ਹਾਕੀ ਜਗਤ ਦੇ ਮਹਾਨ ਖਿਡਾਰੀ ‘ਬਲਬੀਰ ਸਿੰਘ ਸੀਨੀਅਰ’ ਨਹੀਂ ਰਹੇ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਈ:
ਭਾਰਤੀ ਹਾਕੀ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਅੱਜ ਸਾਡੇ ਵਿੱਚ ਨਹੀਂ ਰਹੇ। ਕਰੀਬ 97 ਵਰ੍ਹਿਆਂ ਦੀ ਉਮਰੇ ਬਲਬੀਰ ਸਿੰਘ ਨੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਸਵੇਰੇ ਕਰੀਬ ਸਵਾ 6 ਵਜੇ ਆਖਰੀ ਸਾਹ ਲਿਆ। ਜਿੱਥੇ ਉਹ ਬੀਤੀ 8 ਮਈ ਤੋਂ ਵੈਂਟੀਲੇਟਰ ਉੱਤੇ ਸਨ। ਜਾਣਕਾਰੀ ਅਨੁਸਾਰ ਬਲਬੀਰ ਸਿੰਘ ਸੀਨੀਅਰ ਤੋਂ ਵੱਡਾ ਹੁਣ ਤੱਕ ਕੋਈ ਹਾਕੀ ਖਿਡਾਰੀ ਪੈਦਾ ਨਹੀਂ ਹੋਇਆ। ਬਲਬੀਰ ਸਿੰਘ ਸੀਨੀਅਰ ਸੈਂਟਰ ਫਾਰਵਰਡ ਸਨ ਅਤੇ ਉਹਨਾਂ ਨੇ ਜਿੱਥੇ ਖਿਡਾਰੀ, ਉਪ ਕਪਤਾਨ ਅਤੇ ਕਪਤਾਨ ਰਹਿੰਦਿਆਂ ਭਾਰਤੀ ਹਾਕੀ ਟੀਮ ਨੂੰ ਓਲੰਪਿਕ ਖੇਡਾਂ ਵਿੱਚ ਤਿੰਨ ਸੋਨ ਤਮਗੇ ਜਿੱਤੇ, ੳੱੁਥੇ ਬਤੌਰ ਕੋਚ/ਮੈਨੇਜਰ ਭਾਰਤ ਨੂੰ 1975 ਵਿੱਚ ਇਕਲੌਤਾ ਵਿਸ਼ਵ ਕੱਪ ਵੀ ਜਿਤਾਇਆ ਸੀ।
ਬਲਬੀਰ ਸਿੰਘ ਸੀਨੀਅਰ ਦਾ ਜਨਮ 31 ਦਸੰਬਰ 1923 ਨੂੰ ਅਜ਼ਾਦੀ ਘੁਲਾਟੀਏ ਗਿਆਨੀ ਦਲੀਪ ਸਿੰਘ ਦੇ ਘਰ ਮਾਤਾ ਕਰਮ ਕੌਰ ਦੀ ਕੁੱਖੋੱ ਉਨ੍ਹਾਂ ਦੇ ਨਾਨਕੇ ਪਿੰਡ ਹਰੀਪੁਰ ਖਾਲਸਾ, ਤਹਿਸੀਲ ਫਿਲੌਰ ਵਿੱਚ ਹੋਇਆ ਸੀ। ਹਾਲਾਂਕਿ ਕਾਗਜ਼ਾਂ ਵਿੱਚ ਬਲਬੀਰ ਸਿੰਘ ਦੀ ਜਨਮ ਤਰੀਕ 10 ਅਕਤੂਬਰ 1924 ਸੀ। ਦੇਵ ਸਮਾਜ ਸਕੂਲ ਤੋਂ ਮੁੱਢਲੀ ਸਿੱਖਿਆ ਤੋਂ ਬਾਅਦ ਕਾਲਜ ਦੀ ਇਕ ਸਾਲ ਦੀ ਪੜ੍ਹਾਈ ਡੀਐਮ ਕਾਲਜ ਮੋਗਾ ਤੋਂ ਕੀਤੀ, ਫਿਰ ਸਿੱਖ ਨੈਸ਼ਨਲ ਕਾਲਜ ਲਾਹੌਰ ਦਾਖਲਾ ਲੈ ਲਿਆ, ਜਿੱਥੋੱ ਐਫ.ਏ. ਕਰਨ ਤੋਂ ਬਾਅਦ ਹਾਕੀ ਖੇਡ ਕਰਕੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਸੱਦੇ ਆਉਣ ਲੱਗੇ।
