ਮਿਸ਼ਨ ਫਤਿਹ: ਕਰੋਨਾ ਖ਼ਿਲਾਫ਼ ਲਈ ‘ਜਾਗਰੂਕਤਾ’ ਸਭ ਤੋਂ ਸ਼ਕਤੀਸ਼ਾਲੀ ਹਥਿਆਰ: ਡੀਸੀ ਗਿਰੀਸ਼ ਦਿਆਲਨ

ਐਤਵਾਰ ਨੂੰ ਸ਼ਹਿਰੀ ਤੇ ਪੇਂਡੂ ਖੇਤਰ ਵਿੱਚ ਫੀਲਡ ਪਬਲੀਸਿਟੀ ਮੁਹਿੰਮ ਦੀ ਕੀਤੀ ਰਸਮੀ ਸ਼ੁਰੂਆਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੂਨ:
ਮੁਹਾਲੀ ਜ਼ਿਲ੍ਹੇ ਵਿੱਚ ਮਿਸ਼ਨ ਫਤਿਹ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਨੋਵਲ ਕਰੋਨਾਵਾਇਰਸ ਨਾਲ ਲੜਨ ਲਈ ਜਾਗਰੂਕਤਾ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ। ਇਸ ਲਈ ਮੁਹਾਲੀ ਪ੍ਰਸ਼ਾਸਨ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਵਧੇਰੇ ਸਾਵਧਾਨ ਰਹਿਣ ਸਬੰਧੀ ਉਤਸ਼ਾਹਿਤ ਕਰਨ ਲਈ ਗਤੀਵਿਧੀਆਂ ਸ਼ੁਰੂ ਕਰੇਗਾ।
ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਪਬਲਿਕ ਐਡਰੈੱਸ ਸਿਸਟਮ ਨਾਲ ਲੈਸ ਪਬਲੀਸਿਟੀ ਵਾਹਨਾਂ ਨੂੰ ਰਵਾਨਾ ਕਰਕੇ ਫੀਲਡ ਪਬਲੀਸਿਟੀ ਮੁਹਿੰਮ ਦੀ ਸ਼ੁਰੂਆਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਦਿਆਲਨ ਨੇ ਕਿਹਾ ਕਿ ਪਬਲਿਸਿਟੀ ਵਾਹਨ ਜ਼ਿਲ੍ਹੇ ਦੇ ਵੱਧ ਤੋਂ ਵੱਧ ਖੇਤਰਾਂ ਵਿੱਚੋਂ ਲੰਘਣਗੇ ਅਤੇ ਵਾਇਰਸ ਦੇ ਹਮਲੇ ਨੂੰ ਰੋਕਣ ਸਬੰਧੀ ਸਾਰੀਆਂ ਸਾਵਧਾਨੀਆਂ ਦੀ ਵਰਤੋਂ ਕਰਨ ਦਾ ਸੰਦੇਸ਼ ਦੇਣਗੇ। ਇਹ ਹਫਤਾਵਾਰੀ ਗਤੀਵਿਧੀ ਹੋਵੇਗੀ ਅਤੇ ਤਿੰਨ ਹਫ਼ਤਿਆਂ ਤੱਕ ਜਾਰੀ ਰਹੇਗੀ। ਲੋਕਾਂ ਦੇ ਮਨਾਂ ਤੱਕ ਸੰਦੇਸ਼ ਪਹੁੰਚਾਉਣ ਲਈ ਜ਼ਿਲ੍ਹੇ ਦੀਆਂ ਪ੍ਰਮੁੱਖ ਥਾਵਾਂ ‘ਤੇ ਹੋਰਡਿੰਗਜ਼ ਵੀ ਲਗਾਈਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੇਂਡੂ ਖੇਤਰਾਂ ਵਿੱਚ ਕੋਰੋਨਾ ਵਾਰੀਅਰਜ਼ ਜਿਵੇਂ ਕਿ ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ ਅਤੇ ਗਾਰਡੀਅਨ ਆਫ਼ ਗਵਰਨੈਂਸ ਰਾਹੀਂ ਘਰ-ਘਰ ਜਾ ਕੇ ਜ਼ਮੀਨੀ ਪੱਧਰ ‘ਤੇ ਜਾਗਰੂਕਤਾ ਫੈਲਾਈ ਜਾਵੇਗੀ। ਇਨ੍ਹਾਂ ਕਰਮਚਾਰੀਆਂ ਨੂੰ ਪਿਛਲੇ ਤਿੰਨ ਮਹੀਨਿਆਂ ਦੌਰਾਨ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕਰਨ ਅਤੇ ਉਨ੍ਹਾਂ ਨੂੰ ਮਹਾਂਮਾਰੀ ਨਾਲ ਲੜਨ ਵਿਚ ਅਹਿਮ ਭੂਮਿਕਾ ਨਿਭਾਉਣ ਲਈ ਉਤਸ਼ਾਹਤ ਕਰਨ ਹਿੱਤ ਮਿਸ਼ਨ ਫਤਿਹ ਦੇ ਬੈਜ ਦਿਤੇ ਜਾ ਰਹੇ ਹਨ। ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਆਨ ਲਾਈਨ ਕਲਾਸਾਂ ਰਾਹੀਂ ਮਿਸ਼ਨ ਫਤਹਿ ਦੇ ਸੁਭਾਵਕ ਮੰਤਵਾਂ ਬਾਰੇ ਜਾਣੂੰ ਕਰਵਾਉਣ ਲਈ ਵੀ ਸਹਿਯੋਗ ਲਿਆ ਜਾ ਰਿਹਾ ਹੈ।
ਕੋਰੋਨਾ ਵਾਰੀਅਰਜ਼ ਅਤੇ ਮਿਸ਼ਨ ਫਤਿਹ ਵਾਰੀਅਰਜ਼ ਦੇ ਅੰਤਰ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਦੇ ਉਹ ਸਾਰੇ ਅਧਿਕਾਰੀ, ਡਾਕਟਰ ਅਤੇ ਫਰੰਟਲਾਈਨ ਵਰਕਰ ਜੋ ਵਾਇਰਸ ਨਾਲ ਲੜਨ ਲਈ ਗੰਭੀਰ ਯਤਨ ਕਰ ਰਹੇ ਹਨ, ਕੋਰੋਨਾ ਵਾਰੀਅਰਜ਼ ਹਨ। ਇਸ ਤੋਂ ਇਲਾਵਾ, ਉਹ ਵਿਅਕਤੀ ਜਿਹਨਾਂ ਵਿਚ ਲੱਛਣ ਪਾਏ ਗਏ ਅਤੇ ਵਾਇਰਸ ਨੂੰ ਹਰਾਉਣ ਅਤੇ ਪੂਰੀ ਤਰ੍ਹਾਂ ਠੀਕ ਹੋਣ ਵਿਚ ਕਾਮਯਾਬ ਹੋਏ ਹਨ, ਉਹ ਵੀ ਕੋਰੋਨਾ ਵਾਰੀਅਰਜ਼ ਹਨ। ਜਦਕਿ, ਮਿਸ਼ਨ ਵਾਰੀਅਰਜ਼ ਉਹ ਨਾਗਰਿਕ ਹਨ ਜੋ ਸਾਰੀਆਂ ਸਾਵਧਾਨੀ ਦਾ ਪਾਲਣ ਕਰਦੇ ਹਨ ਅਤੇ ਦੂਜੇ ਲੋਕਾਂ ਨੂੰ ਵੀ ਅਜਿਹਾ ਕਰਨ ਲਈ ਉਤਸ਼ਾਹਤ ਕਰਦੇ ਹਨ। ਮਿਸ਼ਨ ਵਾਰੀਅਰਜ਼ ਦਾ ਦਰਜਾ ਪ੍ਰਾਪਤ ਕਰਨ ਲਈ ਵਿਅਕਤੀ ਨੂੰ ਕੋਵਾ ਐਪ ‘ਤੇ ਜਾ ਕੇ ਮਿਸ਼ਨ ਵਾਰੀਅਰਜ਼ ਲਈ ਰਜਿਸਟਰ ਕਰਨਾ ਪਏਗਾ।
ਬਹੁਤ ਸਾਰੇ ਨਾਗਰਿਕ ਮਹਾਂਮਾਰੀ ਬਾਰੇ ਜਾਗਰੂਕਤਾ ਫੈਲਾਉਣ ਲਈ ਅੱਗੇ ਆਏ ਹਨ। ਮਿਸ਼ਨ ਫਤਿਹ ਦਾ ਉਦੇਸ਼ ਅਜਿਹੇ ਵਿਅਕਤੀਆਂ ਦੀ ਮਿਸ਼ਨ ਵਾਰੀਅਰਜ਼ ਵਜੋਂ ਪਛਾਣ ਕਰਨਾ ਅਤੇ ਉਹਨਾਂ ਨੂੰ ਸਨਮਾਨ ਦੇਣਾ ਹੈ। ਮੈਂ ਮੁਹਾਲੀ ਦੇ ਸਾਰੇ ਨਾਗਰਿਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇੱਕ ਮਿਸ਼ਨ ਵਾਰੀਅਰ ਦੇ ਤੌਰ ‘ਤੇ ਕੋਵਾ ਐਪ ‘ਤੇ ਆਪਣਾ ਨਾਮ ਦਰਜ ਕਰਾਉਣ ਅਤੇ ਮਾਸਕ ਪਹਿਨਣ, ਹੱਥ ਧੋਣ, ਸਮਾਜਕ ਦੂਰੀ ਬਣਾਈ ਰੱਖਣ, ਲੋਕਾਂ ਨੂੰ ਕੋਵਾ ਐਪ ਡਾਊਨਲੋਡ ਕਰਨ ਲਈ ਉਤਸ਼ਾਹਿਤ ਕਰਨ ਵਰਗੀਆਂ ਸਰਲ ਗਤੀਵਿਧੀਆਂ ਦੁਆਰਾ ਵੱਧ ਤੋਂ ਵੱਧ ਅੰਕ ਪ੍ਰਾਪਤ ਕਰਨ। ਇਹ ਵਿਚਾਰ, ਰਾਜ ਪੱਧਰ ’ਤੇ 1000 ਮਿਸ਼ਨ ਵਾਰੀਅਰਜ਼ ਦੀ ਇਕ ਫੋਰਸ ਤਿਆਰ ਕਰਨ ਅਤੇ ਉਨ੍ਹਾਂ ਨੂੰ ਪ੍ਰਾਪਤ ਅੰਕ ਦੇ ਆਧਾਰ ‘ਤੇ ਸੋਨੇ, ਚਾਂਦੀ ਅਤੇ ਕਾਂਸੀ ਦੇ ਸਰਟੀਫਿਕੇਟ ਨਾਲ ਸਨਮਾਨਤ ਕਰਨ ਦਾ ਹੈ। ਜ਼ਮੀਨੀ ਗਤੀਵਿਧੀਆਂ ਦੌਰਾਨ ਵਿਸ਼ੇਸ਼ ਯੋਧਿਆਂ ਨੂੰ ਬੈਜ ਦੇ ਨਾਲ-ਨਾਲ ਟੀ-ਸ਼ਰਟਾਂ ਵੀ ਦਿੱਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰ ’ਤੇ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਇਕ ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਵਿੱਚ ਸਿਵਲ ਸਰਜਨ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ, ਮਿਉਂਸਪਲ ਕਮਿਸ਼ਨਰ, ਡੀਈਓਜ਼, ਡਿਪਟੀ ਕੋਆਰਡੀਨੇਟਰ ਐਨਵਾਈਕੇ ਅਤੇ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਸ਼ਾਮਲ ਹਨ। ਉਹ ਜਾਗਰੂਕਤਾ ਪੈਦਾ ਕਰਨ ਲਈ ਲੋੜੀਂਦੀਆਂ ਗਤੀਵਿਧੀਆਂ ‘ਤੇ ਵਿਚਾਰ ਕਰਨਗੇ ਅਤੇ ਇਸ ਨੂੰ ਲਾਗੂ ਕਰਨਗੇ। ਉਹ ਕੋਰੋਨਾ ਵਾਰੀਅਰਜ਼ ਅਤੇ ਮਿਸ਼ਨ ਵਾਰੀਅਰਜ਼ ਦੀ ਪਛਾਣ ਕਰਨਗੇ ਅਤੇ ਉਨ੍ਹਾਂ ਦਾ ਸਨਮਾਨ ਕਰਨਗੇ।
