Nabaz-e-punjab.com

ਪੁਲੀਸ ਤਸ਼ੱਦਦ: ਸਾਬਕਾ ਪੁਲੀਸ ਮੁਖੀ ਤੋਂ ਸ਼ਨਿਚਰਵਾਰ ਜਾਂ ਐਤਵਾਰ ਨੂੰ ਹੋ ਸਕਦੀ ਹੈ ਪੁੱਛਗਿੱਛ

ਸੁਮੇਧ ਸੈਣੀ ਨੂੰ ਪੁੱਛਗਿੱਛ ਲਈ ਜਲਦੀ ਤਲਬ ਕਰੇਗੀ ਪੁਲੀਸ, ਸੀਬੀਆਈ ਨਾਲ ਵੀ ਤਾਲਮੇਲ ਕਰੇਗੀ ਮੁਹਾਲੀ ਪੁਲੀਸ

ਸਾਬਕਾ ਪੁਲੀਸ ਮੁਖੀ ਨੇ ਥਾਣੇ ’ਚ ਪਾਸਪੋਰਟ ਜਮ੍ਹਾ ਕਰਵਾਇਆ, 50 ਹਜ਼ਾਰ ਦਾ ਨਿੱਜੀ ਮੁਚੱਲਕਾ ਭਰਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਮਈ:
ਪੰਜਾਬ ਪੁਲੀਸ ਦੇ ਚਰਚਿਤ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੇ ਪੇਸ਼ਗੀ ਜ਼ਮਾਨਤ ਮਿਲਣ ਤੋਂ ਬਾਅਦ ਮੁਹਾਲੀ ਦੇ ਮਟੌਰ ਥਾਣੇ ਵਿੱਚ ਪਹੁੰਚ ਕੇ ਆਪਣਾ ਪਾਸਪੋਰਟ ਜਮ੍ਹਾ ਕਰਵਾ ਦਿੱਤਾ ਹੈ। ਸੈਣੀ ਬੀਤੀ ਦੇਰ ਸ਼ਾਮ ਅਚਾਨਕ ਥਾਣੇ ਪਹੁੰਚ ਗਏ ਅਤੇ ਥਾਣਾ ਮੁਖੀ ਦੇ ਦਫ਼ਤਰ ਵਿੱਚ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ, ਡੀਐਸਪੀ (ਡੀ) ਬਿਕਰਮਜੀਤ ਸਿੰਘ ਬਰਾੜ ਅਤੇ ਐਸਐਚਓ ਰਾਜੀਵ ਕੁਮਾਰ ਦੇ ਅੱਗੇ ਪੇਸ਼ ਹੋਏ। ਸਾਬਕਾ ਪੁਲੀਸ ਮੁਖੀ ਨੇ 50 ਹਜ਼ਾਰ ਰੁਪਏ ਦਾ ਨਿੱਜੀ ਮੁਚੱਲਕਾ ਵੀ ਭਰਿਆ। ਥਾਣੇ ਅੰਦਰ ਜਾਣ ਸਮੇਂ ਸੈਣੀ ਨਾਲ ਸਿਰਫ਼ ਇਕ ਗੰਨਮੈਨ ਸੀ ਜਦੋਂਕਿ ਕਾਰ ਚਾਲਕ ਪਾਰਕਿੰਗ ਵਿੱਚ ਖੜੀ ਕੀਤੀ ਕਾਰ ਵਿੱਚ ਬੈਠਾ ਰਿਹਾ। ਬਚਾਅ ਪੱਖ ਦੇ ਏਪੀਐਸ ਦਿਉਲ ਨੇ ਦੱਸਿਆ ਕਿ ਸੈਣੀ ਨੇ ਆਪਣਾ ਪਾਸਪੋਰਟ ਜਮ੍ਹਾ ਕਰਵਾ ਦਿੱਤਾ ਹੈ ਅਤੇ ਹੁਣ ਉਹ ਆਪਣੇ ਘਰ ’ਤੇ ਮੌਜੂਦ ਰਹਿਣਗੇ। ਉਨ੍ਹਾਂ ਕਿਹਾ ਕਿ ਪੁਲੀਸ ਜਦੋਂ ਵੀ ਉਨ੍ਹਾਂ ਨੂੰ ਪੁੱਛਗਿੱਛ ਲਈ ਬੁਲਾਏਗੀ ਤਾਂ ਉਹ (ਸੈਣੀ) ਹਾਜ਼ਰ ਹੋਣਗੇ।
ਉਧਰ, ਪੁਲੀਸ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਸਾਬਕਾ ਡੀਜੀਪੀ ਮਾਮਲੇ ਵਿੱਚ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ ਦੀ ਅਗਵਾਈ ਹੇਠ ਚਾਰ ਮੈਂਬਰੀ ਸਿੱਟ ਦਾ ਗਠਨ ਕੀਤਾ ਗਿਆ ਹੈ। ਬੁੱਧਵਾਰ ਦੇਰ ਸ਼ਾਮ ਸਾਬਕਾ ਡੀਜੀਪੀ ਨੇ ਥਾਣੇ ਪਹੁੰਚ ਕੇ ਆਪਣਾ ਪਾਸਪੋਰਟ ਜਮ੍ਹਾ ਕਰਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸੁਮੇਧ ਸੈਣੀ ਤੋਂ ਉਨ੍ਹਾਂ ਖ਼ਿਲਾਫ਼ ਦਰਜ ਅਪਰਾਧਿਕ ਮਾਮਲੇ ਵਿੱਚ ਪੁੱਛਗਿੱਛ ਕਰਨ ਲਈ ਸ਼ਨਿਚਰਵਾਰ ਜਾਂ ਐਤਵਾਰ ਨੂੰ ਮੁੜ ਥਾਣੇ ਸੱਦਿਆ ਜਾਵੇਗਾ। ਇਸ ਸਬੰਧੀ ਸਾਬਕਾ ਪੁਲੀਸ ਮੁਖੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਨਵੇਂ ਸਿਰਿਓਂ ਨੋਟਿਸ ਭੇਜਿਆ ਜਾਵੇਗਾ। ਕਿਉਂਕਿ ਬੀਤੇ ਕੱਲ੍ਹ ਸੈਣੀ ਤੋਂ ਪੁੱਛਗਿੱਛ ਨਹੀਂ ਹੋ ਸਕੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਸਾਬਕਾ ਡੀਜੀਪੀ ਨੂੰ ਮੁਲਤਾਨੀ ਕੇਸ ਸਬੰਧੀ ਸਵਾਲ ਜਵਾਬ ਕੀਤੇ ਜਾਣਗੇ। ਜਾਂਚ ਅਧਿਕਾਰੀ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ ਨੇ ਇਸ ਸਬੰਧੀ ਕੁੱਝ ਵੀ ਦੱਸਣ ਤੋਂ ਟਾਲਾ ਵੱਟਦਿਆਂ ਕਿਹਾ ਕਿ ਫਿਲਹਾਲ ਹਾਲੇ ਉਹ ਕੁਝ ਨਹੀਂ ਦੱਸ ਸਕਦੇ ਹਨ। ਜਾਂਚ ਮੁਕੰਮਲ ਹੋਣ ਤੋਂ ਬਾਅਦ ਮੀਡੀਆ ਨਾਲ ਗੱਲ ਸਾਂਝੀ ਕੀਤੀ ਜਾਵੇਗੀ। ਸੂਤਰ ਦੱਸਦੇ ਹਨ ਕਿ ਮੁਹਾਲੀ ਪੁਲੀਸ ਹੁਣ ਮਾਮਲੇ ਦੀ ਤੈਅ ਤੱਕ ਜਾਣ ਲਈ ਸੀਬੀਆਈ ਟੀਮ ਨਾਲ ਤਾਲਮੇਲ ਕਰੇਗੀ ਕਿਉਂਕਿ ਹਾਈ ਕੋਰਟ ਦੇ ਹੁਕਮਾਂ ’ਤੇ ਸੀਬੀਆਈ ਨੇ 2007 ਵਿੱਚ ਸੈਣੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ ਪ੍ਰੰਤੂ ਜੁਲਾਈ 2008 ਨੂੰ ਸੁਪਰੀਮ ਕੋਰਟ ਨੇ ਸੈਣੀ ਨੂੰ ਵੱਡੀ ਰਾਹਤ ਦਿੰਦਿਆਂ ਕਲੀਨ ਚਿੱਟ ਦੇ ਦਿੱਤੀ ਸੀ।
(ਬਾਕਸ ਆਈਟਮ)
ਉਧਰ, ਆਉਣ ਵਾਲੇ ਦਿਨਾਂ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਪੁਲੀਸ ਵਧੀਕੀਆਂ ਦਾ ਸ਼ਿਕਾਰ ਹੋਏ ਪੀੜਤ ਲੋਕ ਹੁਣ ਸੈਣੀ ਖ਼ਿਲਾਫ਼ ਕੇਸ ਦਰਜ ਹੋਣ ਤੋਂ ਬਾਅਦ ਸਾਹਮਣੇ ਆ ਰਹੇ ਹਨ। ਮੁਲਤਾਨੀ ਤੋਂ ਬਾਅਦ ਇੱਥੋਂ ਦੇ ਫੇਜ਼-10 ’ਚੋਂ ਪਿਊ-ਪੁੱਤ ਨੂੰ ਪੁਲੀਸ ਚੁੱਕ ਕੇ ਥਾਣੇ ਲੈ ਗਈ ਸੀ। ਹੁਣ ਇਸ ਪਰਿਵਾਰ ਦੀ ਬੇਟੀ ਚਸ਼ਮਦੀਦ ਗਵਾਹ ਵਜੋਂ ਆਪਣੇ ਬਿਆਨ ਦਰਜ ਕਰਵਾਏਗੀ। ਪੰਥਕ ਵਿਚਾਰ ਮੰਚ ਚੰਡੀਗੜ੍ਹ ਦੇ ਪ੍ਰਧਾਨ ਬਲਜੀਤ ਸਿੰਘ ਖਾਲਸਾ ਵੀ ਸਾਹਮਣੇ ਆਉਣ ਨੂੰ ਤਿਆਰ ਹਨ। ਉਨ੍ਹਾਂ ਦੱਸਿਆ ਕਿ ਸੰਨ 1990 ਵਿੱਚ ਸੈਣੀ ਨੇ ਉਸ ਖ਼ਿਲਾਫ਼ ਟਾਂਡਾ ਕਾਨੂੰਨ ਤਹਿਤ ਝੂਠਾ ਕੇਸ ਦਰਜ ਕੀਤਾ ਗਿਆ। ਬੀਤੇ ਦਿਨੀਂ ਹਾਈ ਕੋਰਟ ਦੀ ਸੀਨੀਅਰ ਵਕੀਲ ਗੁਰਸ਼ਰਨ ਕੌਰ ਮਾਨ ਧਾਰਾ 164 ਦੇ ਤਹਿਤ ਆਪਣੇ ਬਿਆਨ ਦਰਜ ਕਰਵਾ ਚੁੱਕੇ ਹਨ ਕਿ ਸੈਣੀ ਦੇ ਕਹਿਣ ’ਤੇ ਪੁਲੀਸ ਉਸ ਦੇ ਪਤੀ ਅਤੇ ਮਾਸੂਮ ਬੇਟੇ ਸਮੇਤ ਉਸ ਨੂੰ ਚੁੱਕ ਕੇ ਥਾਣੇ ਲੈ ਗਈ ਸੀ ਅਤੇ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਅਤੇ ਸੈਣੀ ਦੀ ਮੌਜੂਦਗੀ ਵਿੱਚ ਪੁਲੀਸ ਨੇ ਬਲਵੰਤ ਸਿੰਘ ਮੁਲਤਾਨੀ ’ਤੇ ਅੰਨ੍ਹੇਵਾਹ ਤਸ਼ੱਦਦ ਢਾਹਿਆਂ ਗਿਆ ਸੀ ਅਤੇ ਉਸ ਦੇ ਪਰਿਵਾਰ ਨੂੰ ਵੀ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ।
(ਬਾਕਸ ਆਈਟਮ)
29 ਸਾਲ ਪਹਿਲਾਂ ਸਰਕਾਰ ਅਤੇ ਪੁਲੀਸ ਪੀੜਤ ਪਰਿਵਾਰ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਉਦੋਂ ਉਨ੍ਹਾਂ ਨੇ ਇਨਸਾਫ਼ ਲਈ ਹਾਈ ਕੋਰਟ ਦਾ ਬੂਹਾ ਖੜਕਾਇਆ ਸੀ ਅਤੇ ਹਾਈ ਕੋਰਟ ਨੇ 2007 ਵਿੱਚ ਸੀਬੀਆਈ ਨੂੰ ਜਾਂਚ ਦੇ ਹੁਕਮ ਦਿੱਤੇ ਸੀ। ਮੁੱਢਲੀ ਜਾਂਚ ਤੋਂ ਬਾਅਦ ਸੀਬੀਆਈ ਨੇ ਉੱਚ ਅਦਾਲਤ ਵਿੱਚ ਪੇਸ਼ ਕੀਤੀ ਰਿਪੋਰਟ ਵਿੱਚ ਕਿਹਾ ਸੀ ਕਿ ਸੈਣੀ ਤੇ ਹੋਰਨਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ ਕੀਤਾ ਗਿਆ ਹੈ। ਇਸ ਮਗਰੋਂ ਸੁਮੇਧ ਸੈਣੀ ਸੁਪਰੀਮ ਕੋਰਟ ਦੀ ਸ਼ਰਨ ਵਿੱਚ ਚਲਾ ਗਿਆ। ਸੁਪਰੀਮ ਕੋਰਟ ਨੇ ਜੁਲਾਈ 2008 ਨੂੰ ਸੈਣੀ ਨੂੰ ਵੱਡੀ ਰਾਹਤ ਦਿੰਦਿਆਂ ਕਲੀਨ ਚਿੱਟ ਦੇ ਦਿੱਤੀ। ਇਸ ਤੋਂ ਬਾਅਦ ਪੀੜਤ ਪਰਿਵਾਰ ਦੀ ਕਿਸੇ ਸਰਕਾਰ ਨੇ ਗੱਲ ਨਹੀਂ ਸੁਣੀ। ਹੁਣ 29 ਸਾਲਾਂ ਬਾਅਦ ਕੇਸ ਦਰਜ ਹੋਣ ਨਾਲ ਪੀੜਤ ਪਰਿਵਾਰ ਨੂੰ ਇਨਸਾਫ਼ ਦੀ ਉਮੀਦ ਜਾਗੀ ਹੈ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…