Nabaz-e-punjab.com

ਸਿੱਖਿਆ ਬੋਰਡ ਵੱਲੋਂ ਕੰਪਿਊਟਰ ਸਾਇੰਸ (ਲਾਜ਼ਮੀ ਵਿਸ਼ਾ) ਦੀ ਪ੍ਰੀਖਿਆ ’ਚ ਮਿਲ ਸਕਦੀ ਹੈ ਛੋਟ

ਪੰਜਾਬ ਵਿੱਚ ਬਾਰ੍ਹਵੀਂ ਸ਼੍ਰੇਣੀ ਦੀ ਨਵੇਂ ਸਿਰਿਓਂ ਪ੍ਰੀਖਿਆ ਲੈਣ ਦੇ ਆਸਾਰ ਬਣੇ, ਤਿਆਰੀਆਂ ਜ਼ੋਰਾਂ ’ਤੇ

ਫਿਜ਼ੀਕਲ ਦੂਰੀ ਦੇ ਨਿਯਮਾਂ ਤਹਿਤ ਪ੍ਰੀਖਿਆ ਕੇਂਦਰਾਂ ਵਿੱਚ 6-6 ਫੁੱਟ ਦੀ ਦੂਰੀ ’ਤੇ ਬਿਠਾਏ ਜਾਣਗੇ ਵਿਦਿਆਰਥੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੂਨ:
ਪੰਜਾਬ ਵਿੱਚ ਬਾਰ੍ਹਵੀਂ ਸ਼੍ਰੇਣੀ ਅਤੇ ਦਸਵੀਂ (ਕੇਵਲ ਓਪਨ ਸਕੂਲ) ਦੀ ਨਵੇਂ ਸਿਰਿਓਂ ਸਾਲਾਨਾ ਪ੍ਰੀਖਿਆ ਲੈਣ ਦਾ ਰਾਹ ਪੱਧਰਾ ਹੋ ਗਿਆ ਹੈ। ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਸਕੂਲ ਮੁਖੀਆਂ ਨੇ ਪੁਰਾਣੇ ਪ੍ਰੀਖਿਆ ਕੇਂਦਰਾਂ ਸਮੇਤ ਬਾਕੀ ਸਕੂਲਾਂ ਵਿੱਚ ਪ੍ਰਬੰਧਾਂ ਬਾਰੇ ਸਟੇਟਸ ਰਿਪੋਰਟ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਸੌਂਪ ਦਿੱਤੀ ਹੈ। ਰਿਪੋਰਟ ਮਿਲਣ ਤੋਂ ਬਾਅਦ ਬੋਰਡ ਮੈਨੇਜਮੈਂਟ ਨੇ ਪ੍ਰੀਖਿਆਵਾਂ ਸਬੰਧੀ ਤਿਆਰੀਆਂ ਪੂਰੇ ਜ਼ੋਰਾਂ ’ਤੇ ਸ਼ੁਰੂ ਕਰ ਦਿੱਤੀਆਂ ਹਨ।
ਉਧਰ, ਸਿੱਖਿਆ ਬੋਰਡ ਵੱਲੋਂ ਕਰੋਨਾ ਮਹਾਮਾਰੀ ਦੇ ਸੰਭਾਵਿਤ ਖ਼ਤਰੇ ਦੇ ਮੱਦੇਨਜ਼ਰ ਕੰਪਿਊਟਰ ਸਾਇੰਸ (ਲਾਜ਼ਮੀ ਵਿਸ਼ਾ) ਦੀ ਪ੍ਰੀਖਿਆ ਨਾ ਲੈਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਇਕੱਲੇ ਕੰਪਿਊਟਰ ਸਾਇੰਸ ਵਿਸ਼ੇ ਦੇ ਲਗਭਗ 2 ਲੱਖ 70 ਹਜ਼ਾਰ ਵਿਦਿਆਰਥੀ ਹਨ। ਲਿਹਾਜ਼ਾ ਬੋਰਡ ਬੱਚਿਆਂ ਦੀ ਸਿਹਤ ਪੱਖੋਂ ਬਹੁਤ ਗੰਭੀਰ ਹੈ ਅਤੇ ਅਧਿਕਾਰੀ ਵੀ ਬੜੇ ਚੌਕੰਨੇ ਹੋ ਕੇ ਕੰਮ ਕਰ ਰਹੇ ਹਨ। ਬੋਰਡ ਮੈਨੇਜਮੈਂਟ ਦਾ ਮੰਨਣਾ ਹੈ ਕਿ ਪ੍ਰੀਖਿਆਵਾਂ ਵੀ ਹੋਣ ਅਤੇ ਵਿਦਿਆਰਥੀਆਂ ਦਾ ਵੀ ਕੋਈ ਨੁਕਸਾਨ ਨਾ ਹੋਵੇ। ਬੋਰਡ ਅਧਿਕਾਰੀ ਨੇ ਦੱਸਿਆ ਕਿ ਹਾਲਾਂਕਿ ਕੰਪਿਊਟਰ ਸਾਇੰਸ ਲਾਜ਼ਮੀ ਵਿਸ਼ਾ ਹੈ ਪ੍ਰੰਤੂ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਇਸ ਵਿਸ਼ੇ ਦੀ ਪ੍ਰੀਖਿਆ ਕਰਵਾਉਣ ਦੀ ਬਜਾਏ ਐਵਰੇਜ ਨੰਬਰ ਲਗਾਏ ਜਾਣ ਦਾ ਵਿਚਾਰ ਹੈ, ਇਸ ਬਾਰੇ ਅੰਤਿਮ ਫੈਸਲਾ ਲੈਣਾ ਹਾਲੇ ਬਾਕੀ ਹੈ। ਉਂਜ ਵੀ ਇਸ ਵਿਸ਼ੇ ਦੇ ਨੰਬਰ ਜੁੜੇ ਨਹੀਂ ਜਾਂਦੇ ਹਨ। ਸਿਰਫ਼ ਗਰੇਡਿੰਗ ਹੀ ਦਿੱਤੀ ਜਾਂਦੀ ਹੈ।
ਬੋਰਡ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਾਰ੍ਹਵੀਂ ਸ਼੍ਰੇਣੀ ਅਤੇ ਦਸਵੀਂ (ਕੇਵਲ ਓਪਨ ਸਕੂਲ) ਦੀ ਨਵੇਂ ਸਿਰਿਓਂ ਸਾਲਾਨਾ ਪ੍ਰੀਖਿਆਵਾਂ ਕਰਵਾਈਆਂ ਜਾਣਗੀਆਂ। ਇਸ ਸਬੰਧੀ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਪ੍ਰੀਖਿਆ ਕੇਂਦਰ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਐਤਕੀਂ ਸਵੇਰ ਦੇ ਸੈਸ਼ਨ ਵਿੱਚ ਪ੍ਰੀਖਿਆ ਲਈ ਜਾਵੇਗੀ ਜਦੋਂਕਿ ਇਸ ਤੋਂ ਪਹਿਲਾਂ ਬਾਰ੍ਹਵੀਂ ਦੀ ਪ੍ਰੀਖਿਆ ਹਮੇਸ਼ਾ ਸ਼ਾਮ ਦੇ ਸੈਸ਼ਨ ਵਿੱਚ ਲਈ ਜਾਂਦੀ ਰਹੀ ਹੈ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਪ੍ਰੀਖਿਆ ਕੇਂਦਰਾਂ ਨੂੰ ਸੈਨੇਟਾਈਜ ਕੀਤਾ ਜਾਵੇਗਾ ਅਤੇ ਵਿਦਿਆਰਥੀਆਂ ਅਤੇ ਪ੍ਰੀਖਿਆ ਅਮਲੇ ਲਈ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬੱਚਿਆਂ ਦੇ ਹੱਥਾਂ ਵਿੱਚ ਪ੍ਰਸ਼ਨ ਪੱਤਰ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ ਵੀ ਸੈਨੇਟਾਈਜ਼ ਕੀਤਾ ਜਾਵੇਗਾ ਅਤੇ ਫਿਜ਼ੀਕਲ ਦੂਰੀ ਦੇ ਨਿਯਮਾਂ ਤਹਿਤ ਪ੍ਰੀਖਿਆ ਕੇਂਦਰਾਂ ਵਿੱਚ ਵਿਦਿਆਰਥੀਆਂ ਨੂੰ 6-6 ਫੁੱਟ ਦੀ ਦੂਰੀ ’ਤੇ ਬਿਠਾਇਆ ਜਾਵੇਗਾ। ਜਾਣਕਾਰੀ ਅਨੁਸਾਰ ਸਿੱਖਿਆ ਬੋਰਡ ਨੇ ਕੁਝ ਦਿਨ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਸਕੂਲ ਮੁਖੀਆਂ ਨੂੰ ਪੱਤਰ ਲਿਖ ਕੇ ਲੌਕਡਾਊਨ ਤੋਂ ਪਹਿਲਾਂ ਹੋਈਆਂ ਪ੍ਰੀਖਿਆਵਾਂ ਸਬੰਧੀ ਸਥਾਪਿਤ ਕੀਤੇ ਪ੍ਰੀਖਿਆ ਕੇਂਦਰਾਂ ਅਤੇ ਬਾਕੀ ਸਕੂਲਾਂ ਵਿਚਲੇ ਪ੍ਰਬੰਧਾਂ ਬਾਰੇ ਸਟੇਟਸ ਰਿਪੋਰਟ ਮੰਗੀ ਸੀ।
(ਬਾਕਸ ਆਈਟਮ)
ਦਸਵੀਂ (ਕੇਵਲ ਓਪਨ ਸਕੂਲ) ਅਤੇ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਕਰੋਨਾਵਾਇਰਸ ਦੀ ਮਹਾਮਾਰੀ ਕਾਰਨ ਕਰਫਿਊ ਲੱਗਣ ਕਾਰਨ ਐਨ ਮੌਕੇ 20 ਮਾਰਚ ਨੂੰ ਮੁਲਤਵੀ ਕੀਤੀ ਗਈ ਸੀ ਅਤੇ ਹੁਣ ਬਾਕੀ ਰਹਿੰਦੇ ਸਬੰਧਤ ਵਿਸ਼ਿਆਂ ਦੀਆਂ ਨਵੇਂ ਸਿਰਿਓਂ ਪ੍ਰੀਖਿਆਵਾਂ ਲਈਆਂ ਜਾਣੀਆਂ ਹਨ।
ਨਵੀਆਂ ਹਦਾਇਤਾਂ ਅਨੁਸਾਰ ਇਕ ਪ੍ਰੀਖਿਆ ਕੇਂਦਰ\ਹਾਲ ਵਿੱਚ ਸਿਰਫ਼ 30 ਵਿਦਿਆਰਥੀ ਹੀ ਬਿਠਾਏ ਜਾ ਸਕਦੇ ਹਨ। ਇਸ ਸਬੰਧੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਕਰੋਨਾ ਸਬੰਧੀ ਹਦਾਇਤਾਂ ਅਨੁਸਾਰ ਢੁਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਸਮੇਂ ਵਿਦਿਆਰਥੀਆਂ ਨੂੰ ਛੁੱਟੀਆਂ ਕੀਤੀਆਂ ਹੋਣ ਕਾਰਨ ਸਾਰੇ ਸਕੂਲ ਬੰਦ ਹਨ। ਇੰਟਰਨਲ ਕਲਾਸਾਂ ਲਈ ਵਰਤੇ ਜਾਂਦੇ ਕਮਰੇ ਵੀ ਪ੍ਰੀਖਿਆ ਕਰਵਾਉਣ ਲਈ ਵਰਤੇ ਜਾ ਸਕਦੇ ਹਨ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…