ਲੋਕਾਂ ਨੂੰ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਵਿਸ਼ਵਾਸ ਦੇ ਰਾਹੀਂ ਆਪਣੇ ਅੰਦਰ ਲਾਪਰਵਾਹੀ ਨਾ ਆਉਣ ਦਿਓ ਕਿ ਇਹ ਵਾਇਰਸ ਉਨਾ ਹਾਨੀਕਾਰਕ ਨਹੀਂ ਹੈ, ਜਿੰਨਾ ਇਸ ਨੂੰ ਬਣਾਇਆ ਗਿਆ ਸੀ। ਸਾਰੀਆਂ ਸਾਵਧਾਨੀ ਦੀ ਪਾਲਣਾ ਕਰੋ ਅਤੇ ਦੂਜਿਆਂ ਨੂੰ ਇਸ ਦਾ ਪਾਲਣ ਕਰਨ ਲਈ ਪ੍ਰੇਰਿਤ ਕਰੋ ਕਿਉਂਕਿ ਸਰਕਾਰ ਦੀਆਂ ਕੋਸ਼ਿਸ਼ਾਂ ਭਾਵੇਂ ਕਿੰਨੀਆਂ ਹੀ ਪੁਰਜ਼ੋਰ ਕਿਉਂ ਨਾ ਹੋਣ, ਜਨਤਕ ਸਹਾਇਤਾ ਤੋਂ ਬਿਨਾਂ ਅਸਫਲ ਹੋ ਸਕਦੀਆਂ ਹਨ। ਇਸ ਲਈ, ਹਰੇਕ ਨਾਗਰਿਕ ਦਾ ਉਸਦੇ ਪਰਿਵਾਰ, ਉਸਦੇ ਗੁਆਂਢੀ ਅਤੇ ਦੇਸ਼ ਪ੍ਰਤੀ ਇਹ ਫਰਜ਼ ਬਣਦਾ ਹੈ ਕਿ ਉਹ ਹਰ ਸਮੇਂ ਜਾਗਰੂਕ ਰਹਿਣ। ਉਨ੍ਹਾਂ ਲੋਕਾਂ ਨੂੰ ਮਾਸਕ ਪਹਿਨਣ, ਵਾਰ ਵਾਰ ਹੱਥ ਧੋਣ, ਸਮਾਜਕ ਦੂਰੀ ਬਣਾਏ ਰੱਖਣ, ਕੋਵਿਡ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਹੌਂਸਲਾ ਵਧਾਉਣ, ਕੋਵਾ ਐਪ ਡਾਊਲੋਡ ਕਰਨ ਅਤੇ ਮਿਸ਼ਨ ਫਤਿਹ ਵੋਰੀਅਰਜ਼ ਵਜੋਂ ਰਜਿਸਟਰ ਹੋਣ ਅਤੇ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਵਿਚ ਸਹਾਇਤਾ ਕਰਨ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਦਿਨ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ ਅਤੇ ਐਸਡੀਐਮ ਜਗਦੀਪ ਸਹਿਗਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਹਰੀ ਝੰਡੀ ਦਿਖਾ ਕੇ 25 ਪਬਲਿਸਿਟੀ ਵਾਹਨਾਂ ਨੂੰ ਰਵਾਨਾ ਕੀਤਾ।

Load More Related Articles
Load More By Nabaz-e-Punjab
Load More In Awareness/Campaigns

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…