Share on Facebook Share on Twitter Share on Google+ Share on Pinterest Share on Linkedin ਫੋਰਟਿਸ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਗੁਰਦਾਸ ਬਾਦਲ ਦੀ ਮੌਤ ਰਾਤ ਨੂੰ 2 ਵਜੇ ਮਨਪ੍ਰੀਤ ਬਾਦਲ ਆਪਣੇ ਪਿਤਾ ਦੀ ਲਾਸ਼ ਲੈ ਕੇ ਪਿੰਡ ਬਾਦਲ ਲਈ ਹੋਏ ਰਵਾਨਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਈ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਅਤੇ ਸਾਬਕਾ ਸੰਸਦ ਮੈਂਬਰ ਗੁਰਦਾਸ ਸਿੰਘ ਬਾਦਲ (90) ਦੀ ਮੌਤ ਹੋ ਗਈ। ਉਹ ਪਿਛਲੇ ਕਰੀਬ ਇਕ ਮਹੀਨੇ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਸਨ। ਪੁਰਾਣੀ ਸ਼ੂਗਰ ਦੀ ਬਿਮਾਰੀ ਕਾਰਨ ਉਨ੍ਹਾਂ ਦੇ ਗੁਰਦਿਆਂ ਅਤੇ ਦਿਲ ’ਤੇ ਕਾਫ਼ੀ ਅਸਰ ਪਿਆ ਸੀ। ਇਹੀ ਦਿਨੀਂ ਉਨ੍ਹਾਂ ਦੇ ਸੀਨੇ ਵਿੱਚ ਦਰਦ ਜ਼ਿਆਦਾ ਤਕਲੀਫ਼ ਕਰ ਰਿਹਾ ਸੀ। ਅੱਜ ਇੱਥੇ ਫੋਰਟਿਸ ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ ਅਤੇ ਉਹ ਵੈਂਟੀਲੇਟਰ ’ਤੇ ਸਨ। ਵੀਰਵਾਰ ਅੱਧੀ ਰਾਤ ਕਰੀਬ 12 ਤੋਂ ਸਾਢੇ 12 ਵਜੇ ਦੇ ਵਿਚਕਾਰ ਗੁਰਦਾਸ ਬਾਦਲ ਨੇ ਆਖ਼ਰੀ ਸਾਹ ਲਿਆ। ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਉਸ ਸਮੇਂ ਉਨ੍ਹਾਂ ਕੋਲ ਵਿੱਤ ਮੰਤਰੀ ਮਨਪ੍ਰੀਤ ਬਾਦਲ ਮੌਜੂਦ ਸਨ। ਇਸ ਮਗਰੋਂ ਦੇਰ ਰਾਤ ਕਰੀਬ 2 ਵਜੇ ਮਨਪ੍ਰੀਤ ਆਪਣੇ ਪਿਤਾ ਦੀ ਲਾਸ਼ ਲੈ ਕੇ ਪਿੰਡ ਬਾਦਲ ਲਈ ਰਵਾਨਾ ਹੋ ਗਏ। ਜਾਣਕਾਰੀ ਅਨੁਸਾਰ ਮਾਰਚ ਮਹੀਨੇ ਮਨਪ੍ਰੀਤ ਬਾਦਲ ਦੀ ਮਾਤਾ ਬੀਬੀ ਹਰਮਿੰਦਰ ਕੌਰ ਦੀ ਅਚਾਨਕ ਮੌਤ ਹੋ ਗਈ ਸੀ। ਜਿਸ ਦਾ ਗੁਰਦਾਸ ਬਾਦਲ ਨੂੰ ਭਾਰੀ ਸਦਮਾ ਲੱਗਿਆ ਅਤੇ ਉਹ ਆਖ਼ਰੀ ਸਮੇਂ ਤੱਕ ਇਸ ਸਦਮੇ ’ਚੋਂ ਉੱਭਰ ਨਹੀਂ ਸਕੇ। ਪਤਨੀ ਦੀ ਮੌਤ ਤੋਂ ਬਾਅਦ ਗੁਰਦਾਸ ਬਾਦਲ ਦੀ ਤਬੀਅਤ ਵਿਗੜਨੀ ਸ਼ੁਰੂ ਹੋ ਗਈ ਸੀ। ਅੰਤ ਲੰਘੀ ਰਾਤ ਉਹ ਵੀ ਇਸ ਫਾਨੀ ਦੁਨੀਆ ਨੂੰ ਆਖ਼ਰੀ ਫਤਿਹ ਬੁਲਾ ਗਏ। ਗੁਰਦਾਸ ਬਾਦਲ ਦਾ ਪੰਜਾਬ ਦੀ ਰਾਜਨੀਤੀ ਅਤੇ ਪੂਰੇ ਬਾਦਲ ਪਰਿਵਾਰ ਦੀ ਸਿਆਸਤ ਉੱਤੇ ਮਜ਼ਬੂਤ ਪਕੜ ਬਣਾਉਣ ਲਈ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ। ਹਾਲਾਂਕਿ ਪਿਛਲੀ ਅਕਾਲੀ ਸਰਕਾਰ ਦੌਰਾਨ ਉਸ ਸਮੇਂ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿੱਚ ਵੱਡੇ ਪੱਧਰ ’ਤੇ ਸਿਆਸੀ ਦੂਰੀਆਂ ਪੈਦਾ ਹੋ ਗਈਆਂ ਸਨ ਅਤੇ ਮਨਪ੍ਰੀਤ ਨੂੰ ਅਕਾਲੀ ਦਲ ਛੱਡਣ ਲਈ ਮਜਬੂਰ ਹੋਣਾ ਪਿਆ ਸੀ, ਪ੍ਰੰਤੂ ਇਸ ਸਭ ਦੇ ਬਾਵਜੂਦ ਗੁਰਦਾਸ ਬਾਦਲ ਦਾ ਆਪਣੇ ਵੱਡੇ ਭਰਾ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪ੍ਰਤੀ ਪਿਆਰ ਘੱਟ ਨਹੀਂ ਹੋਇਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