nabaz-e-punjab.com

ਹੈਰੋਇਨ ਤਸਕਰੀ: ਮੁਲਜ਼ਮ ਰਣਜੀਤ ਚੀਤਾ ਨੂੰ ਨਾਭਾ ਜੇਲ੍ਹ ਭੇਜਿਆ

ਰਣਜੀਤ ਚੀਤਾ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ 10 ਤੋਂ ਵੱਧ ਅਪਰਾਧਿਕ ਮਾਮਲੇ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੂਨ:
ਨੈਸ਼ਨਲ ਜਾਂਚ ਏਜੰਸੀ (ਐਨਆਈਏ) ਵੱਲੋਂ ਹੈਰੋਇਨ ਤਸਕਰੀ ਮਾਮਲੇ ਵਿੱਚ ਗ੍ਰਿਫ਼ਤਾਰ ਰਣਜੀਤ ਸਿੰਘ ਚੀਤਾ ਨੂੰ ਪਹਿਲਾਂ ਦਿੱਤਾ ਅੱਠ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਦੁਬਾਰਾ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਐਨਆਈਏ ਦੇ ਵਿਸ਼ੇਸ਼ ਜੱਜ ਕਰੁਨੇਸ਼ ਕੁਮਾਰ ਨੇ ਸਰਕਾਰੀ ਵਕੀਲ ਅਤੇ ਬਚਾਅ ਪੱਖ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੁਲਜ਼ਮ ਚੀਤਾ ਨੂੰ ਨਿਆਇਕ ਹਿਰਾਸਤ ਅਧੀਨ ਨਾਭਾ ਜੇਲ੍ਹ ਭੇਜ ਦਿੱਤਾ। ਇਸ ਮਾਮਲੇ ਵਿੱਚ ਨਾਮਜ਼ਦ ਰਣਜੀਤ ਚੀਤਾ ਦਾ ਭਰਾ ਗਗਨਦੀਪ ਉਰਫ਼ ਭੋਲਾ ਵੀ ਜੇਲ੍ਹ ਵਿੱਚ ਬੰਦ ਹੈ।
ਐਨਆਈਏ ਦੀ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਦੇ ਸਰਹੱਦੋਂ ਪਾਰ ਹੁੰਦੀ ਹੈਰੋਇਨ ਤਸਕਰੀ ਮਾਮਲੇ ਨਾਲ ਵੀ ਤਾਰ ਜੁੜੇ ਹੋਏ ਹਨ। ਇਸ ਤੋਂ ਇਲਾਵਾ ਉਸ ਦੇ ਪਾਕਿ ਆਧਾਰਿਤ ਹਿਜ਼ਬੁਲ ਮੁਜ਼ਾਹਦੀਨ ਨਾਰਕੋ ਅਤਿਵਾਦ ਨੈੱਟਵਰਕ ਨਾਲ ਗੂੜੇ੍ਹ ਸਬੰਧ ਹੋਣ ਬਾਰੇ ਪਤਾ ਲੱਗਾ ਹੈ। ਪੰਜਾਬ ਪੁਲੀਸ ਅਤੇ ਹਰਿਆਣਾ ਪੁਲੀਸ ਨੇ ਸਾਂਝੇ ਅਪਰੇਸ਼ਨ ਤਹਿਤ ਮੁਲਜ਼ਮ ਰਣਜੀਤ ਸਿੰਘ ਅਤੇ ਉਸ ਦੇ ਭਰਾ ਗਗਨਦੀਪ ਉਰਫ਼ ਭੋਲਾ ਨੂੰ ਬੀਤੀ 9 ਮਈ ਨੂੰ ਸਿਰਸਾ ’ਚੋਂ ਡਰੱਗ ਤਸਕਰੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 5 ਮਈ ਨੂੰ ਚੀਤਾ ਦੇ ਚਚੇਰੇ ਭਰਾਵਾਂ ਅਤੇ ਹਿਜ਼ਬੁਲ ਦੇ ਦੋ ਹੋਰ ਕਾਰਕੁਨਾਂ ਬਿਕਰਮ ਸਿੰਘ ਉਰਫ਼ ਵਿੱਕੀ ਅਤੇ ਉਸਦੇ ਭਰਾ ਮਨਿੰਦਰ ਸਿੰਘ ਉਰਫ਼ ਮਨੀ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਕੋਲੋਂ 1 ਕਿੱਲੋ ਹੈਰੋਇਨ ਅਤੇ 32.25 ਲੱਖ ਰੁਪਏ ਬਰਾਮਦ ਕੀਤੇ ਗਏ ਸੀ। ਹੁਣ ਇਸ ਮਾਮਲੇ ਦੀ ਜਾਂਚ ਐਨਆਈਏ ਦੇ ਸਪੁਰਦ ਕੀਤੀ ਗਈ ਹੈ ਕਿਉਂਕਿ ਹੈਰੋਇਨ ਤਸਕਰੀ ਦੇ ਪਹਿਲੇ ਮਾਮਲਿਆਂ ਦੀ ਜਾਂਚ ਵੀ ਐਨਆਈਏ ਕਰ ਰਹੀ ਹੈ। ਇਨ੍ਹਾਂ ’ਚੋਂ ਕਈ ਮਾਮਲੇ ਮੁਹਾਲੀ ਅਦਾਲਤ ਵਿੱਚ ਵਿਚਾਰ ਅਧੀਨ ਹਨ।
ਜਾਣਕਾਰੀ ਅਨੁਸਾਰ ਰਣਜੀਤ ਚੀਤਾ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ 10 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਉਸ ਦੇ ਤਾਰ ਪੰਜਾਬ ਤੇ ਜੰਮੂ-ਕਸ਼ਮੀਰ ਵਿੱਚ ਭਾਰਤ-ਪਾਕਿ ਸਰਹੱਦ ’ਤੇ ਆਈਸੀਪੀ ਅਟਾਰੀ ਦੇ ਕਾਨੂੰਨੀ ਜ਼ਮੀਨੀ ਰਸਤੇ ਰਾਹੀਂ ਵੱਡੀ ਗਿਣਤੀ ਵਿੱਚ ਨਸ਼ਿਆਂ ਅਤੇ ਗੈਰ ਕਾਨੂੰਨੀ ਹਥਿਆਰਾਂ ਦੀ ਸਮਗਲਿੰਗ ਵਿੱਚ ਜੁੜੇ ਹੋਏ ਹਨ। ਉਹ ਪਿਛਲੇ ਸਾਲ 29 ਜੂਨ ਨੂੰ ਇੰਟੈਗਰੇਟਿਡ ਚੈੱਕ ਪੋਸਟ, ਅਟਾਰੀ (ਅੰਮ੍ਰਿਤਸਰ) ਰਾਹੀਂ 600 ਬੈਗ ਲੂਣ ਦੀ ਖੇਪ ਵਿੱਚ ਪਾਕਿਸਤਾਨ ਤੋਂ 2700 ਕਰੋੜ ਰੁਪਏ ਦੀ ਕੀਮਤ ਵਾਲੀ 532 ਕਿੱਲੋਗਰਾਮ ਹੈਰੋਇਨ ਅਤੇ 52 ਕਿੱਲੋ ਮਿਕਸਡ ਨਸ਼ੀਲੇ ਪਦਾਰਥ ਲਿਆਉਣ ਦੀ ਗੱਲ ਵੀ ਮੰਨ ਚੁੱਕਾ ਹੈ।
(ਬਾਕਸ ਆਈਟਮ)
ਰਣਜੀਤ ਚੀਤਾ ਨੂੰ ਡਰੋਨ ਸਮੇਤ ਨਸ਼ਿਆਂ, ਹਥਿਆਰਾਂ, ਐਫਆਈਸੀਐਨ ਨੂੰ ਵੱਖ-ਵੱਖ ਢੰਗਾਂ ਰਾਹੀਂ ਪਾਕਿ ਆਈਐਸਆਈ ਰਾਹੀਂ ਪੰਜਾਬ ਵਿੱਚ ਭੇਜਣ ਅਤੇ ਨਸ਼ਾ ਤਸਕਰਾਂ/ਕੂਰੀਅਰਾਂ ਸਥਾਪਿਤ ਕਰਨ ਲਈ ਸਾਂਝੇ ਨੈੱਟਵਰਕ ’ਚੋਂ ਇਕ ਸਰਗਰਮ ਕੜੀ ਸੀ। ਉਸ ਨੂੰ ਹੈਰੋਇਨ ਤਸਕਰੀ ਲਈ 2008, 2009, 2011 ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਉਸ ਨੂੰ 5 ਕਿੱਲੋ ਹੈਰੋਇਨ ਦੀ ਤਸਕਰੀ ਮਾਮਲੇ ਵਿੱਚ 12 ਸਾਲ ਕੈਦ ਦੀ ਸਜਾ ਸੁਣਾਈ ਗਈ ਸੀ ਪਰ ਸੁਪਰੀਮ ਕੋਰਟ ਨੇ ਮਾਰਚ 2018 ਵਿੱਚ ਉਸ ਨੂੰ ਬਰੀ ਕਰ ਦਿੱਤਾ ਸੀ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…