nabaz-e-punjab.com

ਫਰਜ਼ੀ ਟੀ-20 ਮੈਚ: ਮੁਲਜ਼ਮ ਡੰਡੀਵਾਲ ਦੇ ਫਰਜ਼ੀਵਾੜੇ ਬਾਰੇ ਪਹਿਲਾਂ ਤੋਂ ਹੀ ਜਾਣੂ ਸੀ ਬੀਸੀਸੀਆਈ

ਬੀਸੀਸੀਆਈ ਸਮੇਂ ਸਮੇਂ ’ਤੇ ਭਾਰਤੀ ਟੀਮ ਦੇ ਖਿਡਾਰੀਆਂ ਨੂੰ ਕੌਂਸਲਿੰਗ ਰਾਹੀਂ ਕਰਦੀ ਰਹਿੰਦੀ ਸੀ ਸਾਵਧਾਨ

ਪਿੰਡ ਸਵਾੜਾ ਦੇ ਗਰਾਊਂਡ ’ਚ ਖੇਡੇ ਮੈਚ ਦਾ ਸ੍ਰੀਲੰਕਾ ਤੋਂ ਦਿਖਾਇਆ ਸੀ ਆਨਲਾਈਨ ਪ੍ਰਸਾਰਨ

ਨਬਜ਼-ਏ-ਪੰਜਾਬ ਬਿਊਰੋ, ਐਸ.ਏ.ਐਸ. ਨਗਰ (ਮੁਹਾਲੀ), 13 ਜੁਲਾਈ:
ਲਾਂਡਰਾਂ-ਸਰਹਿੰਦ ਮੁੱਖ ਮਾਰਗ ’ਤੇ ਸਥਿਤ ਪਿੰਡ ਸਵਾੜਾ ਦੇ ਗਰਾਊਂਡ ਵਿੱਚ ਫਰਜ਼ੀ ਟੀ-20 ਕ੍ਰਿਕਟ ਮੈਚ ਕਰਵਾ ਕੇ ਕਰੋੜਾ ਦਾ ਸੱਟਾ ਲਗਾਉਣ ਦਾ ਖੁਲਾਸਾ ਹੋਣ ਤੋਂ ਬਾਅਦ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਬੀਸੀਸੀਆਈ ਦੇ ਅਧਿਕਾਰੀ ਮੁੱਖ ਮੁਲਜ਼ਮ ਰਵਿੰਦਰ ਸਿੰਘ ਡੰਡੀਵਾਲ ਵਾਸੀ ਨੌਹਰ (ਰਾਜਸਥਾਨ) ਦੇ ਫਰਜ਼ੀਵਾੜੇ ਬਾਰੇ ਪਹਿਲਾਂ ਤੋਂ ਜਾਣੂ ਸਨ ਅਤੇ ਮੁਲਜ਼ਮ ਦੀ ਹਰੇਕ ਗਤੀਵਿਧੀ ’ਤੇ ਨਜ਼ਰ ਰੱਖੀ ਜਾ ਰਹੀ ਸੀ।
ਮੁਹਾਲੀ ਦੀ ਐਸਪੀ (ਦਿਹਾਤੀ) ਸ੍ਰੀਮਤੀ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਬੀਸੀਸੀਆਈ ਪਹਿਲਾਂ ਤੋਂ ਹੀ ਮੁਲਜ਼ਮ ਡੰਡੀਵਾਲ ਦੇ ਫਰਜ਼ੀਵਾੜੇ ਤੋਂ ਜਾਣੂ ਸੀ। ਇਸ ਸਬੰਧੀ ਬੀਸੀਸੀਆਈ ਦੇ ਨੁਮਾਇੰਦੇ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੂੰ ਡੰਡੀਵਾਲ ਦੀ ਜਾਅਲਸਾਜ਼ੀ ਬਾਰੇ ਅਕਸਰ ਜਾਗਰੂਕ ਕਰਦੇ ਰਹਿੰਦੇ ਸੀ ਅਤੇ ਸਮੇਂ ਸਮੇਂ ’ਤੇ ਖਿਡਾਰੀਆਂ ਦੀ ਕੌਂਸਲਿੰਗ ਦੌਰਾਨ ਡੰਡੀਵਾਲ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਸੀ। ਮੁੱਢਲੀ ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਵੱਖ-ਵੱਖ ਐਪ ਸਮੇਤ ਵੈਬਸਾਈਟਾਂ ਵੱਲੋਂ ਵੀ ਫਰਜ਼ੀ ਮੈਚ ਦਾ ਪ੍ਰਸਾਰਨ ਦਿਖਾਇਆ ਗਿਆ ਸੀ। ਲੇਕਿਨ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਈ ਆਨਲਾਈਨ ਐਪਜ਼ ਤੋਂ ਮੈਚ ਦਾ ਪ੍ਰਸਾਰਨ ਹਟਾ ਦਿੱਤਾ ਗਿਆ ਹੈ। ਪੁਲੀਸ ਇਹ ਵੀ ਪਤਾ ਕਰ ਰਹੀ ਹੈ ਕਿ ਮੁਲਜ਼ਮਾਂ ਨੇ ਕਿੱਥੋਂ ਕਿੱਥੋਂ ਟੂਰਨਾਮੈਂਟ ਸਬੰਧੀ ਬੈਨਰ ਅਤੇ ਮਸ਼ਹੂਰੀ ਬੋਰਡ ਬਣਾਏ ਸੀ।
