Nabaz-e-punjab.com

ਸ਼ਰਾਬ ਮਾਫ਼ੀਆ ਵਾਂਗ ਰੇਤ ਮਾਫ਼ੀਆ ਵੀ ਲਗਾ ਰਿਹਾ ਹੈ ਪੰਜਾਬ ਸਰਕਾਰ ਨੂੰ ਕਰੋੜਾਂ ਦਾ ਚੂਨਾ: ਬੀਰਦਵਿੰਦਰ ਸਿੰਘ

ਮੋਤੀਆਂ ਵਾਲੀ ਸਰਕਾਰ ਦੇ ਰਾਜ ਦਾ ਇੱਕ ਹੋਰ ਬਦਬੂਦਾਰ ਪਿੰਜਰ ਹੈ, ਰੇਤ ਤੇ ਸ਼ਰਾਬ ਮਾਫ਼ੀਆ

ਨਬਜ਼-ਏ-ਪੰਜਾਬ ਬਿਊਰੋ, ਸ੍ਰੀ ਅਨੰਦਪੁਰ ਸਾਹਿਬ, 23 ਮਈ:
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਪੰਜਾਬ ਦੇ ਸ਼ਰਾਬ ਮਾਫ਼ੀਆ ਵਾਂਗ ਹੀ ਪੰਜਾਬ ਵਿੱਚ ਰੇਤ ਮਾਫੀਆ ਵੀ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਹਰ ਰੋਜ਼ ਕਰੋੜਾਂ ਰੁਪਏ ਦਾ ਚੂਨਾ ਲਾ ਰਿਹਾ ਹੈ। ਪੰਜਾਬ ਵਿੱਚ ਖਣਿਜ ਪਦਾਰਥਾਂ ਨਾਲ ਭਰਪੂਰ ਖਾਣਾਂ ਦੀ ਖੁਦਾਈ ਅਤੇ ਪੁਟਾਈ ਲਈ ਕੋਈ ਪੁਖਤਾ ਅਤੇ ਸਪੱਸ਼ਟ ਨੀਤੀ ਨਾ ਹੋਣ ਕਾਰਨ, ਰੇਤ ਅਤੇ ਬਜਰੀ ਦੀ ਵੱਡੀ ਪੱਧਰ ਉੱਤੇ ਸਮੱਗਲਿੰਗ ਹੋ ਰਹੀ ਹੈ। ਉਹਨਾਂ ਕਿਹਾਾ ਕਿ ਇਸ ਕਾਰੋਬਾਰ ਦੇ ਅੰਦਾਜ਼ਨ ਹਜ਼ਾਰਾਂ ਕਰੋੜ ਦਾ ਆਦਾਨ-ਪ੍ਰਦਾਨ ਅਤੇ ਲੈਣ-ਦੇਣ, ਸਰਕਾਰੀ ਖਜਾਨੇ ਨੂੰ ਵੱਡਾ ਚੂਨਾ ਲਾ ਕੇ, ਬਾਹਰ ਦੀ ਬਾਹਰ ਹੀ ਹੋ ਰਿਹਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਰੇਤ ਮਾਫ਼ੀਆ ਦੇ ਕਾਰੋਬਾਰ ਵੀ ਸ਼ਰਾਬ ਮਾਫੀਏ ਵਾਂਗ ਹੀ ਕਰਫਿਊ ਅਤੇ ਲਾਕਡਾਊਂਨ ਦੀਆਂ ਧਜੀਆਂ ਉੱਡਾ ਕੇ, ਬਿਨਾਂ ਕਿਸੇ ਰੋਕ-ਟੋਕ ਦੇ ਦਿਨ ਰਾਤ ਹੋ ਰਿਹਾ ਸੀ। ਪਠਾਨਕੋਟ ਤੋਂ ਸ਼ੁਰੂ ਹੋ ਕੇ ਰੋਪੜ ਤੱਕ ਕੋਈ ਵੀ ਅਜਿਹਾ ਦਰਿਆ ਅਤੇ ਚੋਅ ਨਹੀਂ ਜਿੱਥੇ ਰੇਤ ਮਾਫੀਆਂ ਨਜਾਇਜ਼ ਤੌਰ ਤੇ ਮਾਇਨਿੰਗ ਨਹੀਂ ਕਰ ਰਿਹਾ।
ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਦਿਲਚਸਪ ਗੱਲ ਇਹ ਹੈ ਕਿ ਸਮੁੱਚੇ ਰੇਤ ਤੇ ਬਜਰੀ ਮਾਫੀਏ ਦਾ ਇੱਕ ਵੱਡਾ ਸਰਗੁਣਾ, ਜੰਮੂ-ਕਸ਼ਮੀਰ ਦਾ ਕੋਈ ‘ਚੌਧਰੀ’ ਸੁਣਿਆ ਜਾ ਰਿਹਾ ਹੈ ਜਿਦੇ ਗੁੰਡੇ ਪਠਾਨਕੋਟ ਤੋਂ ਲੈ ਕੇ ਰੋਪੜ ਤੱਕ, ਹਰ ਕਰੈਸਰ ਅਤੇ ਰੇਤ-ਬਜਰੀ ਦੇ ਭਰੇ ਹੋਏ ਟਰੱਕਾਂ ਪਾਸੋਂ, 800 ਰੁਪਏ ਤੋਂ 1000 ਰੁਪਏ ਤੱਕ, ਪ੍ਰਤੀ ਟਰੱਕ, ਜਬਰੀ ‘ਗੁੰਡਾ ਟੈਕਸ’ ਵਸੂਲਦੇ ਹਨ। ਸਰਗੋਸ਼ੀਆਂ ਤਾਂ ਇਹ ਹਨ ਕਿ ਇਸ ਅਖੌਤੀ ‘ਚੌਧਰੀ’ ਦੇ ਮਾਫੀਏ ਨੂੰ ਮਿਲ ਰਹੀ ਸ਼ਾਹੀ ਸਰਪ੍ਰਸਤੀ ਦੀਆਂ ਤਾਰਾਂ ਵੀ ਕਿਤੇ ਨਾ ਕਿਤੇ ‘ਸਾਰਾਗੜ੍ਹੀ ਫਾਰਮ’ ਵਿੱਚ ਹੀ ਜਾ ਜੁੜਦੀਆਂ ਹਨ। ਇਹ ‘ਚੌਧਰੀ’ ਕੌਣ ਹੈ ਇਸ ਬਾਰੇ ਖੁਲਾਸਾ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਂ ਪੰਜਾਬ ਵਿਧਾਨ ਸਭਾ ਦੇ ਮਾਨ ਯੋਗ ਸਪੀਕਰ ਰਾਣਾ ਕੇ.ਪੀ ਸਿੰਘ ਹੀ ਕਰ ਸਕਦੇ ਹਨ।
ਸ੍ਰੀ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਅਨੰਦਪੁਰ ਸਾਹਿਬ ਦੇ ਨਜ਼ਦੀਕ ਅਗੰਮਪੁਰ ਪਿੰਡ ਦੀ ਹਦੂਦ ਵਿੱਚ, ਦਰਿਆ ਸਤਲੁਜ ਦੇ ਤਲ ਵਿੱਚੋਂ ਗੁਜ਼ਰ ਰਹੀ 220 ਕੇ.ਵੀ ਲਾਈਨ ਦਾ ਇੱਕ ਵੱਡਾ ਟਾਵਰ ਤਾਂ ਹੁਣ ਡਿੱਗਣ ਹੀ ਵਾਲਾ ਹੈ ਕਿਊਂਕਿ ਇਸ ਦੇ ਆਲੇ-ਦੁਵਾਲਿਓਂ ਮਾਈਨਿੰਗ ਮਾਫੀਏ ਨੇ ਤਕਰੀਬਨ 20 ਫੁੱਟ ਡੂੰਘੇ ਟੋਏ ਚਾਰੇ ਪਾਸੇ ਕਰ ਦਿੱਤੇ ਹਨ ਅਤੇ ਇਸ ਟਾਵਰ ਨੂੰ ਚਾਰੇ ਪਾਸਿਓਂ ਖੋਖਲਾ ਕਰ ਦਿੱਤਾ ਹੈ ਜੋ ਕਿ ਕਿਸੇ ਵੇਲੇ ਵੀ ਡਿੱਗ ਸਕਦਾ ਹੈ ਅਤੇ ਇਸ 220 ਕੇ.