ਬਿਜਲੀ ਬਿਲਾਂ ਦੀ ਵਸੂਲੀ ਖ਼ਿਲਾਫ਼ ਪਿੰਡ ਕੁੰਭੜਾ ਵਾਸੀਆਂ ਵੱਲੋਂ ਰੋਸ ਮੁਜ਼ਾਹਰਾ

ਪੰਜਾਬ ਸਰਕਾਰ ਨੂੰ ਗਰੀਬ ਲੋਕਾਂ ਦੀ ਥਾਂ ਸ਼ਰਾਬ ਮਾਫ਼ੀਆ ਦੀ ਚਿੰਤਾ ਵੱਧ: ਕੁੰਭੜਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਮਈ:
ਇੱਥੋਂ ਦੇ ਸੈਕਟਰ-68 ਸਥਿਤ ਪਿੰਡ ਕੁੰਭੜਾ ਦੀਆਂ ਅੌਰਤਾਂ ਅਤੇ ਆਮ ਲੋਕਾਂ ਨੇ ਬਿਜਲੀ ਬਿਲਾਂ ਦੀ ਵਸੂਲੀ ਦੇ ਖ਼ਿਲਾਫ਼ ਵੀਰਵਾਰ ਨੂੰ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਦੇ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਅਤੇ ਗਰੀਬ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਅਣਡਿੱਠ ਕਰਨ ਦੇ ਦੋਸ਼ ਲਗਾਉਂਦਿਆਂ ਹੁਕਮਰਾਨਾਂ ਖ਼ਿਲਾਫ਼ ਪਿੱਟ ਸਿਆਪਾ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਇਸ ਲੋਕਹਿੱਤ ਮੁਜ਼ਾਹਰੇ ਦੀ ਅਗਵਾਈ ਸਾਬਕਾ ਸਮਿਤੀ ਮੈਂਬਰ ਬੀਬੀ ਗੁਰਨਾਮ ਕੌਰ ਕੁੰਭੜਾ ਅਤੇ ਸਾਬਕਾ ਪੰਚ ਦਲਜੀਤ ਕੌਰ ਨੇ ਕੀਤੀ।
ਉਨ੍ਹਾਂ ਕਿਹਾ ਕਿ ਸ਼ਰਾਬ ਨੀਤੀ ਨੂੰ ਲੈ ਕੇ ਕੈਬਨਿਟ ਮੰਤਰੀ ਤੇ ਸੀਨੀਅਰ ਆਗੂ ਅਤੇ ਉੱਚ ਅਧਿਕਾਰੀ ਬਿੱਲੀਆਂ ਵਾਂਗ ਲੜ ਰਹੇ ਹਨ ਪ੍ਰੰਤੂ ਗਰੀਬ ਲੋਕਾਂ, ਕਿਸਾਨਾਂ, ਮੁਲਾਜ਼ਮ ਵਰਗ, ਮਜ਼ਦੂਰਾਂ ਨੂੰ ਦਰਪੇਸ਼ ਸਮੱਸਿਆਵਾਂ ਵੱਲ ਕਿਸੇ ਦਾ ਧਿਆਨ ਨਹੀਂ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਕਰੋਨਾ ਦੀ ਮਹਾਮਾਰੀ ਨਾਲ ਜੂਝ ਰਿਹਾ ਹੈ ਪ੍ਰੰਤੂ ਸਰਕਾਰ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਮੰਤਰੀਆਂ ਅਤੇ ਵਿਧਾਇਕਾਂ ਦੇ ਆਰਥਿਕ ਘਾਟੇ ਨੂੰ ਪੂਰਾ ਕਰਨ ਲਈ ਫ਼ਿਕਰਮੰਦ ਜਾਪਦੀ ਹੈ। ਸਰਕਾਰ ਵੱਲੋਂ ਆਬਕਾਰੀ ਘਾਟੇ ਦੀ ਭਰਪਾਈ ਲਈ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ ਪ੍ਰੰਤੂ ਲੋਕਾਂ ਦਾ ਦਰਦ ਕਿਸੇ ਨੂੰ ਨਜ਼ਰ ਨਹੀਂ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਮਕਾਨ ਮਾਲਕ ਕਿਰਾਏਦਾਰਾਂ ਤੋਂ ਕਿਰਾਇਆ ਨਹੀਂ ਮੰਗ ਸਕਦਾ ਅਤੇ ਦਿਹਾੜੀਦਾਰ ਆਪਣੇ ਘਰ ਤੋਂ ਬਾਹਰ ਦਿਹਾੜੀ ਕਰਨ ਨਹੀਂ ਜਾ ਸਕਦਾ ਹੈ। ਅਜਿਹੇ ਹਾਲਾਤਾਂ ਲੋਕ ਬਿਜਲੀ ਦੇ ਬਿੱਲ ਕਿਉਂ ਭਰਨ? ਆਮ ਲੋਕਾਂ ਨੂੰ ਦੋ ਵਕਤ ਦੀ ਰੋਟੀ ਦਾ ਫਿਕਰ ਸਤਾ ਰਿਹਾ ਹੈ ਪ੍ਰੰਤੂ ਪਾਵਰਕੌਮ ਨੇ ਖਪਤਕਾਰਾਂ ਨੂੰ ਬਿਜਲੀ ਬਿਲਾਂ ਦੀ ਅਦਾਇਗੀ ਲਈ ਮੋਬਾਈਲ ’ਤੇ ਸੁਨੇਹੇ ਭੇਜੇ ਜਾ ਰਹੇ ਹਨ।
ਇਸ ਮੌਕੇ ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਪੀੜਤ ਲੋਕਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਰਫਿਊ\ਲਾਕਡਾਊਨ ਦੌਰਾਨ ਬਿਜਲੀ-ਪਾਣੀ ਬਿਲਾਂ ਸਮੇਤ ਹਾਊਸ ਟੈਕਸ ਮੁਆਫ਼ ਕੀਤੇ ਜਾਣ। ਉਨ੍ਹਾਂ ਕਿਹਾ ਕਿ ਉਕਤ ਘਾਟਾ ਪੂਰਾ ਕਰਨ ਲਈ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਰਾਹਤ ਪੈਕਜ ’ਚੋਂ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਜਲਦੀ ਹੀ ਠੋਸ ਕਦਮ ਨਹੀਂ ਚੁੱਕੇ ਗਏ ਤਾਂ ਗਰੀਬ ਲੋਕ ਸੜਕਾਂ ’ਤੇ ਆਉਣ ਲਈ ਮਜਬੂਰ ਹੋਣਗੇ। ਇਸ ਦੌਰਾਨ ਪੈਦਾ ਹੋਏ ਹਾਲਾਤਾਂ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ। ਇਸ ਮੌਕੇ ਮਨਦੀਪ ਸਿੰਘ, ਕਾਕਾ ਸਿੰਘ, ਮਨਜੀਤ ਸਿੰਘ, ਸੰਤ ਸਿੰਘ, ਹਰਜਿੰਦਰ ਬਿੱਲਾ, ਸੁੱਚਾ ਸਿੰਘ, ਕਮਲਪ੍ਰੀਤ ਸਿੰਘ, ਮਨਦੀਪ ਕੌਰ, ਪਰਮਜੀਤ ਕੌਰ, ਹਰਪਿੰਦਰ ਕੌਰ, ਰਾਣੀ ਅਤੇ ਸੰਦੀਪ ਕੌਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…