Share on Facebook Share on Twitter Share on Google+ Share on Pinterest Share on Linkedin ਅੰਮ੍ਰਿਤਧਾਰੀ ਪੱਤਰਕਾਰ ਮੇਜਰ ਸਿੰਘ ਦੀ ਮੁਹਾਲੀ ਥਾਣੇ ਵਿੱਚ ਬੇਰਹਿਮੀ ਨਾਲ ਕੁੱਟਮਾਰ ਪੀੜਤ ਪੱਤਰਕਾਰ ਵੱਲੋਂ ਏਐਆਈ ਓਮ ਪ੍ਰਕਾਸ਼ ਅਤੇ ਅਮਰ ਨਾਥ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦੀ ਮੰਗ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਈ: ਇੱਥੋਂ ਦੇ ਫੇਜ਼-4 ਵਿੱਚ ਸਥਿਤ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਵਿੱਚ ਦੋ ਧਿਰਾਂ ਦੇ ਆਪਸੀ ਵਿਵਾਦ ਦੌਰਾਨ ਪੰਜਾਬੀ ਅਖ਼ਬਾਰ ਦੇ ਮੁਹਾਲੀ ਤੋਂ ਅੰਮ੍ਰਿਤਧਾਰੀ ਪੱਤਰਕਾਰ ਮੇਜਰ ਸਿੰਘ ਨੂੰ ਥਾਣੇ ਵਿੱਚ ਲਿਆ ਕੇ ਪੁਲੀਸ ਵੱਲੋਂ ਬੜੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪੱਤਰਕਾਰ ਨੇ ਮੰਗ ਕੀਤੀ ਕਿ ਉਸ ਦੀ ਕੁੱਟਮਾਰ, ਦਸਤਾਰ ਅਤੇ ਕਕਾਰਾਂ ਦੀ ਬੇਅਦਬੀ ਕਰਨ ਵਾਲੇ ਥਾਣੇਦਾਰਾਂ ਓਮ ਪ੍ਰਕਾਸ਼ ਅਤੇ ਅਮਰ ਨਾਥ ਖ਼ਿਲਾਫ਼ ਆਈਪੀਸੀ ਦੀ ਧਾਰਾ 295ਏ ਤਹਿਤ ਕੇਸ ਦਰਜ ਕੀਤਾ ਜਾਵੇ ਅਤੇ ਦੋਵੇਂ ਥਾਣੇਦਾਰਾਂ ਨੂੰ ਤੁਰੰਤ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ। ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਪੱਤਰਕਾਰ ਮੇਜਰ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਵੇਲੇ ਉਹ ਗੁਰਦੁਆਰਾ ਫੇਜ਼-4 ਵਿੱਚ ਮੱਥਾ ਟੇਕਣ ਗਿਆ ਸੀ। ਜਿੱਥੇ ਪਹਿਲਾਂ ਤੋਂ ਹੀ ਦੋ ਧਿਰਾਂ ਆਪਸ ਵਿੱਚ ਝਗੜ ਰਹੀਆਂ ਸਨ। ਜਿਸ ਦੀ ਉਸ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਏਨੇ ਵਿੱਚ ਪੁਲੀਸ ਕਰਮਚਾਰੀ ਵੀ ਉੱਥੇ ਪਹੁੰਚ ਗਏ। ਥਾਣੇਦਾਰ ਓਮ ਪ੍ਰਕਾਸ਼ ਨੇ ਉਸ ਨੂੰ ਵੀਡੀਓ ਬਣਾਉਣ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਪੱਤਰਕਾਰ ਹੈ ਅਤੇ ਕਵਰੇਜ ਕਰ ਰਿਹਾ ਹੈ। ਬਾਅਦ ਵਿੱਚ ਪੁਲੀਸ ਨੇ ਉਸ ਨੂੰ ਫੜ ਕੇ ਜਬਰੀ ਗੱਡੀ ਵਿੱਚ ਸੁੱਟ ਲਿਆ ਅਤੇ ਫੇਜ਼-1 ਥਾਣੇ ਲਿਆ ਕੇ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਡੰਡਿਆਂ ਨਾਲ ਕੁੱਟਿਆਂ। ਇਸ ਦੌਰਾਨ ਉਸ ਦੀ ਦਸਤਾਰ ਵੀ ਲੱਥ ਗਈ ਅਤੇ ਕੇਸ ਖੁੱਲਣ ਕਾਰਨ ਕੰਘਾ ਵੀ ਜ਼ਮੀਨ ’ਤੇ ਡਿੱਗ ਪਿਆ। ਬਾਅਦ ਵਿੱਚ ਉਸ ਨੂੰ ਹਵਾਲਾਤ ਵਿੱਚ ਬੰਦ ਕਰ ਦਿੱਤਾ। ਇਸ ਦੌਰਾਨ ਐਸਐਚਓ ਇੰਸਪੈਕਟਰ ਮਨਫੂਲ ਸਿੰਘ ਵੀ ਉੱਥੇ ਪਹੁੰਚ ਗਏ ਅਤੇ ਜਿਨ੍ਹਾਂ ਨੇ ਉਸ ਨੂੰ ਪਛਾਣ ਕੇ ਹਵਾਲਾਤ ਤੋਂ ਬਾਹਰ ਕੱਢ ਲਿਆ ਅਤੇ ਦੋਵੇਂ ਥਾਣੇਦਾਰਾਂ ਦੀ ਝਾੜ-ਝੰਬ ਕੀਤੀ। ਬਾਅਦ ਵਿੱਚ ਆਪਣੇ ਦਫ਼ਤਰ ਵਿੱਚ ਪੱਤਰਕਾਰ ਨੂੰ ਸਿਰ ’ਤੇ ਦਸਤਾਰ ਸਜਾਉਣ ਵਿੱਚ ਮਦਦ ਕੀਤੀ ਅਤੇ ਪੱਤਰਕਾਰ ਨੂੰ ਖਾਣਾ ਵੀ ਪਰੋਸਿਆ। ਐਸਐਚਓ ਨੇ ਕਿਹਾ ਕਿ ਥਾਣੇ ਵਿੱਚ ਕੁੱਟਮਾਰ ਹੋਣ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਹੁਣ ਤੱਕ ਪੱਤਰਕਾਰ ਨੇ ਖ਼ਿਲਾਫ਼ ਮੁਲਾਜ਼ਮ ਕੋਈ ਲਿਖਤੀ ਸ਼ਿਕਾਇਤ ਹੀ ਦਿੱਤੀ ਹੈ। ਲੇਕਿਨ ਹੁਣ ਉਹ ਪੂਰੇ ਮਾਮਲੇ ਦੀ ਪੜਤਾਲ ਕਰਵਾਉਣਗੇ। ਉਧਰ, ਦੂਜੇ ਪਾਸੇ ਥਾਣੇਦਾਰ ਓਮ ਪ੍ਰਕਾਸ਼ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਫੇਜ਼-4 ਵਿੱਚ ਹੋਏ ਝਗੜੇ ਸਬੰਧੀ ਉਹ ਮੌਕੇ ’ਤੇ ਪਹੁੰਚੇ ਸੀ ਅਤੇ ਮੇਜਰ ਸਿੰਘ ਨੇ ਝਗੜਾ ਕਰ ਰਹੇ ਵਿਅਕਤੀ ਨੂੰ ਮੌਕੇ ਤੋਂ ਭਜਾ ਦਿੱਤਾ। ਜਦੋਂ ਪੁਲੀਸ ਆਪਣੀ ਗੱਡੀ ’ਤੇ ਉਸ ਨੂੰ ਫੜਨ ਜਾ ਰਹੀ ਸੀ ਤਾਂ ਇਹ ਵਿਅਕਤੀ (ਮੇਜਰ ਸਿੰਘ) ਪੁਲੀਸ ਦੀ ਗੱਡੀ ਅੱਗੇ ਬਾਹਾਂ ਖਿਲਾਰ ਕੇ ਖੜ੍ਹਾ ਹੋ ਗਿਆ। ਇਸ ਤੋਂ ਬਾਅਦ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ ਲੇਕਿਨ ਉਨ੍ਹਾਂ ਨੇ ਥਾਣੇ ਲਿਆ ਕੇ ਪੱਤਰਕਾਰ ਦੀ ਕੁੱਟਮਾਰ ਕਰਨ ਦੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਮਨਘੜਤ ਦੱਸਦਿਆਂ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੋਇਆ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰੈਸ ਕਲੱਬ ਐਸ.ਏ.ਐਸ. ਨਗਰ (ਮੁਹਾਲੀ) ਦੇ ਮੈਂਬਰਾਂ ਨੇ ਪੁਲੀਸ ਦੀ ਇਸ ਕਾਰਵਾਈ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਸਮੁੱਚੇ ਮਾਮਲੇ ਵਿੱਚ ਉੱਚ ਪੱਧਰੀ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ ਹੈ। ਸ਼ਨੀਵਾਰ 23 ਮਈ ਨੂੰ ਸਵੇਰੇ 10 ਵਜੇ ਪ੍ਰੈਸ ਕਲੱਬ ਦੇ ਮੈਂਬਰ ਅਤੇ ਹੋਰ ਪੱਤਰਕਾਰ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੂੰ ਮਿਲ ਕੇ ਸ਼ਿਕਾਇਤ ਦੇਣਗੇ। ਇਸ ਤੋਂ ਇਲਾਵਾ ਮੁੱਖ ਮੰਤਰੀ, ਰਾਜਪਾਲ ਅਤੇ ਡੀਜੀਪੀ ਨੂੰ ਵੀ ਸ਼ਿਕਾਇਤਾਂ ਭੇਜੀਆਂ ਜਾਣਗੀਆਂ ਅਤੇ ਮੰਗ ਕੀਤੀ ਕਿ ਕਸੂਰਵਾਰ ਪੁਲੀਸ ਮੁਲਾਜ਼ਮਾਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਕੀਤੀ ਜਾਵੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