ਪਲਾਸਟਿਕ ਦੇ ਪੁਰਜ਼ੇ ਬਣਾਉਣ ਵਾਲੀ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੂਨ:
ਇੱਥੋਂ ਦੇ ਫੇਜ਼-9 ਸਥਿਤ ਉਦਯੋਗਿਕ ਏਰੀਆ ਵਿੱਚ ਸਨਿਚਰਵਾਰ ਦੇਰ ਸ਼ਾਮ ਅਚਾਨਕ ਇਕ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਫੈਕਟਰੀ ਵਿੱਚ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਇਸ ਫੈਕਟਰੀ ਵਿੱਚ ਪਲਾਸਟਿਕ ਦੇ ਪੁਰਜ਼ੇ ਬਣਾਏ ਜਾਂਦੇ ਹਨ। ਫੈਕਟਰੀ ਮਾਲਕ ਪਾਰਸ ਸ਼ਾਹ ਮੁਤਾਬਕ ਇਸ ਹਾਦਸੇ ਵਿੱਚ ਉਨ੍ਹਾਂ ਨੂੰ 15 ਤੋਂ 20 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਅੱਗ ਸ਼ਾਟ ਸਰਕਟ ਕਾਰਨ ਲੱਗੀ ਜਾਪਦੀ ਹੈ। ਲੇਕਿਨ ਫੈਕਟਰੀ ਬੰਦ ਹੋਣ ਕਾਰਨ ਜਾਨੀ ਨੁਕਸਾਨ ਤੋਂ ਪੂਰੀ ਤਰ੍ਹਾਂ ਬਚਾਅ ਰਿਹਾ।
ਪੁਲੀਸ ਦੀ ਜਾਣਕਾਰੀ ਅਨੁਸਾਰ ਅੱਜ ਦਿਨ ਵਿੱਚ ਫੈਕਟਰੀ ਖੁੱਲ੍ਹੀ ਸੀ ਲੇਕਿਨ ਪ੍ਰਬੰਧਕ ਸ਼ਾਮ ਨੂੰ ਦਫ਼ਤਰ ਬੰਦ ਕਰਕੇ ਸੈਕਟਰ-48 ਸਥਿਤ ਆਪਣੇ ਘਰ ਚਲੇ ਗਏ ਸੀ। ਪਿੱਛੋਂ ਦੇਰ ਸ਼ਾਮ ਨੂੰ ਗੁਆਂਢੀ ਫੈਕਟਰੀ ਵਾਲਿਆਂ ਨੇ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ ਅਤੇ ਉਹ ਤੁਰੰਤ ਮੌਕੇ ’ਤੇ ਪਹੁੰਚ ਗਏ। ਸੂਚਨਾ ਮਿਲਦੇ ਹੀ ਮੁਹਾਲੀ ਫਾਇਰ ਬ੍ਰਿਗੇਡ ਦਫ਼ਤਰ ਤੋਂ ਫਾਇਰ ਅਫ਼ਸਰ ਕਰਮ ਚੰਦ ਸੂਦ ਵੀ ਤੁਰੰਤ ਤਿੰਨ ਫਾਇਰ ਟੈਂਡਰ ਲੈ ਕੇ ਮੌਕੇ ’ਤੇ ਪਹੁੰਚ ਗਏ ਅਤੇ ਅੱਠ ਫਾਇਰ ਟੈਂਡਰਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ। ਥਾਣਾ ਫੇਜ਼-11 ’ਚੋਂ ਏਐਸਆਈ ਗੁਰਨਾਮ ਸਿੰਘ ਵੀ ਪੁਲੀਸ ਕਰਮਚਾਰੀਆਂ ਨਾਲ ਉੱਥੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ।
ਸ੍ਰੀ ਸੂਦ ਨੇ ਦੱਸਿਆ ਕਿ ਅੱਗ ’ਤੇ ਕਾਬੂ ਪਾਉਣ ਲਈ ਫਿਲਿਪਸ ਅਤੇ ਸਵਰਾਜ ਇੰਜਨ ਤੋਂ ਕਾਫੀ ਮਦਦ ਮਿਲੀ। ਅੱਗ ’ਤੇ ਕਾਬੂ ਪਾਉਣ ਲਈ ਇਨ੍ਹਾਂ ਅਦਾਰਿਆਂ ’ਚੋਂ ਪਾਣੀ ਦੇ ਟੈਂਡਰ ਭਰੇ ਗਏ। ਉਨ੍ਹਾਂ ਦੱਸਿਆ ਕਿ ਫੈਕਟਰੀ ਵਿੱਚ ਅੱਗ ਪਹਿਲੀ ਮੰਜ਼ਲ ’ਤੇ ਲੱਗੀ ਸੀ ਅਤੇ ਮੁੱਢਲੀ ਜਾਂਚ ਵਿੱਚ ਅੱਗ ਸ਼ਾਟ ਸਰਕਟ ਕਾਰਨ ਲੱਗੀ ਜਾਪਦੀ ਹੈ। ਉਨ੍ਹਾਂ ਦੱਸਿਆ ਕਿ ਹਾਲਾਂਕਿ ਅੱਧੇ ਘੰਟੇ ਬਾਅਦ ਅੱਗ ’ਤੇ ਕਾਬੂ ਪਾ ਲਿਆ ਸੀ ਪ੍ਰੰਤੂ ਪੂਰੀ ਤਰ੍ਹਾਂ ਅੱਗ ਬੁਝਾਉਣ ਲਈ ਦੋ ਘੰਟੇ ਤੋਂ ਵੱਧ ਸਮਾਂ ਲੱਗ ਗਿਆ। ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਵੀ ਪਲਾਸਟਿਕ ਦੇ ਸਮਾਨ ’ਚੋਂ ਧੂੰਆਂ ਉੱਠ ਰਿਹਾ ਸੀ ਅਤੇ ਮੌਕੇ ’ਤੇ ਫਾਇਰ ਬ੍ਰਿਗੇਡ ਦੀ ਟੀਮ ਅਤੇ ਪੁਲੀਸ ਦੇ ਕਰਮਚਾਰੀ ਤਾਇਨਾਤ ਸਨ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…