ਪੈਟਰੋਲ ਪੰਪਾਂ ਦੀ ਡੀਲਰਸ਼ਿਪ ਦਾ ਝਾਂਸਾ ਦੇ ਕੇ ਠੱਗੀਆਂ ਵਾਲੇ ਗਰੋਹ ਦਾ ਪਰਦਾਫਾਸ਼, 5 ਗ੍ਰਿਫ਼ਤਾਰ

ਆਨਲਾਈਨ ਇਸ਼ਤਿਹਾਰ ਦੇ ਕੇ ਵੱਖਵੱਖ ਸੂਬਿਆਂ ਵਿੱਚ ਪੈਟਰੋਲ ਪੰਪ ਡੀਲਰਸ਼ਿਪ ਲਈ ਕਰਦੇ ਸੀ ਧੋੜਾਧੜੀ

ਲੋਕਾਂ ਦਾ ਭਰੋਸਾ ਜਿੱਤਣ ਲਈ ਜਾਰੀ ਕਰਦੇ ਸੀ ਜਾਅਲੀ ਮਨਜ਼ੂਰੀ ਪੱਤਰ ਤੇ ਜਾਅਲੀ ਲਾਇਸੈਂਸ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਮਈ:
ਜ਼ਿਲ੍ਹਾ ਪੁਲੀਸ ਦੇ ਸਾਈਬਰ ਸੈੱਲ ਨੇ ਜਾਅਲੀ ਸਰਕਾਰੀ ਅਫ਼ਸਰ ਬਣ ਕੇ ਪੈਟਰੋਲ ਪੰਪਾਂ ਦੀ ਡੀਲਰਸ਼ਿਪ ਦਿਵਾਉਣ ਦਾ ਝਾਂਸਾ ਦੇ ਕੇ ਕਾਰੋਬਾਰੀ ਲੋਕਾਂ ਨਾਲ ਸ਼ਰ੍ਹੇਆਮ ਠੱਗੀਆਂ ਕਾਰਨ ਵਾਲੇ ਅੰਤਰਰਾਜੀ ਗਰੋਹ ਦਾ ਪਰਦਾਫਾਸ ਕਰਦਿਆਂ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਗੱਲ ਦਾ ਖੁਲਾਸਾ ਅੱਜ ਮੁਹਾਲੀ ਦੇ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ ਅਤੇ ਡੀਐਸਪੀ (ਸਾਈਬਰ) ਰੁਪਿੰਦਰਦੀਪ ਕੌਰ ਸੋਹੀ ਨੇ ਦੱਸਿਆ ਕਿ ਇਹ ਗਰੋਹ ਪੈਟਰੋਲ ਪੰਪ ਡੀਲਰਸ਼ਿਪ ਦੀ ਆੜ ਵਿੱਚ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਸੀ। ਗਰੋਹ ਦੇ ਮੈਂਬਰ ਨੇ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਗੁਜਰਾਤ, ਉੜੀਸਾ, ਯੂਪੀ, ਬੰਗਲੌਰ, ਮਨੀਪੁਰ, ਅਸਾਮ ਅਤੇ ਕਰਨਾਟਕ ਆਦਿ ਸੂਬਿਆਂ ਵਿੱਚ ਆਨਲਾਈਨ ਇਸ਼ਤਿਹਾਰ ਜਾਰੀ ਕਰ ਕੇ ਪੈਟਰੋਲ ਪੰਪ ਡੀਲਰਸ਼ਿਪ ਦੇਣ ਲਈ ਵੱਖ-ਵੱਖ ਬੈਂਕ ਖਾਤਿਆਂ ਵਿੱਚ ਪੈਸੇ ਜਮ੍ਹਾ ਕਰਵਾ ਕੇ ਧੋਖਾਧੜੀ ਕਰਦੇ ਸੀ। ਇਹੀ ਨਹੀਂ ਮੁਲਜ਼ਮ, ਬੜੀ ਹੁਸ਼ਿਆਰੀ ਨਾਲ ਲੋਕਾਂ ਦਾ ਭਰੋਸਾ ਜਿੱਤਣ ਲਈ ਉਨ੍ਹਾਂ ਨੂੰ ਜਾਅਲੀ ਮਨਜ਼ੂਰੀ ਪੱਤਰ ਅਤੇ ਜਾਅਲੀ ਲਾਇਸੈਂਸ ਵੀ ਜਾਰੀ ਕਰਦੇ ਸੀ।
