nabaz-e-punjab.com

ਵਿਜੀਲੈਂਸ ਨੇ ਪਿਛਲੇ ਤਿੰਨ ਮਹੀਨਿਆਂ ਦੌਰਾਨ 12 ਰਿਸ਼ਵਤ ਦੇ ਕੇਸਾਂ ਵਿੱਚ 7 ਰਿਸ਼ਵਤਖੋਰ ਕਰਮਚਾਰੀਆਂ ਤੇ 8 ਪ੍ਰਾਈਵੇਟ ਵਿਅਕਤੀਆਂ ਨੂੰ ਕੀਤਾ ਕਾਬੂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 24 ਜੂਨ:
ਰਾਜ ਵਿਜੀਲੈਂਸ ਬਿਓਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਮਾਰਚ, ਅਪ੍ਰੈਲ ਅਤੇ ਮਈ ਮਹੀਨਿਆਂ ਦੌਰਾਨ ਵੱਖ-ਵੱਖ ਤਰਾਂ ਦੇ 12 ਕੇਸਾਂ ਵਿੱਚ 7 ਕਰਮਚਾਰੀਆਂ ਅਤੇ 8 ਪ੍ਰਾਈਵੇਟ ਵਿਅਕਤੀਆਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਜਿਸ ਵਿੱਚ 2 ਪੁਲਿਸ ਮੁਲਾਜਮ, ਇੱਕ ਮਾਲ ਕਰਮਚਾਰੀ ਅਤੇ 4 ਹੋਰ ਵਿਭਾਗਾਂ ਤੋਂ ਸ਼ਾਮਲ ਹਨ। ਉਸ ਤੋਂ ਇਲਾਵਾ ਉਨ੍ਹਾਂ ਵਿਅਕਤੀਆਂ ਵਿਰੁੱਧ ਸੱਤ ਮਾਮਲੇ ਦਰਜ ਕੀਤੇ ਗਏ ਹਨ ਜੋ ਕੋਵਿਡ -19 ਦੇ ਪ੍ਰਸਾਰ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰ ਰਹੇ ਸਨ।
ਇਹ ਪ੍ਰਗਟਾਵਾ ਕਰਦਿਆਂ ਮੁੱਖ ਡਾਇਰੈਕਟਰ-ਕਮ-ਏ.ਡੀ.ਜੀ.ਪੀ. ਵਿਜੀਲੈਂਸ ਬਿਓਰੋ ਸ੍ਰੀ ਬੀ. ਕੇ. ਉੱਪਲ ਨੇ ਕਿਹਾ ਕਿ ਬਿਓਰੋ ਨੇ ਇਸ ਸਮੇਂ ਦੌਰਾਨ ਜਨਤਕ ਸੇਵਕਾਂ ਅਤੇ ਹੋਰਾਂ ਵਿਅਕਤੀਆਂ ਵਿੱਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬਿਓਰੋ ਨੇ ਪਿਛਲੇ ਤਿੰਨ ਮਹੀਨਿਆਂ ਵਿੱਚ ਵੱਖ-ਵੱਖ ਵਿਸ਼ੇਸ਼ ਅਦਾਲਤਾਂ ਵਿੱਚ 9 ਵਿਜੀਲੈਂਸ ਕੇਸਾਂ ਦੇ ਚਲਾਨ ਪੇਸ਼ ਕੀਤੇ ਹਨ। ਇਸ ਸਮੇਂ ਦੌਰਾਨ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਪੂਰੀ ਤਰ੍ਹਾਂ ਜਾਂਚ ਕਰਨ ਲਈ ਸੱਤ ਵਿਜੀਲੈਂਸ ਪੜਤਾਲਾਂ ਵੀ ਦਰਜ ਕੀਤੀਆਂ ਗਈਆਂ ਅਤੇ ਵਿਜੀਲੈਂਸ ਜਾਂਚ ਦੇ ਅਧਾਰ ‘ਤੇ ਇੱਕ ਮੁਕੱਦਮਾ ਵੀ ਦਰਜ ਕੀਤਾ ਗਿਆ।
ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਅਦਾਲਤਾਂ ਨੇ ਬਿਓਰੋ ਦੁਆਰਾ ਦਾਇਰ ਕੀਤੇ ਗਏ ਦੋ ਰਿਸ਼ਵਤ ਦੇ ਕੇਸਾਂ ਦਾ ਫੈਸਲਾ ਕੀਤਾ ਜਿਸ ਵਿੱਚ ਕਸ਼ਮੀਰ ਸਿੰਘ, ਸਾਬਕਾ ਸੱਕਤਰ, ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾ, ਪਿੰਡ ਲਾਲੇਆਣਾ, ਜ਼ਿਲ੍ਹਾ ਬਠਿੰਡਾ ਨੂੰ ਵਧੀਕ ਸੈਸ਼ਨ ਜੱਜ ਬਠਿੰਡਾ ਵੱਲੋਂ 4 ਸਾਲ ਕੈਦ ਅਤੇ 10,000 ਰੁਪਏ ਦੇ ਜੁਰਮਾਨੇ ਦੀ ਸਜਾ ਸੁਣਾਈ ਹੈ। ਇਸੇ ਤਰਾਂ ਇੱਕ ਹੋਰ ਕੇਸ ਵਿੱਚ, ਹਰਬੰਸ ਲਾਲ, ਕਾਨੂੰਗੋ, ਮਾਲ ਹਲਕਾ ਜੰਡਿਆਣਾ, ਐਸ ਬੀ ਐਸ ਨਗਰ ਜ਼ਿਲ੍ਹੇ ਨੂੰ ਐਡੀਸ਼ਨਲ ਸੈਸ਼ਨ ਜੱਜ ਐਸ.ਬੀ.ਐਸ.ਨਗਰ ਵੱਲੋਂ 4 ਸਾਲ ਕੈਦ ਅਤੇ 50,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ।
ਵਿਜੀਲੈਂਸ ਦੇ ਮੁਖੀ ਉੱਪਲ ਨੇ ਅੱਗੇ ਕਿਹਾ ਕਿ ਵਿਜੀਲੈਂਸ ਬਿਓਰੋ ਦੇ ਅਧਿਕਾਰੀਆਂ ਨੂੰ ਕੈਮਿਸਟਾਂ ਦੀਆਂ ਦੁਕਾਨਾਂ, ਖਾਣ ਦੀਆਂ ਦੁਕਾਨਾਂ ਅਤੇ ਐਲ.ਪੀ.ਜੀ. ਵਿਤਰਕਾਂ ‘ਤੇ ਸਖਤ ਨਜ਼ਰ ਰੱਖਣ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਕੋਵਿਡ -19 ਲਾਕਡਾਉਨ ਦੌਰਾਨ ਜ਼ਰੂਰੀ ਵਸਤਾਂ ਦੀ ਗੁਣਵੱਤਾ, ਮਾਤਰਾ ਅਤੇ ਕੀਮਤਾਂ ਦੀ ਜਾਂਚ ਕੀਤੀ ਜਾ ਸਕੇ। ਉਸਨੇ ਅੱਗੇ ਕਿਹਾ ਕਿ ਬਿਓਰੋ ਨੇ ਇੱਕ ਵਿਸ਼ੇਸ਼ ਚੈਕਿੰਗ ਦੌਰਾਨ ਘੁਲਿਆਣੀ ਗੈਸ ਕਪੂਰਥਲਾ ਦੇ ਮਾਲਕ ਵਿਨੈ ਘੁਲਿਆਣੀ ਅਤੇ ਉਸਦੇ ਸਹਾਇਕ ਖ਼ਿਲਾਫ਼ ਖਪਤਕਾਰਾਂ ਨੂੰ ਘੱਟ ਗੈਸ ਵਾਲੇ 17 ਸਿਲੰਡਰਾਂ ਦੀ ਸਪਲਾਈ ਕਰਨ ਦੇ ਦੋਸ਼ ਵਿੱਚ ਥਾਣਾ ਸਿਟੀ ਕਪੂਰਥਲਾ ਵਿਖੇ ਜ਼ਰੂਰੀ ਵਸਤਾਂ ਐਕਟ ਤਹਿਤ ਕੇਸ ਦਰਜ ਕਰਵਾਇਆ ਹੈ।
ਇਸ ਤੋਂ ਇਲਾਵਾ ਵਿਜੀਲੈਂਸ ਬਿਓਰੋ ਨੇ ਇੰਡਸ ਫਾਰਮੇਸੀ ਐਸ.ਏ.ਐਸ.ਨਗਰ ਵਿਖੇ ਵੀ ਵਿਸ਼ੇਸ਼ ਚੈਕਿੰਗ ਕੀਤੀ ਹੈ ਅਤੇ ਦੁਕਾਨ ਮਾਲਕ ਦਿਨੇਸ਼ ਕੁਮਾਰ ਖ਼ਿਲਾਫ਼ ਮਹਿੰਗੇ ਭਾਅ ਉਤੇ ਮਾਸਕ ਅਤੇ ਸੈਨੀਟਾਈਜ਼ਰ ਵੇਚਣ ਲਈ 188 ਆਈਪੀਸੀ ਤਹਿਤ ਕੇਸ ਦਰਜ ਕਰਵਾਇਆ ਹੈ।

Load More Related Articles
Load More By Nabaz-e-Punjab
Load More In Vigilance

Check Also

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ ਬਹੁ-ਕ…