ਖਾਲਸਾ ਕਾਲਜ ਵੱਲੋਂ ਖੇਡਦਿਆਂ ਭਾਵੇਂ ਉਹਨਾਂ ਨੂੰ ਕਪਤਾਨੀ ਕਰਨ ਦਾ ਮੌਕਾ ਨਹੀਂ ਮਿਲਿਆ ਪਰ ਅਗਾਂਹ ਜਾ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟੀਮ ਤੋੱ ਲੈ ਕੇ ਭਾਰਤੀ ਟੀਮ ਦੀ ਕਪਤਾਨੀ ਕਰਨ ਦਾ ਮਾਣ ਜ਼ਰੂਰ ਮਿਲਿਆ। ਪੰਜਾਬ ਦੀ ਕਪਤਾਨੀ ਕਰਦਿਆਂ ਉਨ੍ਹਾਂ ਪੰਜਾਬ ਦੀ ਨੈਸ਼ਨਲ ਚੈਂਪੀਅਨਸ਼ਿਪ ਜਿੱਤਣ ਦੀ ਹੈਟ੍ਰਿਕ ਪੂਰੀ ਕੀਤੀ। ਪੰਜਾਬ ਨੂੰ ਉਨ੍ਹਾਂ ਛੇ ਵਾਰ ਕੌਮੀ ਚੈਂਪੀਅਨ ਬਣਾਇਆ। ਚਾਰ ਵਾਰ ਪੰਜਾਬ ਪੁਲੀਸ ਨੂੰ ਆਲ ਇੰਡੀਆ ਪੁਲੀਸ ਖੇਡਾਂ ਦੀ ਚੈਂਪੀਅਨ ਬਣਾਇਆ। ਦੇਸ਼ ਦੀ ਵੰਡ ਤੋੱ ਪਹਿਲਾਂ ਬਲਬੀਰ ਸਿੰਘ ਸੀਨੀਅਰ ਨੇ 1947 ਵਿੱਚ ਸਾਂਝੇ ਪੰਜਾਬ ਦੀ ਟੀਮ ਵੱਲੋਂ ਖੇਡਦਿਆਂ ਕੌਮੀ ਖਿਤਾਬ ਵੀ ਜਿੱਤਿਆ ਅਤੇ ਅੱਗੇ ਜਾ ਕੇ ਨਵੇੱ ਪੰਜਾਬ ਟੀਮ ਦੀ ਕਪਤਾਨੀ ਵੀ ਕੀਤੀ।
ਬਲਬੀਰ ਸਿੰਘ ਸੀਨੀਅਰ ਨੇ ਕੁੱਲ 36 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਤਗਮੇ ਜਿੱਤੇ। ਲੰਡਨ ਓਲੰਪਿਕ ਖੇਡਾਂ ਵਿੱਚ ਉਨ੍ਹਾਂ ਨੂੰ ਦੁਨੀਆਂ ਦੇ 16 ਆਈਕੌਨਿਕ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। 1962 ਤੋਂ ਲੈ ਕੇ 1982 ਤੱਕ ਉਹ ਭਾਰਤ ਦੀਆਂ ਵੱਖ-ਵੱਖ ਟੀਮਾਂ ਦੇ ਬਤੌਰ ਕੋਚ ਜਾਂ ਮੈਨੇਜਰ ਰਹੇ। 1975 ਵਿਸ਼ਵ ਕੱਪ ਹਾਕੀ ਦੀ ਚੈਂਪੀਅਨ ਭਾਰਤੀ ਟੀਮ ਦੇ ਵੀ ਉਹ ਮੈਨੇਜਰ ਸਨ।
1941 ਤੋਂ 1961 ਤੱਕ ਲਗਾਤਾਰ ਉਹ ਪੰਜਾਬ ਪੁਲੀਸ ਹਾਕੀ ਟੀਮ ਦੇ ਕਪਤਾਨ ਰਹੇ ਤੇ ਪੰਜਾਬ ਸਰਕਾਰ ਦੇ ਵੱਖ ਵੱਖ ਅਹੁਦਿਆਂ ਤੇ ਵੀ ਬਿਰਾਜਮਾਨ ਰਹੇ। ਪੰਜਾਬ ਸਰਕਾਰ ਨੇ ਪਿਛਲੇ ਸਾਲ ਉਨ੍ਹਾਂ ਨੂੰ ਸਟੇਟ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਸੀ। ਹਾਕੀ ਸਿਤਾਰੇ ਨੂੰ 95 ਸਾਲ ਦੀ ਉਮਰ ਵਿੱਚ ਸਟੇਟ ਐਵਾਰਡ ਮਿਲਿਆ। ਬਲਬੀਰ ਸੀਨੀਅਰ ਨੂੰ ਭਾਰਤ ਰਤਨ ਦਿਵਾਉਣ ਲਈ ਕਾਫੀ ਮੁਹਿੰਮਾਂ ਵੀ ਚੱਲੀਆਂ ਪਰ ਭਾਰਤ ਰਤਨ ਤੋੱ ਸੱਖਣੇ ਹੀ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਉਹਨਾਂ ਦਾ ਅੱਜ ਚੰਡੀਗੜ੍ਹ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਕੀਤਾ ਗਿਆ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…