ਕਰੋਨਾ ਮੁਕਤ ਮੁਹਾਲੀ ਜ਼ਿਲ੍ਹੇ ਵਿੱਚ ਜਣੇਪੇ ਤੋਂ ਬਾਅਦ ਅੌਰਤ ਦੀ ਰਿਪੋਰਟ ਪਾਜ਼ੇਟਿਵ, ਪੀਜੀਆਈ ਰੈਫ਼ਰ

ਪੀੜਤ ਅੌਰਤ ਦੇ ਮੁਹੱਲੇ ਨੂੰ ਕੀਤਾ ਸੀਲ, ਮਕਾਨ ਮਾਲਕ ਸਣੇ 17 ਜਣਿਆਂ ਨੂੰ ਕੀਤਾ ਕੁਆਰੰਟੀਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਈ:
ਇੱਥੋਂ ਦੇ ਨੇੜਲੇ ਕਸਬਾ ਨਵਾਂ ਗਰਾਓਂ ਵਿੱਚ ਅੱਜ ਕਰੋਨਾ ਤੋਂ ਪੀੜਤ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਬੀਤੀ 21 ਮਈ ਨੂੰ ਸਾਰੇ ਪੀੜਤ ਮਰੀਜ਼ ਠੀਕ ਹੋਣ ਤੋਂ ਬਾਅਦ ਆਪੋ ਆਪਣੇ ਘਰਾਂ ਵਿੱਚ ਪਰਤ ਆਏ ਸੀ ਅਤੇ ਮੁਹਾਲੀ ਜ਼ਿਲ੍ਹੇ ਨੂੰ ਕਰੋਨਾ ਮੁਕਤ ਐਲਾਨਿਆ ਗਿਆ ਸੀ। ਉਂਜ ਵੀ ਪਿਛਲੇ ਕਈ ਦਿਨਾਂ ਤੋਂ ਕਰੋਨਾ ਪੀੜਤ ਕੋਈ ਵੀ ਨਵਾਂ ਕੇਸ ਸਾਹਮਣੇ ਨਹੀਂ ਆਇਆ ਸੀ ਲੇਕਿਨ ਅੱਜ ਨਵਾਂ ਗਰਾਓਂ ਦੀ ਵਸਨੀਕ ਉਰਮਲਾ ਦੇਵੀ (29) ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਹਰਕਤ ਵਿੱਚ ਆ ਗਿਆ ਹੈ।
ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਉਰਮਲਾ ਦੇਵੀ ਵਾਸੀ ਆਦਰਸ਼ ਨਗਰ (ਨਵਾਂ ਗਰਾਓਂ) ਨੇ ਬੀਤੇ ਦਿਨੀਂ ਸੈਕਟਰ-16 ਦੇ ਹਸਪਤਾਲ ਵਿੱਚ ਇਕ ਬੱਚੀ ਨੂੰ ਜਨਮ ਦਿੱਤਾ ਸੀ ਅਤੇ ਅੱਜ ਉਸ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਉਣ ਕਾਰਨ ਮੁਹਾਲੀ ਜ਼ਿਲ੍ਹੇ ਵਿੱਚ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 106 ਹੋ ਗਈ ਹੈ। ਜਿਨ੍ਹਾਂ ’ਚੋਂ ਤਿੰਨ ਮਰੀਜ਼ਾਂ ਵਿਜੇ ਕੁਮਾਰ ਜ਼ੀਰਕਪੁਰ, ਓਮ ਪ੍ਰਕਾਸ਼ ਨਵਾਂ ਗਰਾਓਂ ਅਤੇ ਰਾਜ ਕੁਮਾਰੀ ਖਰੜ ਦੀ ਮੌਤ ਹੋ ਚੁੱਕੀ ਹੈ ਅਤੇ 102 ਮਰੀਜ਼ ਕਰੋਨਾ ਨੂੰ ਮਾਤ ਦੇਣ ਵਿੱਚ ਸਫਲ ਰਹੇ ਹਨ। ਇਸ ਸਮੇਂ ਮੁਹਾਲੀ ਵਿੱਚ ਸਿਰਫ਼ ਇਕ ਕੇਸ ਐਕਟਿਵ ਹੈ। ਪੀੜਤ ਅੌਰਤ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ ਹੈ ਜਦੋਂਕਿ ਉਸ ਦੇ ਪਤੀ ਪਰਦੀਪ ਕੁਮਾਰ, ਨਵਜੰਮੀ ਬੱਚੀ ਇਕ ਹੋਰ ਜਾਣਕਾਰ ਨੂੰ ਜੀਐਮਐਚਸੀ ਸੈਕਟਰ-16 ਦੇ ਆਈਸੋਲੇਸ਼ਲ ਵਾਰਡ ਵਿੱਚ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਹਾਲਾਂਕਿ ਨਵਜੰਮੀ ਬੱਚੀ ਪੂਰੀ ਤਰ੍ਹਾਂ ਤੰਦਰੁਸਤ ਹੈ ਪ੍ਰੰਤੂ ਸਾਵਧਾਨੀ ਵਜੋਂ ਪਿਉ-ਧੀ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਪਰਦੀਪ ਰਾਮ ਦਰਬਾਰ ਸਥਿਤ ਕ੍ਰਿਸ਼ਨਾ ਹਾਂਡਾ ਵਿੱਚ ਮਕੈਨਿਕ ਦਾ ਕੰਮ ਕਰਦਾ ਹੈ।
ਉਧਰ, ਜਣੇਪੇ ਤੋਂ ਬਾਅਦ ਅੌਰਤ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਮੁੱਢਲਾ ਸਿਹਤ ਕੇਂਦਰ ਘੜੂੰਆਂ ਦੀ ਐਸਐਮਓ ਡਾ. ਕੁਲਜੀਤ ਕੌਰ ਦੀ ਅਗਵਾਈ ਵਾਲੀ ਮੈਡੀਕਲ ਟੀਮ ਨੇ ਸੋਮਵਾਰ ਨੂੰ ਨਵਾਂ ਗਾਉਂ ਦਾ ਦੌਰਾ ਕਰਕੇ ਸਥਿਤ ਦਾ ਜਾਇਜ਼ਾ ਲਿਆ ਅਤੇ ਆਦਰਸ਼ ਨਗਰ ਦੇ ਜਿਸ ਮੁਹੱਲੇ ਵਿੱਚ ਉਰਮਲਾ ਦੇਵੀ ਰਹਿੰਦੀ ਹੈ। ਉਸ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੀੜਤ ਅੌਰਤ ਉਰਮਲਾ ਦੇਵੀ ਦੇ ਮਕਾਨ ਮਾਲਕ ਅਤੇ ਉਸ ਦੇ ਟੱਬਰ, ਸਾਰੇ ਕਿਰਾਏਦਾਰਾਂ ਸਮੇਤ ਕਰੀਬ ਡੇਢ ਦਰਜਨ ਤੋਂ ਵੱਧ ਵਿਅਕਤੀਆਂ ਨੂੰ 14 ਦਿਨਾਂ ਲਈ ਕੁਆਰੰਟੀਨ ਕੀਤਾ ਗਿਆ ਹੈ। ਉਨ੍ਹਾਂ ਅੱਜ ਸਿਹਤ ਵਿਭਾਗ ਦੀ ਟੀਮ ਨੇ ਆਦਰਸ਼ ਨਗਰ ਵਿੱਚ 132 ਘਰਾਂ ਦਾ ਸਰਵੇ ਕਰ ਕੇ 573 ਵਿਅਕਤੀਆਂ ਦੀ ਜਾਂਚ ਕੀਤੀ ਪ੍ਰੰਤੂ ਕਿਸੇ ਵੀ ਵਿਅਕਤੀ ’ਚ ਕਰੋਨਾ ਦੇ ਲੱਛਣ ਨਜ਼ਰ ਨਹੀਂ ਆਏ।
ਐਸਐਮਓ ਨੇ ਦੱਸਿਆ ਕਿ ਸਿਹਤ ਵਿਭਾਗ ਦਾ ਅਮਲਾ ਫੈਲਾ ਅੱਜ ਮੁਹਾਲੀ ਹਵਾਈ ਅੱਡੇ ’ਤੇ ਉਡਾਣਾਂ ਸ਼ੁਰੂ ਹੋਣ ਕਾਰਨ ਸਾਰੇ ਮੁਸਾਫ਼ਿਰਾਂ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ। ਇਸ ਲਈ ਨਵਾਂ ਗਰਾਓਂ ’ਚੋਂ ਅੱਜ ਕੋਈ ਸੈਂਪਲ ਨਹੀਂ ਲਿਆ ਜਾ ਸਕਿਆ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਜਾਂ ਬੁੱਧਵਾਰ ਨੂੰ ਪ੍ਰਭਾਵਿਤ ਇਲਾਕੇ ਵਿੱਚ ਦੁਬਾਰਾ ਘਰਾਂ ਦਾ ਸਰਵੇ ਕਰ ਕੇ ਲੋਕਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਸ਼ੱਕੀ ਵਿਅਕਤੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾਣਗੇ। ਹੁਣ ਤੱਕ ਇਕੱਲੇ ਆਦਰਸ਼ ਨਗਰ ’ਚੋਂ ਕਈ ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…