ਐਸਪੀ ਹਾਂਸ ਨੇ ਦੱਸਿਆ ਕਿ ਜਦੋਂ ਸਬੰਧਤ ਵਿਅਕਤੀ ਡੀਲਰਸ਼ਿਪ ਬਾਰੇ ਪੁੱਛਗਿੱਛ ਕਰਦਾ ਸੀ ਉਹ (ਮੁਲਜ਼ਮ) ਆਪਣੇ ਫੋਨ ਬੰਦ ਕਰ ਲੈਂਦੇ ਸਨ। ਹੁਣ ਤੱਕ ਉਹ ਪੀੜਤ ਲੋਕਾਂ ਨਾਲ 1 ਕਰੋੜ ਰੁਪਏ ਤੋਂ ਵੱਧ ਠੱਗੀ ਮਾਰ ਚੁੱਕੇ ਹਨ। ਗਵਾਲੀਅਰ, ਹਮੀਰਪੁਰ (ਯੂਪੀ) ਵਿੱਚ ਛਾਪੇਮਾਰੀ ਕਰ ਕੇ ਗਰੋਹ ਦੇ ਚਾਰ ਮੈਂਬਰਾਂ ਮਹਿੰਦਰ ਸਿੰਘ, ਬ੍ਰਹਮ ਪ੍ਰਕਾਸ਼ ਸ਼ੁਕਲਾ, ਜਤਿੰਦਰ ਸਿੰਘ ਅਤੇ ਆਕਾਸ਼ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਦੋਂਕਿ ਇਕ ਹੋਰ ਮੈਂਬਰ ਆਸਿਫ਼ ਖਾਨ ਨੂੰ ਖਰੜ ਤੋਂ ਕਾਬੂ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ 4 ਲੱਖ 90 ਹਜ਼ਾਰ ਰੁਪਏ ਦੀ ਨਗਦੀ, ਇਕ ਸਕਾਰਪੀਓ ਗੱਡੀ, 2 ਲੈਪਟਾਪ, ਠੱਗੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੇ ਗਏ ਮੋਬਾਈਲ ਫੋਨ ਅਤੇ ਸਿਮ ਕਾਰਡ ਬਰਾਮਦ ਕੀਤੇ ਗਏ ਹਨ।
ਡੀਐਸਪੀ (ਸਾਈਬਰ) ਰੁਪਿੰਦਰਦੀਪ ਕੌਰ ਸੋਹੀ ਨੇ ਦੱਸਿਆ ਕਿ ਮੁਲਜ਼ਮਾਂ ਦੇ ਵੱਖ-ਵੱਖ ਬੈਂਕਾਂ ਵਿੱਚ 21 ਖਾਤੇ ਚਲਦੇ ਹਨ। ਇਨ੍ਹਾਂ ਖਾਤਿਆਂ ਵਿੱਚ ਜਮ੍ਹਾ 2.50 ਲੱਖ ਰੁਪਏ ਸੀਲ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਥਾਣਾ ਮਟੌਰ ਵਿੱਚ ਧਾਰਾ 406, 419, 420, 465, 467, 471 ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਮੁਲਜ਼ਮਾਂ ਦੇ ਖ਼ਿਲਾਫ਼ 200 ਤੋਂ ਵੱਧ ਸ਼ਿਕਾਇਤਾਂ ਮਿਲ ਚੁੱਕੀਆਂ ਹਨ ਅਤੇ ਹੁਣ ਮੁਲਜ਼ਮਾਂ ਦੇ ਫੜੇ ਜਾਣ ਤੋਂ ਬਾਅਦ ਹੋਰ ਵੀ ਸ਼ਿਕਾਇਤਾਂ ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ 26 ਮਈ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…