ਪ੍ਰਾਇਮਰੀ ਅਧਿਆਪਕਾਂ ਤੇ ਸਕੂਲਾਂ ਦੇ ਮਸਲਿਆਂ ਬਾਰੇ ਡੀਪੀਆਈ (ਅ) ਨਾਲ ਕੀਤੀ ਅਹਿਮ ਮੀਟਿੰਗ

ਸਰਕਾਰੀ ਸਕੂਲਾਂ ਵਿੱਚ ਛੇਤੀ ਭੇਜੀਆਂ ਜਾਣਗੀਆਂ ਸਾਰੇ ਵਿਸ਼ਿਆਂ ਦੀਆਂ ਪੈਂਡਿੰਗ ਕਿਤਾਬਾਂ

ਸਾਰੇ ਜ਼ਿਲ੍ਹਿਆਂ ਵਿੱਚ ਪ੍ਰਾਇਮਰੀ ਅਧਿਆਪਕਾਂ ਦੀ ਤਰੱਕੀ ਪ੍ਰਕਿਰਿਆ ਜਲਦ ਨੇਪਰੇ ਚਾੜ੍ਹਨ ਦਾ ਭਰੋਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਈ:
ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐਫ਼) ਪੰਜਾਬ ਦੇ ਵਫ਼ਦ ਨੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ ਦੀ ਅਗਵਾਈ ਹੇਠ ਪ੍ਰਾਇਮਰੀ ਅਧਿਆਪਕਾਂ ਅਤੇ ਸਰਕਾਰੀ ਸਕੂਲਾਂ ਨਾਲ ਜੁੜੇ ਕਈ ਚਲੰਤ ਮਸਲਿਆਂ ਸਬੰਧੀ ਡੀਪੀਆਈ (ਐਲੀਮੈਂਟਰੀ) ਇੰਦਰਜੀਤ ਸਿੰਘ ਨਾਲ ਮੀਟਿੰਗ ਕੀਤੀ। ਡੀਟੀਐੱਫ਼ ਦੇ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ ਨੇ ਦੱਸਿਆ ਕਿ ਬੜੇ ਹੀ ਸੁਖਾਵੇਂ ਮਾਹੌਲ ਵਿੱਚ ਹੋਈ ਇਸ ਮੀਟਿੰਗ ਦੌਰਾਨ ਡੀਪੀਆਈ ਨੇ ਸਾਰੇ ਵਿਸ਼ਿਆਂ ਦੀਆਂ ਪੈਂਡਿੰਗ ਕਿਤਾਬਾਂ ਜਲਦੀ ਸਕੂਲਾਂ ਵਿੱਚ ਭੇਜਣ ਦਾ ਭਰੋਸਾ ਦਿੱਤਾ। ਮੌਜੂਦਾ ਸਮੇਂ ਵਿੱਚ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਮਿਆਦ ਖ਼ਤਮ ਹੋਣ ਕਾਰਨ ਸਕੂਲਾਂ ਦੇ ਅਨੇਕਾਂ ਕੰਮ ਅੱਧ ਵਿਚਾਲੇ ਲਟਕਣ ਦੀ ਦਲੀਲ ਨਾਲ ਸਹਿਮਤ ਹੁੰਦਿਆਂ ਅਧਿਕਾਰੀ ਨੇ ਕਿਹਾ ਕਿ ਛੇਤੀ ਹੀ ਸਿੱਖਿਆ ਸਕੱਤਰ ਰਾਹੀਂ ਪੰਜਾਬ ਸਰਕਾਰ ਨੂੰ ਪ੍ਰਸਤਾਵ ਭੇਜਿਆ ਜਾਵੇਗਾ। ਵਿਦਿਆਰਥੀਆਂ ਦੇ ਸਾਰੇ ਪੈਂਡਿੰਗ ਵਜ਼ੀਫ਼ੇ ਜਾਰੀ ਕਰਵਾਉਣ ਅਤੇ ਸਿੱਧੀ ਭਰਤੀ ’ਚੋਂ ਮੁੱਖ ਅਧਿਆਪਕਾਂ ਦੀਆਂ ਪੈਂਡਿੰਗ ਅਸਾਮੀਆਂ ਭਰਨ ਦੀ ਪ੍ਰਕਿਰਿਆ ਛੇਤੀ ਨੇਪਰੇ ਚਾੜ੍ਹਨ ਦਾ ਭਰੋਸਾ ਦਿੱਤਾ।