ਵੀ ਲਾਈਨ ਤੋ ਸੰਚਾਲਤ ਕੀਤੀ ਜਾ ਰਹੀ ਬਿਜਲੀ ਸਪਲਾਈ ਨੂੰ ਕਿਸੇ ਵੇਲੇ ਵੀ ਠੱਪ ਕਰ ਸਕਦਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਦੇ ਸਥਾਨਕ ਐਸਡੀਓ ਲਖਵਿੰਦਰ ਸਿੰਘ ਨੇ ਇਹ ਮਾਮਲਾ ਮਾਇੰਨਿਗ ਵਿਭਾਗ ਦੇ ਧਿਆਨ ਵਿੱਚ ਫਰਵਰੀ ਦੇ ਮਹੀਨੇ ਲਿਆ ਦਿੱਤਾ ਸੀ ਪਰ ਇਸ ਦੇ ਬਾਵਜੂਦ ਵੀ ਇਸ ਰੇਤ ਮਾਫ਼ੀਆ ਦੇ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਹੋਈ, ਨਤੀਜਾ ਇਹ ਕਿ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਨੂੰ ਬੇਵੱਸ ਹੋ ਕੇ ਹੁਣ ਇਸ ਟਾਵਰ ਨੂੰ ਕਿਸੇ ਹੋਰ ਜਗਾ ਬਦਲਣ ਦਾ ਫੈਸਲਾ ਲਿਆ ਗਿਆ ਹੈ ਕਿਊਂਕਿ ਇਸ ਟਾਵਰ ਦੀ ਮੁਰਮੰਤ ਕਰਨ ਉੱਤੇ ਲਗਪਗ 1.20 ਕਰੋੜ ਰੁਪਏ ਦਾ ਅਨੁਮਾਨਤ ਖਰਚਾ ਹੋ ਸਕਦਾ ਹੈ, ਜਿਸ ਤੋਂ ਬਾਅਦ ਵੀ ਇਸ ਟਾਵਰ ਦੇ ਖੜ੍ਹੇ ਰਹਿਣ ਦੀ ਕੋਈ ਗਰੰਟੀ ਨਹੀਂ। ਚੇਤੇ ਰਹੇ ਕਿ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਸਿੱਧਾ ਅਧੀਨ ਹੈ ਤੇ ਇਹ ਵੀ ਕਰ ਅਤੇ ਆਬਕਾਰੀ ਮਹਿਕਮੇਂ ਵਾਂਗ ਉਨ੍ਹਾਂ ਦੀ ਵੱਡੀ ਅਣਗਹਿਲੀ ਦਾ ਸ਼ਿਕਾਰ ਹੈ। ਪੰਜਾਬ ਵਿੱਚ ਮਾਫੀਆ ਰਾਜ ਦਾ ਅੰਤ ਕਦੋਂ ਹੋਵੇਗਾ, ਇਹ ਤਾਂ ਵਾਹਿਗੁਰੂ ਹੀ ਜਾਣਦੇ ਹਨ, ਉਂਜ ਪਾਪਾਂ ਦਾ ਘੜਾ ਹੁਣ ਨੱਕੋ-ਨੱਕ ਭਰ ਚੁੱਕਾ ਹੈ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…