣ ਕਰਕੇ ਸੈਂਕੜੇ ਮਜ਼ਦੂਰ ਯਮੁਨਾ ਨਦੀ ਦੇ ਖੇਤਰ ਵਿੱਚ ਆ ਕੇ ਰਹਿਣ ਲੱਗ ਪਏ। ਕਈਆਂ ਨੇ ਦੱਸਿਆ ਕਿ ਓੁਹ ਦਿਨ ਵਿੱਚ ਇਕ ਸਮੇਂ ਖਾ ਕੇ ਹੀ ਗੁਜ਼ਾਰਾ ਕਰ ਰਹੇ ਹਨ, ਓੁਹ ਵੀ ਗੁਰਦੁਆਰੇ ਤੋਂ ਸੰਗਤ ਦੇ ਜਾਂਦੀ ਹੈ। ਓੁਹਨਾਂ ਕੋਲ ਕੋਈ ਸਾਬਣ ਜਾਂ ਆਪਣੀ ਸਫਾਈ ਰੱਖਣ ਦੀ ਕੋਈ ਸਹੂਲਤ ਨਹੀਂ। ਗਰਮੀ ਵਿੱਚ, ਬਿਨਾਂ ਕਿਸੇ ਸਹੂਲਤ ਤੋਂ, ਪੁਲ ਦੇ ਥੱਲੇ ਬੈਠੇ ਬੇਬਸ ਮਜ਼ਦੂਰਾਂ ਦੀ ਹਾਲਤ ਸਿਰਫ ਮਹਿਸੂਸ ਕੀਤੀ ਜਾ ਸਕਦੀ ਹੈ ਬਿਆਨ ਨਹੀਂ। ਜਿਵੇਂ ਅਧਿਕਾਰੀ ਕਹਿੰਦੇ ਹਨ “ਸਮਾਜਿਕ ਦੂਰੀ ਬਣਾ ਕੇ ਰੱਖੋ”, ਇਹਨਾਂ ਦੀ ਹਾਲਤ ਮਹਿਸੂਸ ਕਰਕੇ “ਸਮਾਜਿਕ ਦੂਰੀ ਦੀ ਗੱਲ ਵੀ ਇਹਨਾਂ ਦੀ ਕਲਪਨਾਂ ਤੋਂ ਪਰੇ ਲਗਦੀ ਹੈ”।
ਭਾਵੇਂ ਕਿ ਸਾਡੇ ਮੁਲਕ ਨੇ ਬਹੁਤ ਤਰੱਕੀ ਕਰ ਲਈ ਹੈ, ਅਸੀਂ ਇਕ ਵਿਕਸਿਤ ਦੇਸ਼ ਦੇ ਵਾਸੀ ਅਖਵਾਓੁਦੇਂ ਹਾਂ, ਪਰ ਕਰੋਨਾਵਾਇਰਸ ਕਾਰਨ ਪੈਦਾ ਹੋਏ ਹਾਲਾਤਾਂ ਨੇ ਲੱਖਾਂ ਗਰੀਬ ਭਾਰਤੀਆਂ ਦੀ ਦੁਰਦਸ਼ਾ ਤੇ ਇਕ ਚਾਨਣਾ ਪਾਇਆ ਹੈ। ਇਹ ਗਰੀਬ ਵਰਗ ਕੁਝ ਬਿਹਤਰ ਕਰਨ ਲਈ, ਰੋਜ਼ੀ-ਰੋਟੀ ਕਮਾਓੁਣ ਲਈ ਇਕ-ਦੂਜੇ ਰਾਜ ਵਿੱਚ ਜਾਂਦੇ ਹਨ, ਪਿੰਡਾਂ ਵਿੱਚੋਂ ਸ਼ਹਿਰਾਂ ਵਿੱਚ ਜਾਂਦੇ ਹਨ, ਤੇ ਸਾਡੇ ਕਾਰੋਬਾਰ ਇਹਨਾਂ ਦੀ ਮਿਹਨਤ ਸਦਕਾ ਚੱਲਦੇ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹਨਾਂ ਲਈ ਚੰਗੇ ਕਦਮ ਚੁੱਕੇ ਜਾਣ ਤਾਂ ਜੋ ਇਹੋ ਜਿਹੇ ਹਾਲਾਤ ਮੁੜ ਪੈਦਾ ਨਾਂ ਹੋਣ। ਇਸ ਦੇ ਨਾਲ-ਨਾਲ ਸਾਡੀ ਵੀ ਜ਼ੁੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਮਹਾਮਾਰੀ ਦੀ ਕਰੋਪੀ ਤੋਂ ਕੁਝ ਸਿੱਖੀਏ ਅਤੇ ਇਕ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਕਰੀਏ।

Load More Related Articles
Load More By Nabaz-e-Punjab
Load More In Article

Check Also

‘ਜਿਨ੍ਹਾਂ ਪੁੱਠੀਆਂ ਖੱਲਾਂ ਲੁਹਾਈਆਂ’ ਕਿਤਾਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲੋਕ ਅਰਪਣ

‘ਜਿਨ੍ਹਾਂ ਪੁੱਠੀਆਂ ਖੱਲਾਂ ਲੁਹਾਈਆਂ’ ਕਿਤਾਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲੋਕ ਅਰਪਣ ਅਣਗੌਲੇ ਸ਼ਹ…