ਐਸਪੀ ਗਰੇਵਾਲ ਨੇ ਦੱਸਿਆ ਕਿ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਹੁਣ ਤੱਕ ਮੁੱਖ ਮੁਲਜ਼ਮ ਡੰਡੀਵਾਲ ਸਮੇਤ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ। ਜਿਨ੍ਹਾਂ ’ਚੋਂ ਡੰਡੀਵਾਲ ਅਤੇ ਸੋਨੀਪਤ ਤੋਂ ਗ੍ਰਿਫ਼ਤਾਰ ਦੁਰਗੇਸ਼ ਪੁਲੀਸ ਰਿਮਾਂਡ ’ਤੇ ਹਨ ਜਦੋਂਕਿ ਪਹਿਲਾਂ ਪੰਕਜ ਅਰੋੜਾ ਵਿਕਟੋਰੀਆ ਹਾਈਟਸ ਸੁਸਾਇਟੀ ਪੀਰ ਮੁਛੱਲਾ (ਜ਼ੀਰਕਪੁਰ) ਅਤੇ ਰਾਜੇਸ਼ ਗਰਗ ਉਰਫ਼ ਰਾਜੂ ਕਾਲੀਆ ਵਰੀਦਰਾਵਨ ਗਾਰਡਨ ਸੁਸਾਇਟੀ (ਜ਼ੀਰਕਪੁਰ) ਇਸ ਸਮੇਂ ਨਿਆਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਹਨ। ਮੁਲਜ਼ਮ ਦੁਰਗੇਸ਼ ਨੂੰ ਪਿੰਡ ਅਤੇਰਨਾ (ਸੋਨੀਪਤ) ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ’ਤੇ ਫਰਜ਼ੀ ਮੈਚਾਂ ਲਈ ਹਾਈਟੈੱਕ ਕੈਮਰੇ ਮੁਹੱਈਆ ਕਰਵਾਉਣ ਦਾ ਦੋਸ਼ ਹੈ।
ਐਸਪੀ ਗਰੇਵਾਲ ਨੇ ਦੱਸਿਆ ਕਿ ਮੁਲਜ਼ਮ ਦੁਰਗੇਸ਼ ਤੋਂ ਮੈਚ ਖੇਡਣ ਲਈ ਖਿਡਾਰੀਆਂ ਨੂੰ ਦਿੱਤੀਆਂ ਕੁਝ ਜਰਸ਼ੀਆਂ ਅਤੇ ਸਟੰਪਸ ਬਰਾਮਦ ਕੀਤੇ ਗਏ ਹਨ। ਜਰਸ਼ੀਆਂ ’ਤੇ ਸ੍ਰੀਲੰਕਾ ਦੇ ਫਰਜ਼ੀ ਖਿਡਾਰੀਆਂ ਦੇ ਨਾਮ ਲਿਖੇ ਹੋਏ ਹਨ ਜਦੋਂਕਿ ਸਟੰਪਸ ’ਤੇ ਯੂਵੀਏ ਟੀ-20 ਲਿਖਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ 22 ਖਿਡਾਰੀਆਂ ਦੀਆਂ ਦੋ ਟੀਮਾਂ ਬਣਾਈਆਂ ਗਈਆਂ ਸਨ। ਜਿਨ੍ਹਾਂ ’ਚੋਂ ਪਿੰਡ ਚੱਪੜਚਿੜੀ ਦੇ ਚਾਰ ਖਿਡਾਰੀਆਂ ਦੀ ਪਛਾਣ ਕਰਕੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ ਹਨ ਅਤੇ ਬਾਕੀ ਖਿਡਾਰੀਆਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਡੰਡੀਵਾਲ ਫਰਜ਼ੀ ਮੈਚਾਂ ਵਿੱਚ ਹਿੱਸਾ ਲੈਣ ਵਾਲੇ ਬੇਰੁਜ਼ਗਾਰ ਨੌਜਵਾਨਾਂ ਨੂੰ ਇੰਟਰਨੈਸ਼ਨਲ ਮੈਚਾਂ ਵਿੱਚ ਖਿਡਾਉਣ ਦਾ ਲਾਲਚ ਦਿੰਦਾ ਸੀ।
ਪੁਲੀਸ ਦੀ ਮੁੱਢਲੀ ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਡੰਡੀਵਾਲ ਨੇ ਮੈਚ ਦੀ ਕੁਮੈਂਟਰੀ ਲਈ ਇਕ ਵਿਅਕਤੀ ਨੂੰ ਬਾਹਰੋਂ ਸੱਦਿਆ ਗਿਆ ਸੀ ਪ੍ਰੰਤੂ ਫਰਜ਼ੀ ਮੈਚ ਦਾ ਭੇਤ ਖੁੱਲ੍ਹਣ ਦੇ ਡਰੋਂ ਉਸ ਤੋਂ ਕੁਮੈਂਟਰੀ ਨਹੀਂ ਕਰਵਾਈ ਗਈ। ਉਂਜ ਵੀ ਮੈਚ ਖੇਡਣ ਵਾਲੇ ਖਿਡਾਰੀਆਂ ਨੂੰ ਸੱਕ ਹੋ ਗਿਆ ਸੀ ਕਿਉਂਕਿ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਖਾਣਾ ਨਹੀਂ ਪਰੋਸਿਆ ਗਿਆ ਜਦੋਂਕਿ ਕ੍ਰਿਕਟ ਖਿਡਾਰੀਆਂ ਦੀ ਚੰਗੀ ਆਇਓ ਭਗਤ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਵੀਵੀਆਈਪੀ ਟਰੀਟਮੈਂਟ ਦਿੱਤਾ ਜਾਂਦਾ ਹੈ, ਪ੍ਰੰਤੂ ਫਰਜ਼ੀ ਮੈਚ ਖੇਡਣ ਵਾਲੇ ਨੌਜਵਾਨਾਂ ਨਾਲ ਆਮ ਖਿਡਾਰੀਆਂ ਵਰਗਾ ਵਰਤਾਓ ਕੀਤਾ ਗਿਆ ਸੀ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…