ਸੀਨੀਅਰ ਮੀਤ ਪ੍ਰਧਾਨ ਵਿਕਰਮ ਦੇਵ ਸਿੰਘ, ਮੀਤ ਪ੍ਰਧਾਨ ਜਗਪਾਲ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਅਮੋਲਕ ਡੇਲੂਆਣਾ ਨੇ ਪ੍ਰਾਇਮਰੀ ਅਧਿਆਪਕਾਂ ਦੀਆਂ ਤਰੱਕੀਆਂ ਲਟਕਣ ਅਤੇ ਹੈੱਡ ਟੀਚਰਾਂ ਦੀਆਂ ਖ਼ਤਮ ਕੀਤੀਆਂ ਅਸਾਮੀਆਂ ਦਾ ਮਾਮਲਾ ਠੋਸ ਰੂਪ ਵਿੱਚ ਰੱਖਿਆ। ਅਧਿਕਾਰੀ ਨੇ ਵਿੱਤ ਵਿਭਾਗ ਦੀ ਮਨਜ਼ੂਰੀ ਮਿਲਣ ’ਤੇ ਹੈੱਡ ਟੀਚਰਾਂ ਦੀਆਂ ਖ਼ਤਮ ਕੀਤੀਆਂ ਅਸਾਮੀਆਂ ਦੀ ਬਹਾਲੀ ਦਾ ਮਸਲਾ ਹੱਲ ਕਰਨ, ਈਟੀਟੀ ਤੋਂ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਦੀਆਂ ਪੈਂਡਿੰਗ ਤਰੱਕੀਆਂ ਜਲਦ ਪੂਰੀਆਂ ਕਰਵਾਉਣ ਅਤੇ ਬੀਪੀਈਓ ਦੀਆਂ ਸਾਰੀਆਂ ਖਾਲੀ ਅਸਾਮੀਆਂ ਤਰੱਕੀ ਅਤੇ ਸਿੱਧੀ ਭਰਤੀ ਰਾਹੀਂ ਭਰਨ ਦਾ ਭਰੋਸਾ ਦਿੱਤਾ। ਈਟੀਟੀ ਤੋਂ ਮਾਸਟਰ ਕਾਡਰ ਸਮੇਤ ਡੀਪੀਈ ਅਤੇ ਸੰਗੀਤ ਅਧਿਆਪਕਾਂ ਲਈ ਪੈਂਡਿੰਗ ਤਰੱਕੀ ਵੀ ਨੇੜ ਭਵਿੱਖ ਵਿੱਚ ਜਲਦੀ ਸ਼ੁਰੂ ਕੀਤੀ ਜਾਵੇਗੀ।
ਪ੍ਰੈੱਸ ਸਕੱਤਰ ਪਵਨ ਕੁਮਾਰ ਮੁਕਤਸਰ ਅਤੇ ਗੁਰਪਿਆਰ ਸਿੰਘ ਕੋਟਲੀ ਜ਼ਿਲ੍ਹਾ ਪ੍ਰਧਾਨ ਮਾਨਸਾ ਨੇ ਸਿੱਖਿਆ ਪ੍ਰੋਵਾਈਡਰ, ਏਆਈਈ, ਈਜੀਐਸ, ਐਸਟੀਆਰ ਅਤੇ ਆਈਈਆਰਟੀ ਨੂੰ ਪੱਕੇ ਕਰਨ ਦਾ ਮੁੱਦਾ ਚੁੱਕਿਆ। ਡੀਪੀਆਈ ਨੇ ਦੱਸਿਆ ਕਿ ਇਸ ਸਬੰਧੀ ਨੀਤੀ ਤਿਆਰ ਕਰਨ ਦਾ ਮਾਮਲਾ ਵਿਚਾਰ ਅਧੀਨ ਹੈ ਅਤੇ ਆਈਈਵੀ ਅਧਿਆਪਕਾਂ ’ਤੇ ਛੁੱਟੀਆਂ ਅਤੇ ਸਰਵਿਸ ਬੁੱਕ ਛੇਤੀ ਲਾਗੂ ਕੀਤੀ ਜਾਵੇਗੀ। ਗ੍ਰਹਿ ਜ਼ਿਲ੍ਹਿਆਂ ਤੋਂ ਬਾਹਰ ਭਰਤੀ ਹੋਏ ਅਧਿਆਪਕਾਂ ਨੂੰ ਜੱਦੀ ਜ਼ਿਲ੍ਹੇ ਵਿੱਚ ਬਦਲੀ ਕਰਵਾਉਣ ਦਾ ਮੌਕਾ ਦੇਣ ਸਮੇਤ ਪ੍ਰਿੰਸੀਪਲ, ਹੈੱਡ ਮਾਸਟਰ ਅਤੇ ਬੀਪੀਈਓ ਦੀ ਭਰਤੀ ਲਈ ਗਰੈਜੂਏਸ਼ਨ ’ਚੋਂ 50 ਤੋਂ 55 ਫੀਸਦੀ ਨਾ ਹੋਣ ਦੀ ਸੂਰਤ ਵਿੱਚ ਪੋਸਟ ਗਰੈਜੂਏਸ਼ਨ ਸਬੰਧੀ ਦਿੱਤੀ ਆਪਸ਼ਨ ਦਾ ਨੋਟੀਫ਼ਿਕੇਸ਼ਨ ਲਾਗੂ ਕਰਵਾਉਣ, ਮਿਡ-ਡੇਅ-ਮੀਲ ਵਰਕਰਾਂ ਦੀ ਤਨਖ਼ਾਹ ’ਚ ਵਾਧਾ ਅਤੇ 12 ਮਹੀਨੇ ਤਨਖ਼ਾਹ ਦੇਣ ਦਾ ਕੀਤਾ ਵਾਅਦਾ ਪੂਰਾ ਕਰਨ ਦੀ ਮੰਗ ਕੀਤੀ ਗਈ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…