ਡੀਸੀ ਵੱਲੋਂ ਫੋਰਟਿਸ ਹਸਪਤਾਲ ਦੀ ਅਚਨਚੇਤ ਚੈਕਿੰਗ, ਬਿਨਾਂ ਮਾਸਕ ਤੋਂ ਲੋਕਾਂ ਦੇ ਚਲਾਨ ਕੀਤੇ

ਹਸਪਤਾਲ ਪ੍ਰਸ਼ਾਸਨ ਨੂੰ ਟੋਕਨ ਸਿਸਟਮ ਰਾਹੀਂ ਮਰੀਜ਼ਾਂ ਦੀ ਆਮਦ ਨੂੰ ਨਿਯਮਤ ਕਰਨ ਦੇ ਨਿਰਦੇਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੂਨ:
ਓਪੀਡੀ ਵਿੱਚ ਮਰੀਜ਼ਾਂ ਦੀ ਜ਼ਿਆਦਾ ਆਮਦ ਦੇ ਮੱਦੇਨਜ਼ਰ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਅਧਿਕਾਰੀਆਂ ਦੀ ਸਾਂਝੀ ਟੀਮ ਵੱਲੋਂ ਇੱਥੋਂ ਦੇ ਫੋਰਟਿਸ ਹਸਪਤਾਲ ਦਾ ਦੌਰਾ ਕਰਕੇ ਅਚਨਚੇਤ ਚੈਕਿੰਗ ਕੀਤੀ। ਓਪੀਡੀ ਵਿੱਚ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੂੰ ਇੰਤਜ਼ਾਰ ਕਰਦਿਆਂ ਦੇਖ ਕੇ ਡੀਸੀ ਨੇ ਤੁਰੰਤ ਹਸਪਤਾਲ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਉਹ ਮਰੀਜ਼ਾਂ ਦੀ ਆਮਦ ਨੂੰ ਕਾਬੂ ਕਰਨ ਅਤੇ ਟੋਕਨ ਪ੍ਰਣਾਲੀ ਰਾਹੀਂ ਇਸ ਨੂੰ ਨਿਯਮਤ ਕਰਨ ਤਾਂ ਜੋ ਸੀਮਤ ਗਿਣਤੀ ਵਿੱਚ ਲੋਕ ਇਲਾਜ ਲਈ ਆਊਟਪੇਸ਼ੈਂਟ ਵਿਭਾਗ ਵਿੱਚ ਦਾਖ਼ਲ ਹੋ ਸਕਣ। ਉਨ੍ਹਾਂ ਕਿਹਾ ਕਿ ‘ਐਮਰਜੈਂਸੀ ਨੂੰ ਛੱਡ ਕੇ ਬਾਕੀ ਸਾਰੇ ਮਰੀਜ਼ਾਂ ਲਈ ਟੋਕਨ ਪ੍ਰਣਾਲੀ ਸਿਸਟਮ ਲਾਗੂ ਕੀਤਾ ਜਾਵੇ।
ਡੀਸੀ ਨੇ ਹਸਪਤਾਲ ਪ੍ਰਸ਼ਾਸਨ ਨੂੰ ਅਗਾਊਂ ਸਮਾਂ ਲੈਣ ਦੀ ਪ੍ਰਣਾਲੀ ਅਪਣਾਉਣ ਦਾ ਸੁਝਾਅ ਵੀ ਦਿੱਤਾ ਤਾਂ ਜੋ ਇਲਾਜ ਲਈ ਲੋਕ ਪਹਿਲਾਂ ਤੋਂ ਤੈਅ ਸਮੇਂ ਦੌਰਾਨ ਹੀ ਹਸਪਤਾਲ ਵਿੱਚ ਆਉਣ। ਉਨ੍ਹਾਂ ਕਿਹਾ ਕਿ ਗੈਰ-ਐਮਰਜੈਂਸੀ ਸਥਿਤੀਆਂ ਵਿੱਚ ਮਰੀਜ਼ ਦੇ ਨਾਲ ਸਿਰਫ਼ ਇਕ ਅਟੈਂਡੈਂਟ ਹੀ ਹੋਵੇ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਦੇ ਮੱਦੇਨਜ਼ਰ ਸਿਹਤ ਸਬੰਧੀ ਪ੍ਰੋਟੋਕਾਲ ਦੀ ਪਾਲਣਾ ਕਰਨ ਵਿੱਚ ਕੋਈ ਕਮੀ, ਖ਼ਾਸਕਰ ਮਾਸਕ ਨਾ ਪਹਿਨਣ ਜਾਂ ਅਜਿਹੇ ਅਦਾਰਿਆਂ ਵਿੱਚ ਫਿਜ਼ੀਕਲ ਦੂਰੀਆਂ ਨੂੰ ਬਰਕਰਾਰ ਨਾ ਰੱਖਣਾ ਖ਼ਤਰਨਾਕ ਹੋ ਸਕਦਾ ਹੈ।
ਸ੍ਰੀ ਦਿਆਲਨ ਨੇ ਕਿਹਾ ਕਿ ਮਿਸ਼ਨ ਫਤਿਹ ਤਹਿਤ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਰਧਾਰਿਤ ਸੁਰੱਖਿਆ ਪ੍ਰੋਟੋਕਾਲ ਦੀ ਪੂਰੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਚਨਚੇਤ ਚੈਕਿੰਗ ਮੁਹਿੰਮ ਜਾਰੀ ਰੱਖੇਗਾ। ਹਸਪਤਾਲ ਵਿੱਚ ਦਾਖ਼ਲ ਹੋਣ ਸਮੇਂ ਥਰਮਲ ਸਕਰੀਨਿੰਗ ਕਰਕੇ ਸਮੁੱਚੀ ਸਾਫ਼-ਸਫ਼ਾਈ ਅਤੇ ਸੈਨੇਟੇਸ਼ਨ ਨੂੰ ਸੰਤੁਸ਼ਟੀਜਨਕ ਪਾਇਆ ਗਿਆ। ਹਾਲਾਂਕਿ ਕੁਝ ਲੋਕਾਂ ਨੂੰ ਬਿਨਾਂ ਮਾਸਕ ਦੇਖਿਆ ਅਤੇ ਉਨ੍ਹਾਂ ਦਾ ਮੌਕੇ ’ਤੇ ਚਲਾਨ ਕੀਤਾ ਗਿਆ। ਪਾਰਕਿੰਗ ਨੂੰ ਬੇਤਰਤੀਬਾ ਪਾਇਆ ਗਿਆ। ਜਿਸ ਨੂੰ ਸਹੀ ਤਰ੍ਹਾਂ ਸੰਭਾਲਣ ਦਾ ਸੁਝਾਅ ਦਿੱਤਾ ਗਿਆ। ਇਸ ਮੌਕੇ ਮੌਜੂਦ ਪੁਲੀਸ ਅਧਿਕਾਰੀ ਨੇ ਪਾਰਕਿੰਗ ਦੇ ਠੇਕੇਦਾਰ ਨਾਲ ਗੱਲਬਾਤ ਕੀਤੀ ਅਤੇ ਮਰੀਜ਼ ਦੇ ਡਰਾਪ-ਆਫ਼ ਅਤੇ ਪਿਕ-ਅਪ ਨੂੰ ਨਿਯਮਤ ਕਰਨ ਦੇ ਨਾਲ-ਨਾਲ ਢੁਕਵੀਂ ਪਾਰਕਿੰਗ ਨੂੰ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਹਸਪਤਾਲ ਦੇ ਬਾਹਰ ਟਰੈਫ਼ਿਕ ਜਾਮ ਤੋਂ ਬਚਿਆ ਜਾ ਸਕੇ।
ਇਸ ਤੋਂ ਪਹਿਲਾਂ ਦਿਨ ਵਿੱਚ ਏਡੀਸੀ ਆਸ਼ਿਕਾ ਜੈਨ ਅਤੇ ਸਿਖਲਾਈ ਅਧੀਨ ਅਧਿਕਾਰੀ ਮਨੀਸ਼ਾ ਰਾਣਾ, ਸਹਾਇਕ ਕਮਿਸ਼ਨਰ (ਜਨਰਲ) ਯਸ਼ਪਾਲ ਸ਼ਰਮਾ, ਐਸਡੀਐਮ ਜਗਦੀਪ ਸਹਿਗਲ ਅਤੇ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਦੀ ਅਗਵਾਈ ਵਾਲੀਆਂ ਪੰਜ ਟੀਮਾਂ ਨੇ ਮੈਕਸ ਹਸਪਤਾਲ, ਮਾਰਕੀਟ ਫੇਜ਼-4 ਅਤੇ ਸੇਵਾ ਕੇਂਦਰਾਂ ਸਮੇਤ ਵੱਖ-ਵੱਖ ਥਾਵਾਂ ’ਤੇ ਚੈਕਿੰਗ ਕੀਤੀ ਅਤੇ ਲੋਕਾਂ ਨੂੰ ਸਾਰੀਆਂ ਜਨਤਕ ਥਾਵਾਂ ’ਤੇ ਫਿਜ਼ੀਕਲ ਦੂਰੀ ਬਣਾਈ ਰੱਖਣ ਲਈ ਪ੍ਰੇਰਿਆ। ਇਨ੍ਹਾਂ ਟੀਮਾਂ ਨੇ ਮਾਸਕ ਨਾ ਪਾਉਣ ਵਾਲਿਆਂ ਦੇ ਚਲਾਨ ਵੀ ਕੀਤੇ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …