Share on Facebook Share on Twitter Share on Google+ Share on Pinterest Share on Linkedin ਸਿਰੋਪਾਓ ਵਿਵਾਦ: ਕੇਂਦਰੀ ਮੰਤਰੀ ਬੀਬੀ ਬਾਦਲ ਨੂੰ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਨ ਦੀ ਮੰਗ ਉੱਠੀ ਬੀਬੀ ਬਾਦਲ ਤੇ ਸਿਰੋਪਾਓ ਦਾ ਅਪਮਾਨ ਵਾਲੇ ਨੂੰ ਅਕਾਲ ਤਖ਼ਤ ਸਾਹਿਬ ’ਤੇ ਤਲਬ ਕੀਤਾ ਜਾਵੇ: ਬੀਰਦਵਿੰਦਰ ਸਿੰਘ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੂਨ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਅੱਜ ਆਪਣੇ ਕਿਸੇ ਜਾਣਕਾਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਸਿਰੋਪਾਓ ਦਿਵਾਉਣ ਅਤੇ ਸਬੰਧਤ ਵਿਅਕਤੀ ਵੱਲੋਂ ਤੁਰੰਤ ਸਿਰੋਪਾਓ ਆਪਣੇ ਗਲੇ ’ਚੋਂ ਲਾਹ ਦੇਣ ਦਾ ਮਾਮਲਾ ਕਾਫੀ ਭਖ ਗਿਆ ਹੈ। ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅੱਜ ਸਵੇਰੇ ਜਦੋਂ ਭਾਈ ਰਣਧੀਰ ਸਿੰਘ ਬਿਲਾਵਲ ਰਾਗ ਦੀ ਚੌਂਕੀ ਲਗਾ ਰਹੇ ਸਨ ਤਾਂ ਇਸ ਦੌਰਾਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਆਪਣੇ ਲਾਮ-ਲਸ਼ਕਰ ਸਮੇਤ ਗੁਰੂਘਰ ਨਤਮਸਤਕ ਹੋਣ ਲਈ ਪੁੱਜੇ ਸਨ। ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਵਿੱਚ ਸਿਰੋਪਾਓ ਬਖ਼ਸ਼ਿਸ਼ ਕੀਤਾ ਗਿਆ। ਉਨ੍ਹਾਂ ਨੇ ਉੱਥੇ ਰੁਕ ਕੇ ਦਰਬਾਰ ਸਾਹਿਬ ਦੇ ਗ੍ਰੰਥੀਆਂ ਨੂੰ ਇਕ ਹੋਰ ਵਿਅਕਤੀ ਜੋ ਉਨ੍ਹਾਂ ਦੇ ਨਾਲ ਹੀ ਆਏ ਸਨ, ਨੂੰ ਵੀ ਸਿਰੋਪਾਓ ਬਖ਼ਸ਼ਿਸ਼ ਕਰਨ ਲਈ ਇਸ਼ਾਰਾ ਕੀਤਾ, ਕੁਝ ਪਲ ਦੀ ਉਡੀਕ ਤੋਂ ਬਾਅਦ ਉਸ ਵਿਅਕਤੀ ਨੂੰ ਵੀ ਸੰਗਤ ’ਚੋਂ ਅੱਗੇ ਬੁਲਾ ਕੇ ਸਿਰੋਪਾਓ ਦਿੱਤਾ ਗਿਆ। ਉਸ ਵੇਲੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਦਾਰੀ ਵਿੱਚ ਬੈਠੇ ਚੌਰ ਸਾਹਿਬ ਦੀ ਸੇਵਾ ਕਰ ਰਹੇ ਸਨ। ਬੀਰਵਿੰਦਰ ਸਿੰਘ ਨੇ ਕਿਹਾ ਕਿ ਹੁਣ ਸਿੱਖ ਸੰਗਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਕੋਲੋਂ ਇਹ ਜਾਣਨਾ ਚਾਹੁੰਦੀ ਹੈ ਕਿ ਜਦੋਂ ਵੀ ਬੀਬੀ ਬਾਦਲ ਹੋਰ ਲੱਖਾਂ ਸਿੱਖ ਸ਼ਰਧਾਲੂਆਂ ਵਾਂਗ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਹਨ ਤਾਂ ਕੀ ਹਰ ਵਾਰ ਹੀ ਉਨ੍ਹਾਂ ਨੂੰ ਸਿਰੋਪਾਓ ਬਖ਼ਸ਼ਿਸ਼ ਕਰਨਾ ਜ਼ਰੂਰੀ ਹੈ? ਇਸ ਬਜਰ ਅਵੱਗਿਆ ਦਾ ਕਾਰਨ ਸੰਗਤਾਂ ਨੂੰ ਦੱਸਿਆ ਜਾਵੇ? ਦੂਜਾ ਜਿਸ ਵਿਅਕਤੀ ਨੂੰ ਕੇਂਦਰੀ ਮੰਤਰੀ ਨੇ ਸਿਰਪਾਓ ਦੀ ਬਖ਼ਸ਼ਿਸ਼ ਕਰਵਾਈ ਹੈ, ਉਹ ਕੌਣ ਸੀ? ਦੁੱਖ ਦੀ ਗੱਲ ਇਹ ਹੈ ਕਿ ਸਬੰਧਤ ਵਿਅਕਤੀ ਨੇ ਅਪਮਾਨ ਕੀਤਾ ਅਤੇ ਉਸੇ ਵੇਲੇ ਦਰਬਾਰ ਸਾਹਿਬ ਦੇ ਅੰਦਰ ਹੀ ਆਪਣੇ ਗਲੇ ’ਚੋਂ ਉਤਾਰ ਕੇ ਗੁੱਛਾ ਕਰਕੇ ਮੁੱਠੀ ਵਿੱਚ ਫੜ ਲਿਆ ਜਿਵੇਂ ਭਲਵਾਨਾਂ ਦੀ ਛਿੰਝ ਦੀ ਝੰਡੀ ਦਾ ਪਟਕਾ ਹੋਵੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਅਜਿਹਾ ਦੇਖਣ ਵਿੱਚ ਆਇਆ ਸੀ ਕਿ ਜਦੋਂ ਬੀਬੀ ਬਾਦਲ ਦਰਬਾਰ ਸਾਹਿਬ ਮੱਥਾ ਟੇਕਣ ਲਈ ਆਏ ਤਾਂ ਉਸ ਵੇਲੇ ਸ੍ਰੀ ਦਰਬਾਰ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਭਾਈ ਜਗਤਾਰ ਸਿੰਘ (ਲੁਧਿਆਣੇ ਵਾਲੇ) ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਦਾਰੀ ਵਿੱਚ ਬੈਠੇ ਚੌਰ ਸਾਹਿਬ ਦੀ ਸੇਵਾ ਕਰ ਰਹੇ ਸਨ ਜੋ ਬੀਬੀ ਬਾਦਲ ਨੂੰ ਦੇਖਦਿਆਂ ਹੀ ਉਸਦੇ ਸਨਮਾਨ ਵਿੱਚ ਉੱਠ ਕੇ ਖੜ੍ਹੇ ਹੋ ਗਏ ਅਤੇ ਉਨ੍ਹਾਂ ਨੂੰ ਦੂਰੋਂ ਹੀ ਸਿਰ ਨਿਵਾ ਕੇ ਨਮਸਕਾਰ ਕੀਤੀ। ਇਹ ਮਾਮਲਾ ਵੀ ਕਾਫੀ ਭਖਿਆ ਸੀ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮੰਗ ਕੀਤੀ ਕਿ ਬੀਬੀ ਬਾਦਲ ਅਤੇ ਸਿਰੋਪਾਓ ਦਾ ਅਪਮਾਨ ਕਰਨ ਵਾਲੇ ਵਿਅਕਤੀ ਨੂੰ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਕੇ ਸਿੱਖ ਰਵਾਇਤਾਂ ਅਨੁਸਾਰ ਦੰਡਿਤ ਕੀਤਾ ਜਾਵੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